ਜਲੰਧਰ(ਮਹੇਸ਼)- ਆਦਮਪੁਰ ਹਲਕੇ ਦੇ ਪਿੰਡ ਢੰਡੋਰ ਵਿਖੇ ਅੱਜ ਦੁਪਹਿਰ ਕਰੀਬ ਇਕ ਵਜੇ ਫੌਜ ਦੇ ਬਣੇ ਹੋਏ ਟਰੇਨਿੰਗ ਕੈਂਪ ਵਿਚ ਫਾਈਰਿੰਗ ਦੀ ਟਰੇਨਿੰਗ ਲਈ ਆਏ 22 ਸਾਲਾ ਇਕ ਜਵਾਨ ਨੇ ਆਪਣੀ ਹੀ ਗੰਨ ਤੋਂ 2 ਗੋਲੀਆਂ ਚਲਾ ਕੇ ਖੁਦਕੁਸ਼ੀ ਕਰ ਲਈ। ਫੌਜ ਦੇ ਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਆਦਮਪੁਰ ਹਲਕੇ ਦੇ ਏ. ਐੱਸ. ਪੀ. ਵਿਵੇਕ ਸੋਨੀ ਆਈ. ਪੀ. ਐੱਸ. ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਮ੍ਰਿਤਕ ਜਵਾਨ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਾਊਂਕੇ ਨੇੜੇ ਸਮਰਾਲਾ ਜ਼ਿਲਾ ਲੁਧਿਆਣਾ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਆਈ. ਪੀ. ਐੱਸ. ਵਿਵੇਕ ਸੋਨੀ ਨੇ ਜਵਾਨ ਗੁਰਵਿੰਦਰ ਵਲੋਂ ਖੁਦਕੁਸ਼ੀ ਕੀਤੇ ਜਾਣ ਬਾਰੇ ਫੌਜ ਦੇ ਉੱਚ ਅਫਸਰਾਂ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਬ੍ਰਿਗੇਡੀਅਰ ਬੀ. ਐੱਸ. ਢਿੱਲੋਂ, ਮੇਜਰ ਐੱਸ. ਆਨੰਦ ਅਤੇ ਕੈਪਟਨ ਆਰ. ਕੇ. ਰਾਣਾ ਤੇ ਹੋਰ ਅਫਸਰ ਵੀ ਢੰਡੋਰ ਸਥਿਤ ਫੌਜ ਦੇ ਟਰੇਨਿੰਗ ਕੈਂਪ ਵਿਚ ਪੁੱਜ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਵੀ ਉਸ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਥਾਣਾ ਪਤਾਰਾ ਦੇ ਮੁਖੀ ਗੁਰਮੀਤ ਸਿੰਘ ਸਿੱਧੂ ਅਤੇ ਥਾਣਾ ਆਦਮਪੁਰ ਦੇ ਮੁਖੀ ਰਾਜੀਵ ਕੁਮਾਰ ਵੀ ਜਾਂਚ ਵਿਚ ਲੱਗੇ ਹੋਏ ਸਨ। ਫੌਜ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਜਵਾਨ ਗੁਰਵਿੰਦਰ ਸਿੰਘ 25 ਮਾਰਚ ਨੂੰ ਢੰਡੋਰ ਸਥਿਤ ਕੈਂਪਸ ਵਿਚ ਫਾਈਰਿੰਗ ਦੀ ਟਰੇਨਿੰਗ ਵਾਸਤੇ ਆਇਆ ਸੀ।
ਮ੍ਰਿਤਕ ਗੁਰਵਿੰਦਰ ਦੇ ਵਿਆਹ ਨੂੰ ਅਜੇ 4 ਮਹੀਨੇ ਵੀ ਪੂਰੇ ਨਹੀਂ ਹੋਏ ਸਨ। ਪੁਲਸ ਤੇ ਫੌਜ ਦੇ ਜਵਾਨ ਤੇ ਅਧਿਕਾਰੀ ਕਾਫੀ ਦੇਰ ਤੱਕ ਜਾਂਚ ਵਿਚ ਲੱਗੇ ਰਹੇ। ਬਾਅਦ ਵਿਚ ਗੁਰਵਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ। ਦੋਵੇਂ ਗੋਲੀਆਂ ਗੁਰਵਿੰਦਰ ਦੀ ਪਿੱਠ 'ਚ ਲੱਗੀਆਂ ਹੋਈਆਂ ਸਨ। ਪੁਲਸ ਦਾ ਮੰਨਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੀ ਗੁਰਵਿੰਦਰ ਦੀ ਮੌਤ ਨੂੰ ਲੈ ਕੇ ਸੱਚਾਈ ਸਾਹਮਣੇ ਆ ਸਕਦੀ ਹੈ। ਆਈ. ਪੀ. ਐੱਸ. ਵਿਵੇਕ ਸੋਨੀ ਨੇ ਕਿਹਾ ਕਿ ਮਾਮਲਾ ਫੌਜ ਪ੍ਰਸ਼ਾਸਨ ਦਾ ਹੈ ਪਰ ਇਸਦੇ ਬਾਵਜੂਦ ਵੀ ਪੁਲਸ ਵਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ।
ਫੌਜ ਨੇ ਦਿੱਤੇ ਅਦਾਲਤੀ ਜਾਂਚ ਦੇ ਹੁਕਮ
ਫੌਜ ਦੇ ਪੀ. ਆਰ. ਓ. ਨਰੇਸ਼ ਵਿੱਗ ਨੇ ਢੰਡੋਰ ਟਰੇਨਿੰਗ ਕੈਂਪ 'ਚ ਆਪਣੀ ਹੀ ਗੰਨ ਦੀਆਂ ਗੋਲੀਆਂ ਨਾਲ ਖੁਦਕੁਸ਼ੀ ਕਰਨ ਵਾਲੇ ਗੁਰਵਿੰਦਰ ਸਿੰਘ ਦੇ ਮਾਮਲੇ 'ਚ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਪਰ ਇਸ ਸੰਬੰਧ 'ਚ ਫੌਜ ਨੇ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਫੌਜ ਆਪਣੇ ਤੌਰ 'ਤੇ ਵੀ ਗੁਰਵਿੰਦਰ ਦੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀ ਸੱਚਾਈ ਜਲਦੀ ਹੀ ਸਾਹਮਣੇ ਲਿਆਂਦੀ ਜਾਵੇਗੀ।
ਦੋਸਤ ਦੀ ਪਤਨੀ ਨੂੰ ਨਹੀਂ ਪਾ ਸਕਿਆ ਤਾਂ ਚੁੱਕਿਆ ਖੌਫਨਾਕ ਕਦਮ...!
NEXT STORY