ਇਕ ਮਿਹਨਤੀ ਤੇ ਈਮਾਨਦਾਰ ਮੁੰਡਾ ਬਹੁਤ ਪੈਸਾ ਕਮਾਉਣਾ ਚਾਹੁੰਦਾ ਸੀ ਕਿਉਂਕਿ ਉਹ ਗਰੀਬ ਸੀ ਅਤੇ ਮੁਸੀਬਤਾਂ ਭਰੀ ਜ਼ਿੰਦਗੀ ਜੀਅ ਰਿਹਾ ਸੀ। ਉਸ ਦਾ ਸੁਪਨਾ ਸੀ ਕਿ ਉਹ ਮਿਹਨਤ ਕਰ ਕੇ ਖੂਬ ਪੈਸੇ ਕਮਾਏ ਅਤੇ ਇਕ ਦਿਨ ਆਪਣੇ ਪੈਸਿਆਂ ਨਾਲ ਕਾਰ ਖਰੀਦੇ। ਜਦੋਂ ਵੀ ਉਹ ਕੋਈ ਕਾਰ ਦੇਖਦਾ ਤਾਂ ਉਸ ਨੂੰ ਆਪਣੀ ਕਾਰ ਖਰੀਦਣ ਦਾ ਦਿਲ ਕਰਦਾ। ਕੁਝ ਸਾਲ ਬਾਅਦ ਉਸ ਦੀ ਚੰਗੀ ਨੌਕਰੀ ਲੱਗ ਗਈ। ਉਸ ਦਾ ਵਿਆਹ ਵੀ ਹੋ ਗਿਆ ਅਤੇ ਕੁਝ ਸਾਲਾਂ ਬਾਅਦ ਉਹ ਇਕ ਬੇਟੇ ਦਾ ਪਿਓ ਵੀ ਬਣ ਗਿਆ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਵੀ ਉਸ ਨੂੰ ਇਕ ਦੁੱਖ ਸਤਾਉਂਦਾ ਸੀ ਕਿ ਉਸ ਕੋਲ ਉਸ ਦੀ ਆਪਣੀ ਕਾਰ ਨਹੀਂ ਸੀ। ਹੌਲੀ-ਹੌਲੀ ਉਸ ਨੇ ਪੈਸੇ ਜੋੜ ਕੇ ਕਾਰ ਖਰੀਦ ਲਈ। ਕਾਰ ਖਰੀਦਣ ਦਾ ਉਸ ਦਾ ਸੁਪਨਾ ਪੂਰਾ ਹੋ ਚੁੱਕਾ ਸੀ ਅਤੇ ਇਸ ਨਾਲ ਉਹ ਬਹੁਤ ਖੁਸ਼ ਸੀ। ਉਹ ਕਾਰ ਦੀ ਵਧੀਆ ਦੇਖਭਾਲ ਕਰਦਾ ਅਤੇ ਉਸ ਵਿਚ ਸ਼ਾਨ ਨਾਲ ਘੁੰਮਦਾ।
ਇਕ ਦਿਨ ਐਤਵਾਰ ਨੂੰ ਉਹ ਕਾਰ ਨੂੰ ਰਗੜ-ਰਗੜ ਕੇ ਧੋ ਰਿਹਾ ਸੀ। ਇਥੋਂ ਤਕ ਕਿ ਉਹ ਗੱਡੀ ਦੇ ਟਾਇਰ ਵੀ ਚਮਕਾ ਰਿਹਾ ਸੀ। ਉਸ ਦਾ 5 ਸਾਲਾ ਬੇਟਾ ਵੀ ਉਸ ਦੇ ਨਾਲ ਸੀ। ਉਹ ਵੀ ਪਿਤਾ ਦੇ ਅੱਗੇ-ਪਿੱਛੇ ਘੁੰਮ ਕੇ ਕਾਰ ਸਾਫ ਹੁੰਦੀ ਦੇਖ ਰਿਹਾ ਸੀ। ਕਾਰ ਧੋਂਦੇ-ਧੋਂਦੇ ਅਚਾਨਕ ਉਸ ਵਿਅਕਤੀ ਨੇ ਦੇਖਿਆ ਕਿ ਉਸ ਦਾ ਬੇਟਾ ਕਾਰ ਦੇ ਬੋਨਟ 'ਤੇ ਕਿਸੇ ਚੀਜ਼ ਨਾਲ ਖੁਰਚ-ਖੁਰਚ ਕੇ ਲਿਖ ਰਿਹਾ ਹੈ। ਇਹ ਦੇਖਦਿਆਂ ਹੀ ਉਸ ਨੂੰ ਬਹੁਤ ਗੁੱਸਾ ਆਇਆ। ਉਹ ਬੇਟੇ ਨੂੰ ਕੁੱਟਣ ਲੱਗਾ। ਉਸ ਨੇ ਬੇਟੇ ਨੂੰ ਇੰਨੀ ਜ਼ੋਰ ਨਾਲ ਮਾਰਿਆ ਕਿ ਉਸ ਦੇ ਹੱਥ ਦੀ ਉਂਗਲ ਹੀ ਟੁੱਟ ਗਈ।
ਅਸਲ ਵਿਚ ਉਹ ਵਿਅਕਤੀ ਆਪਣੀ ਕਾਰ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਬੇਟੇ ਦੀ ਸ਼ਰਾਰਤ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸੀ। ਬਾਅਦ 'ਚ ਜਦੋਂ ਉਸ ਦਾ ਗੁੱਸਾ ਠੰਡਾ ਹੋਇਆ ਤਾਂ ਉਸ ਨੇ ਸੋਚਿਆ ਕਿ ਜਾ ਕੇ ਦੇਖਾਂ ਕਿ ਕਾਰ 'ਤੇ ਕਿੰਨੀ ਕੁ ਝਰੀਟ ਆਈ ਹੈ। ਕਾਰ ਦੇ ਕੋਲ ਜਾ ਕੇ ਦੇਖਣ 'ਤੇ ਉਸ ਦੇ ਹੋਸ਼ ਉੱਡ ਗਏ। ਉਸ ਨੂੰ ਖੁਦ 'ਤੇ ਬਹੁਤ ਗੁੱਸਾ ਆ ਰਿਹਾ ਸੀ। ਉਹ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਕਾਰ 'ਤੇ ਉਸ ਦੇ ਬੇਟੇ ਨੇ ਖੁਰਚ ਕੇ ਲਿਖਿਆ ਸੀ—ਪਾਪਾ, ਆਈ ਲਵ ਯੂ।
ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਬਾਰੇ ਕੋਈ ਗਲਤ ਰਾਇ ਰੱਖਣ ਤੋਂ ਪਹਿਲਾਂ ਜਾਂ ਗਲਤ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਸ ਵਿਅਕਤੀ ਨੇ ਉਹ ਕੰਮ ਕਿਸ ਨੀਅਤ ਨਾਲ ਕੀਤਾ ਹੈ।
ਮੁਕਾਬਲਾ ਹੀ ਜੀਵਨ ਹੈ
NEXT STORY