ਧੂਰੀ (ਸੰਜੀਵ ਜੈਨ) — ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਪਿਤਾ ਅਤੇ ਸਾਬਕਾ ਵਿਧਾਇਕ ਧੂਰੀ ਗਗਨਜੀਤ ਸਿੰਘ ਬਰਨਾਲਾ ਨੇ ਅਕਾਲੀ ਨੇਤਾਵਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਹਲਕੇ ਵਿਚ ਹੀ ਡਟ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਹੈ।
ਗਗਨਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਵੱਡੀ ਗਿਣਤੀ ਵਿਚ ਬਾਹਰੋਂ ਆਏ ਅਕਾਲੀ ਨੇਤਾ ਪਿੰਡ ਦੌਲਤਪੁਰ 'ਚ ਪੈਸੇ ਵੰਡ ਕੇ ਅਤੇ ਹੋਰ ਢੰਗ ਨਾਲ ਵੋਟਰਾਂ ਨੂੰ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਸ ਮੌਕੇ ਉਤੇ ਪੁੱਜੇ ਤਾਂ ਉਹ ਉਥੋਂ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਕਥਿਤ ਤੌਰ 'ਤੇ ਹਲਕੇ ਦੇ ਪਿੰਡ ਕਹੇਰੂ ਆ ਕੇ ਡੇਰਾ ਲਾ ਲਿਆ।
ਗਗਨਜੀਤ ਮੁਤਾਬਕ ਇਸ ਦੀ ਜਾਣਕਾਰੀ ਮਿਲਦੇ ਹੀ ਉਹ ਕਹੇਰੂ ਆ ਗਏ ਅਤੇ ਉਨ੍ਹਾਂ ਇਕ ਕੋਠੀ ਵਿਚ ਵੱਡੀ ਗਿਣਤੀ 'ਚ ਬਾਹਰੀ ਅਕਾਲੀਆਂ ਨੂੰ ਦੇਖਿਆ। ਇਹ ਦੇਖ ਕੇ ਉਨ੍ਹਾਂ ਦੇ ਹਮਾਇਤੀ ਭੜਕ ਗਏ ਅਤੇ ਉਨ੍ਹਾਂ ਉਕਤ ਕੋਠੀ ਦੇ ਗੇਟ ਨੂੰ ਬਾਹਰੋਂ ਕੁੰਡੀ ਲਾ ਕੇ ਉਸ ਦੀ ਸੂਚਨਾ ਸਥਾਨਕ ਪੁਲਸ ਅਧਿਕਾਰੀਆਂ ਨੂੰ ਦਿੱਤੀ।
ਉਨ੍ਹਾਂ ਕਿਹਾ ਕਿ ਪੁਲਸ ਆਉਣ ਤੋਂ ਪਹਿਲਾਂ ਅਕਾਲੀਆਂ ਨੇ ਉਕਤ ਕੋਠੀ ਦੇ ਅੰਦਰੋਂ ਉਨ੍ਹਾਂ ਉਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਹਮਲੇ ਵਿਚ ਨਾ ਸਿਰਫ ਕਈ ਵਰਕਰਾਂ ਦੇ ਸੱਟਾਂ ਲੱਗੀਆਂ, ਸਗੋਂ ਇਸ ਨਾਲ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚੋਣ ਆਬਜ਼ਰਵਰ 'ਤੇ ਵੀ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਚੋਣ ਕਮਿਸ਼ਨਰ ਪੰਜਾਬ ਤੋਂ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ ਹੈ।
ਮੌਕੇ 'ਤੇ ਉਕਤ ਕੋਠੀ ਵਿਚ ਸੁਖਜਿੰਦਰ ਸਿੰਘ, ਜੋ ਖੁਦ ਨੂੰ ਇਕ ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਦੱਸ ਰਿਹਾ ਸੀ, ਦੇ ਨਾਲ ਸੁਖਬੀਰ ਸਿੰਘ ਬਾਲਾ ਚੇਅਰਮੈਨ ਸ਼ੂਗਰਫੈੱਡ, ਨਿਰਮਲ ਸਿੰਘ ਰੱਤਾ, ਬਲਜੀਤ ਸਿੰਘ ਜਫਰਵਾਲ ਸਮੇਤ ਵੱਡੀ ਗਿਣਤੀ 'ਚ ਨੇਤਾ ਮੌਜੂਦ ਸਨ। ਜਦੋਂ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਇਕ ਵਾਰ ਥਾਣੇ ਚੱਲਣ ਅਤੇ ਮਿਲ-ਬੈਠ ਕੇ ਮਾਮਲਾ ਨਿਪਟਾਉਣ ਦੀ ਗੱਲ ਕਹੀ ਤਾਂ ਸੁਖਜਿੰਦਰ ਸਿੰਘ ਨੇ ਕਿਹਾ ਕਿ 'ਫੇਰ ਸਾਡੇ ਪੱਲੇ ਕੀ ਰਹਿ ਜੂ, ਅਜਿਹਾ ਕਰਨ ਨਾਲ ਤਾਂ ਅਕਾਲੀ ਵਰਕਰ ਡੀ-ਮੋਰਲ ਹੋ ਜਾਣਗੇ'।
ਜਸਵਿੰਦਰ ਭੱਲਾ ਨੇ ਇਸ਼ਮੀਤ ਇੰਸਟੀਚਿਊਟ 'ਚ ਸਾਂਝੀਆਂ ਕੀਤੀਆਂ ਕੁਝ ਖਾਸ ਗੱਲਾਂ
NEXT STORY