ਏ. ਟੀ. ਐੱਮ. ਗਾਰਡ ਦਾ ਕਤਲ
ਪਟਿਆਲਾ(ਬਲਜਿੰਦਰ)-ਸ਼ਹਿਰ ਦੇ ਸਰਹਿੰਦ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਦੇ ਏ. ਟੀ. ਐੱਮ. ਗਾਰਡ ਗੁਰਪ੍ਰੀਤ ਸਿੰਘ (35) ਵਾਸੀ ਨਿਊ ਗਰੀਨ ਪਾਰਕ ਕਾਲੋਨੀ ਨੂੰ ਬੀਤੀ ਰਾਤ ਲੁਟੇਰਿਆਂ ਨੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇੰਨਾ ਹੀ ਨਹੀਂ ਲੁਟੇਰਿਆਂ ਨੇ ਏ. ਟੀ. ਐੱਮ. ਮਸ਼ੀਨ ਨੂੰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲ ਨਹੀਂ ਹੋ ਸਕੇ। ਗਾਰਡ ਦਾ ਕਤਲ ਬੇਸਬਾਲ ਦੇ ਬੈਟ ਅਤੇ ਲੋਹੇ ਦੀ ਰਾਡਾਂ ਮਾਰ-ਮਾਰ ਕੇ ਕੀਤਾ ਗਿਆ, ਜਿਸ ਦੀ ਲਾਸ਼ ਏ. ਟੀ. ਐੱਮ. ਦੇ ਨਾਲ ਗਾਰਡ ਦੇ ਬੈਠਣ ਲਈ ਬਣੇ ਕੈਬਿਨ ਵਿਚੋਂ ਖੂਨ ਨਾਲ ਲੱਥਪੱਥ ਬਰਾਮਦ ਹੋਈ। ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ, ਐੱਸ. ਪੀ. (ਡੀ) ਜਸਕਿਰਨਜੀਤ ਸਿੰਘ ਤੇਜਾ, ਡੀ. ਐੱਸ. ਪੀ. ਸਿਟੀ-1 ਹਰਪਾਲ ਸਿੰਘ ਅਤੇ ਡੀ. ਐੱਸ. ਪੀ. ਸਿਟੀ-2 ਗੁਰਦੀਪ ਸਿੰਘ ਧਾਲੀਵਾਲ ਆਪਣੀਆਂ ਟੀਮਾਂ ਸਮੇਤ ਮੌਕੇ 'ਤੇ ਪਹੁੰਚ ਗਏ। ਨਾਲ ਹੀ ਡਾਗ ਸਕੁਐਡ ਵੀ ਬੁਲਾ ਲਏ ਗਏ। ਪੁਲਸ ਨੇ ਮੌਕੇ 'ਤੇ ਸਬੂਤ ਜੁਟਾਉਣ ਦੀ ਕੋਸ਼ਿਸ਼ ਕੀਤੀ। ਏ. ਟੀ. ਐੱਮ. ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਸਮੁੱਚੀਆਂ ਵੀਡੀਓ ਰਿਕਾਰਡਿੰਗਾਂ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ। ਫਿਲਹਾਲ ਇਸ ਸਬੰਧੀ ਅਧਿਕਾਰਿਤ ਤੌਰ 'ਤੇ ਪਟਿਆਲਾ ਪੁਲਸ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਐੱਸ. ਪੀ. (ਡੀ) ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਬਹੁਤ ਜਲਦ ਹੀ ਕਾਤਲ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲੈਣਗੇ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਤਕਰੀਬਨ 2 ਤੋਂ 3 ਵਜੇ ਦੇ ਵਿਚਕਾਰ ਦੀ ਹੈ ਕਿਉਂਕਿ 12.35 ਵਜੇ ਤੱਕ ਗਾਰਡ ਦੇ ਕੋਲ ਪੀ. ਸੀ. ਆਰ. ਦੀ ਟੀਮ ਬੈਠ ਕੇ ਗਈ ਸੀ। ਇਸ ਤੋਂ ਬਾਅਦ ਹੀ ਲੁਟੇਰੇ ਆਏ ਅਤੇ ਉਨ੍ਹਾਂ ਨੇ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਗਾਰਡ ਦਾ ਕਤਲ ਕਰਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਮੂੰਹ ਢੱਕ ਕੇ ਆਏ ਸਨ ਅਤੇ ਆ ਕੇ ਏ. ਟੀ. ਐੱਮ. ਲੁੱਟਣ ਦੀ ਨੀਅਤ ਨਾਲ ਗਾਰਡ ਦਾ ਕਤਲ ਕਰ ਦਿੱਤਾ।
ਲੁਟੇਰਿਆ ਨੇ ਏ. ਟੀ. ਐੱਮ. ਪਹਿਲਾਂ ਬੇਸਬਾਲ ਨਾਲ ਭੰਨਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਟੁੱਟਿਆਂ ਤਾਂ ਏ. ਟੀ. ਐੱਮ. ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ। ਜਾਂਚ ਦੇ ਲਈ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਬਿਕਰਮਜੀਤ ਸਿੰਘ ਬਰਾੜ, ਸੀ. ਆਈ. ਏ. ਸਟਾਫ ਰਾਜਪੁਰਾ ਦੇ ਇੰਚਾਰਜ ਦਵਿੰਦਰ ਅਤਰੀ, ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਟਿਵਾਣਾ, ਐੱਸ. ਐੱਚ. ਓ. ਕੋਤਵਾਲੀ ਜੀ. ਐੱਸ. ਸਿਕੰਦ, ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਰਾਜੇਸ਼ ਛਿੱਬਰ ਵੀ ਪਹੁੰਚੇ ਹੋਏ ਸਨ।
ਦੋ ਮਹੀਨੇ ਪਹਿਲਾਂ ਹੀ ਲੱਗਿਆ ਸੀ ਸਕਿਓਰਿਟੀ ਗਾਰਡ
ਕਤਲ ਕੀਤਾ ਸਕਿਓਰਿਟੀ ਗਾਰਡ ਗੁਰਪ੍ਰੀਤ ਸਿੰਘ ਦੋ ਮਹੀਨੇ ਪਹਿਲਾਂ ਹੀ ਬੱਚਿਆਂ ਦੀ ਫੀਸ ਭਰਨ ਲਈ ਸਕਿਓਰਿਟੀ ਗਾਰਡ ਲੱਗਿਆ ਸੀ। ਦਿਨ ਦੇ ਸਮੇਂ ਕਿਤੇ ਹੋਰ ਕੰਮ ਕਰਦਾ ਸੀ ਅਤੇ ਰਾਤ ਨੂੰ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ। ਦੋ ਮਹੀਨੇ ਪਹਿਲਾਂ ਹੀ ਬੱਚਿਆਂ ਦੀ ਫੀਸ ਭਰਨ ਲਈ ਉਸ ਨੇ ਰਾਤ ਨੂੰ ਸਕਿਓਰਿਟੀ ਗਾਰਡ ਦਾ ਕੰਮ ਸ਼ੁਰੂ ਕੀਤਾ ਸੀ। ਉਸ ਨੂੰ ਨਹੀਂ ਸੀ ਪਤਾ ਕਿ ਇਹ ਨੌਕਰੀ ਉਸ ਦੇ ਲਈ ਕਾਲ ਸਾਬਤ ਹੋਵੇਗੀ। ਗੁਰਪ੍ਰੀਤ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਹਨ।
ਪੁਲਸ ਨੇ ਜਾਰੀ ਕੀਤੀਆਂ ਸ਼ੱਕੀ ਤਸਵੀਰਾਂ
ਸਰਹਿੰਦ ਰੋਡ ਸਥਿਤ ਏ. ਟੀ. ਐੱਮ. ਗਾਰਡ ਦੇ ਕਤਲ ਦੇ ਮਾਮਲੇ ਵਿਚ ਪੁਲਸ ਨੇ ਸ਼ੱਕੀ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ ਦੇ ਨਾਲ-ਨਾਲ ਇਕ ਸੀ. ਸੀ. ਟੀ. ਵੀ². ਕੈਮਰੇ ਦੀ ਫੁਟੇਜ ਵੀ ਜਨਤਕ ਕੀਤੀ ਹੈ। ਪੁਲਸ ਦੀ ਕੋਸ਼ਿਸ਼ ਹੈ ਕਿ ਸ਼ੱਕੀ ਵਿਅਕਤੀਆਂ ਰਾਹੀਂ ਜਲਦ ਕਾਤਲਾਂ ਤੱਕ ਪਹੁੰਚਿਆ ਜਾ ਸਕਦਾ ਹੈ।
ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ ਲਾਏ ਕਾਂਗਰਸ 'ਤੇ ਜਾਸੂਸੀ ਦੇ ਦੋਸ਼
NEXT STORY