ਆਕਲੈਂਡ (ਜੁਗਰਾਜ ਸਿੰਘ ਮਾਨ)-ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਦੇ ਮੈਦਾਨ 'ਚ ਨਿਊਜ਼ੀਲੈਂਡ ਵੁਮੈਨ ਕਬੱਡੀ ਫ਼ੈਡਰੇਸ਼ਨ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਭਾਰਤੀ ਕੁੜੀਆਂ ਨੇ ਜਿੱਤ ਹਾਸਲ ਕੀਤੀ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਭਾਰਤ ਦੀ ਟੀਮ 'ਬੀ' ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤ ਲਿਆ। ਦੂਜਾ ਮੈਚ ਨਿਊਜ਼ੀਲੈਂਡ ਦੀ ਟੀਮ ਅਤੇ ਭਾਰਤ ਦੀ ਟੀਮ 'ਏ' ਵਿਚਕਾਰ ਹੋਇਆ, ਜਿਸ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ।
ਦੱਸਣਯੋਗ ਹੈ ਕਿ ਲੰਘੇ ਵਿਸ਼ਵ ਕਬੱਡੀ ਕੱਪ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਕੋਚ ਤਾਰਾ ਸਿੰਘ ਬੈਂਸ ਦੀ ਅਗਵਾਈ 'ਚ ਪੰਜਾਬ 'ਚ ਜਾ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਤਾਰਾ ਸਿੰਘ ਬੈਂਸ ਦੇ ਸੱਦੇ 'ਤੇ ਨਿਊਜ਼ੀਲੈਂਡ ਵੁਮੈਨ ਕਬੱਡੀ ਫ਼ੈਡਰੇਸ਼ਨ ਦੇ ਪ੍ਰਬੰਧਾਂ ਹੇਠ ਹੋਣ ਵਾਲੇ ਕਬੱਡੀ ਮੈਚਾਂ 'ਚ ਸ਼ਾਮਲ ਹੋਣ ਲਈ ਲਗਭਗ ਇਕ ਮਹੀਨਾ ਪਹਿਲਾਂ ਭਾਰਤੀ ਕੁੜੀਆਂ ਦੀ ਕਬੱਡੀ ਟੀਮ ਆਪਣੇ ਕੋਚ ਕੁਲਵਿੰਦਰ ਸਿੰਘ ਨਾਲ ਨਿਊਜ਼ੀਲੈਂਡ ਪਹੁੰਚੀ ਸੀ।
ਕਬੱਡੀ ਮੈਚਾਂ ਦੀ ਸਮਾਪਤੀ ਤੋਂ ਬਾਅਦ ਪੰਜਾਬੀ ਦੇ ਮਸ਼ਹੂਰ ਫ਼ਨਕਾਰ ਸਰਬਜੀਤ ਚੀਮਾ ਅਤੇ ਰਣਜੀਤ ਰਾਣਾ ਨੇ ਗੀਤਾਂ ਦੀ ਮਹਿਫ਼ਲ ਲਗਾਈ।ਇਨ੍ਹਾਂ ਕਬੱਡੀ ਟੂਰਨਾਮੈਂਟਾਂ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਣ ਵਿਚ ਸੁਪਰੀਮ ਸਿੱਖ ਸੁਸਾਇਟੀ ਦਾ ਭਰਵਾਂ ਯੋਗਦਾਨ ਰਿਹਾ।
ਵਿਸਾਖੀ ਦਾ ਦਿਹਾੜਾ ਨਿਊਜ਼ੀਲੈਂਡ 'ਚ ਸ਼ਰਧਾ ਨਾਲ ਮਨਾਇਆ
NEXT STORY