ਪੁਲਸ ਨੇ ਵਧਾਈ 2 ਮੁੱਖ ਸ਼ਹਿਰਾਂ ਦੀ ਸੁਰੱਖਿਆ
ਕਪੂਰਥਲਾ, (ਭੂਸ਼ਣ)- ਗੁਰਦਾਸਪੁਰ 'ਚ ਇਕ ਸ਼ਿਵ ਸੈਨਾ ਨੇਤਾ 'ਤੇ ਕੁਝ ਵਿਅਕਤੀਆਂ ਵਲੋਂ ਕੀਤੇ ਗਏ ਕਾਤਿਲਾਨਾ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਨਾਲ ਨਿਪਟਣ ਲਈ ਜ਼ਿਲਾ ਪੁਲਸ ਨੇ ਐਤਵਾਰ ਨੂੰ ਸੁਰੱਖਿਆ ਦੇ ਨਜ਼ਰੀਏ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਦੋ ਪ੍ਰਮੁੱਖ ਸ਼ਹਿਰਾਂ ਕਪੂਰਥਲਾ ਤੇ ਫਗਵਾੜਾ 'ਚ ਜਿਥੇ ਭਾਰੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕਰ ਦਿੱਤੀ, ਉਥੇ ਹੀ ਹਾਲਾਤ ਨੂੰ ਕਾਬੂ 'ਚ ਰੱਖਣ ਦੇ ਮਕਸਦ ਨਾਲ ਫਗਵਾੜਾ 'ਚ ਐੱਸ. ਐੱਸ. ਪੀ. ਆਸ਼ੀਸ਼ ਚੌਧਰੀ ਨੇ ਪੂਰਾ ਦਿਨ ਮੌਜੂਦ ਰਹਿ ਕੇ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ। ਕਪੂਰਥਲਾ ਸ਼ਹਿਰ 'ਚ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਨੇ ਪੁਲਸ ਟੀਮਾਂ ਨਾਲ ਮੌਜੂਦ ਰਹਿ ਕੇ ਹਾਲਾਤ 'ਤੇ ਨਜ਼ਰ ਰੱਖੀ। ਜਿਸ ਦੌਰਾਨ ਐਤਵਾਰ ਨੂੰ ਪੂਰਾ ਦਿਨ ਜ਼ਿਲੇ 'ਚ ਕਿਸੇ ਵੀ ਸਥਾਨ 'ਤੇ ਕੋਈ ਅਣਸੁਖਾਵੀਂ ਘਟਨਾ ਦੇਖਣ ਨੂੰ ਨਹੀਂ ਮਿਲੀ। ਗੌਰਤਲਬ ਹੈ ਕਿ ਐਤਵਾਰ ਦੀ ਸਵੇਰ ਗੁਰਦਾਸਪੁਰ 'ਚ ਕੁਝ ਵਿਅਕਤੀਆਂ ਨੇ ਸ਼ਿਵ ਸੈਨਾ ਨੇਤਾ 'ਤੇ ਫਾਇਰਿੰਗ ਕਰ ਦਿੱਤੀ ਸੀ। ਜਿਸ ਕਾਰਨ ਉਕਤ ਨੇਤਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਲੈ ਕੇ ਪੂਰੇ ਪੰਜਾਬ 'ਚ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਮਿਲੇ ਆਦੇਸ਼ਾਂ ਤੋਂ ਬਾਅਦ ਐਤਵਾਰ ਨੂੰ ਸਵੇਰੇ ਤੋਂ ਹੀ ਹਰਕਤ 'ਚ ਆਈ ਕਪੂਰਥਲਾ ਪੁਲਸ ਨੇ ਐੱਸ. ਐੱਸ. ਪੀ. ਆਸ਼ੀਸ਼ ਚੌਧਰੀ ਦੀ ਅਗਵਾਈ 'ਚ ਫਗਵਾੜਾ 'ਚ ਡੇਰਾ ਜਮਾ ਕੇ ਹਾਲਾਤ ਦਾ ਜਾਇਜ਼ਾ ਲਿਆ। ਜਿਸ ਦੌਰਾਨ ਐੱਸ. ਐੱਸ. ਪੀ. ਆਸ਼ੀਸ਼ ਚੌਧਰੀ ਨਾਲ ਐੱਸ. ਪੀ. ਫਗਵਾੜਾ ਰਾਜੇਸ਼ਵਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਇਸੇ ਤਰਜ਼ 'ਤੇ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਤਹਿਤ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਦੀ ਅਗਵਾਈ 'ਚ ਕਪੂਰਥਲਾ ਦੇ ਡੀ. ਐੱਸ. ਪੀ. ਸਬ ਡਵੀਜ਼ਨ ਮਹਿੰਦਰ ਸਿੰਘ ਦੀ ਅਗਵਾਈ 'ਚ ਐੱਸ. ਐੱਚ. ਓ. ਸਿਟੀ ਇੰਸਪੈਕਟਰ ਅਸ਼ਵਨੀ ਕੁਮਾਰ, ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਜੰਗ ਬਹਾਦੁਰ ਸ਼ਰਮਾ ਨਾਲ ਭਾਰੀ ਗਿਣਤੀ 'ਚ ਪੁਲਸ ਜਵਾਨਾਂ ਨੇ ਸ਼ਹਿਰ ਦੇ ਕਚਹਿਰੀ ਚੌਕ, ਮਾਲ ਰੋਡ, ਡੀ. ਸੀ. ਚੌਕ ਤੇ ਕਰਤਾਰਪੁਰ ਰੋਡ 'ਤੇ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨਾਲ ਚੈਕਿੰਗ ਮੁਹਿੰਮ ਨੂੰ ਛੇੜ ਕੇ ਵੱਡੀ ਗਿਣਤੀ 'ਚ ਵਾਹਨਾਂ ਦੀ ਚੈਕਿੰਗ ਕੀਤੀ ਤੇ ਕਈ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ 'ਤੇ ਉਨ੍ਹਾਂ ਦੇ ਚਲਾਨ ਵੀ ਕੱਟੇ। ਇਸ ਦੌਰਾਨ ਬੱਸ ਸਟੈਂਡ 'ਤੇ ਘੁੰਮਣ ਵਾਲੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਜਿਸ ਕਾਰਨ ਜ਼ਿਲੇ ਦੇ ਦੋਵੇਂ ਮੁੱਖ ਵੱਡੇ ਸ਼ਹਿਰਾਂ ਕਪੂਰਥਲਾ ਤੇ ਫਗਵਾੜਾ 'ਚ ਹਾਲਾਤ ਪੂਰੀ ਤਰ੍ਹਾਂ ਕਾਬੂ 'ਚ ਰਹੇ।
ਕਸ਼ਮੀਰ 'ਚ 5 ਸਾਲਾਂ ਲਈ ਰਾਸ਼ਟਰਪਤੀ ਰਾਜ ਲਾਗੂ ਹੋਵੇ : ਬਿੱਟਾ
NEXT STORY