ਪੰਜਾਬ ਦੀ ਪਵਿੱਤਰ ਧਰਤੀ 'ਤੇ ਮਹਾਨ ਤੋਂ ਮਹਾਨ ਸੰਤ ਹੋਏ ਹਨ, ਜਿਨ੍ਹਾਂ ਦੀ ਕ੍ਰਿਪਾ ਨਾਲ ਪੰਜਾਬ ਜੈਨ ਸੰਘ ਹਮੇਸ਼ਾ ਵਧਿਆ-ਫੁੱਲਿਆ ਹੈ। ਇਨ੍ਹਾਂ ਸੰਤਾਂ ਦੀ ਮਾਲਾ ਵਿਚ ਸ਼੍ਰੀ ਪ੍ਰੇਮ ਚੰਦ ਜੀ ਮਹਾਰਾਜ ਜੀ ਦਾ ਵਿਲੱਖਣ ਸਥਾਨ ਹੈ। ਉਨ੍ਹਾਂ ਦੇ ਪਵਿੱਤਰ ਨਾਂ ਦਾ ਜਾਪ ਕਰਦਿਆਂ ਹੀ ਅੱਖਾਂ ਦੇ ਸਾਹਮਣੇ ਇਕ ਅਜਿਹੀ ਵਿਰਾਟ ਸ਼ਖਸੀਅਤ ਉੱਭਰ ਆਉਂਦੀ ਹੈ, ਜਿਨ੍ਹਾਂ ਦੇ ਜੀਵਨ ਦਾ ਟੀਚਾ 'ਬਹੁਜਨ ਹਿਤਾਏ-ਬਹੁਜਨ ਸੁਖਾਏ' ਰਿਹਾ ਹੈ। ਪੰਜਾਬ ਕੇਸਰੀ ਸ਼੍ਰੀ ਪ੍ਰੇਮ ਚੰਦ ਜੀ ਦਾ ਜਨਮ ਤਤਕਾਲੀ ਪੰਜਾਬ, ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਇਕ ਪਿੰਡ ਵਿਚ ਹੋਇਆ। ਜਦੋਂ ਉਨ੍ਹਾਂ ਪ੍ਰਵਚਨ ਦੇਣੇ ਸ਼ੁਰੂ ਕੀਤੇ ਤਾਂ ਆਪਣੀ ਬਾਣੀ ਰਾਹੀਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਧਰਮ ਨਾਲ ਜੋੜਿਆ ਅਤੇ ਇਕ ਮੁਨੀ ਦੇ ਰੂਪ ਵਿਚ ਬਹੁਤ ਲੋਕਪ੍ਰਿਅਤਾ ਪ੍ਰਾਪਤ ਕੀਤੀ। 3 ਕਰਣ, 3 ਯੋਗ ਦੇ ਅਨੁਸ਼ਾਸਨ ਦੀ ਦ੍ਰਿੜ੍ਹ ਮਹੱਤਤਾ ਸਥਾਪਿਤ ਕੀਤੀ। ਕੁਰੀਤੀਆਂ ਵਿਰੁੱਧ ਲਗਾਤਾਰ ਵਿਰੋਧਤਾ ਜਾਰੀ ਰੱਖੀ। ਉਹ ਇਸ ਯੁੱਗ ਦੇ ਮਹਾਨ ਬੁਲਾਰੇ ਸਨ। ਉਨ੍ਹਾਂ ਦੀ ਬੋਲਣ ਸ਼ਕਤੀ ਵਿਲੱਖਣ ਸੀ। ਉਨ੍ਹਾਂ ਦੀ ਬਾਣੀ 'ਚੋਂ ਪਿਆਰ ਦੀ ਵਰਖਾ ਹੁੰਦੀ ਸੀ। ਉਹ ਆਪਣੀ ਬਾਣੀ ਦੇ ਜਾਦੂਗਰ ਸਨ। ਉਹ ਜਦੋਂ ਬੋਲਦੇ ਸਨ ਤਾਂ ਸ਼ੇਰ ਦੀ ਤਰ੍ਹਾਂ ਗਰਜਦੇ ਸਨ। ਉਨ੍ਹਾਂ ਦੀ ਇਸੇ ਮਹਾਨਤਾ ਕਾਰਨ ਭਾਰਤ ਵਿਚ ਪੰਜਾਬ ਕੇਸਰੀ ਦੇ ਉਪ ਨਾਂ ਨਾਲ ਉਹ ਪ੍ਰਸਿੱਧ ਹੋਏ। ਉਨ੍ਹਾਂ ਦੀ ਸਰੀਰਕ ਬਣਤਰ ਵੀ ਅਜਿਹੀ ਸੀ ਕਿ ਉਹ ਬਿਨਾਂ ਕਹੇ ਅਤੇ ਬਿਨਾਂ ਕੁਝ ਦੱਸੇ ਹੀ ਪੰਜਾਬ ਕੇਸਰੀ ਸਨ। ਲੰਬਾ ਕੱਦ, ਸੁੱਘੜ ਸਰੀਰ, ਕੰਨਾਂ ਨਾਲ ਸਿੱਧੀ ਦਿਲ ਵਿਚ ਉਤਰ ਜਾਣ ਵਾਲੀ ਆਵਾਜ਼ ਅਤੇ ਤੇਜ਼ ਤਰਾਰ ਅੱਖਾਂ ਇਹ ਸਭ ਉਨ੍ਹਾਂ ਨੂੰ ਪੰਜਾਬ ਕੇਸਰੀ ਕਹਿਣ ਨੂੰ ਮਜਬੂਰ ਕਰਦੀਆਂ ਸਨ।
ਪੰਜਾਬ ਮੁਨੀ ਸੰਘ ਦੇ ਉਪ ਪ੍ਰਧਾਨ ਦੇ ਰੂਪ ਵਿਚ ਉਨ੍ਹਾਂ ਨੇ ਸੋਜਤ, ਪਿਨਾਸਰ, ਸਾਧੜੀ ਸਾਧੂ ਸੰਮੇਲਨਾਂ ਵਿਚ ਸਰਗਰਮ ਹਿੱਸਾ ਲੈ ਕੇ ਸਰਵ ਭਾਰਤੀ ਸ਼੍ਰਮਣ ਸੰਘ ਦੇ ਨਿਰਮਾਣ ਵਿਚ ਸਭ ਤੋਂ ਵੱਧ ਹਿੱਸਾ ਪਾਇਆ। ਪੰਜਾਬ ਭੂਸ਼ਨ ਸ਼੍ਰੀ ਪ੍ਰੇਮ ਚੰਦ ਜੀ ਦੇ ਵਿਅਕਤੀਤਵ ਵਿਚ ਕਈ ਅਨੋਖੇ ਗੁਣ ਸਮਾਏ ਹੋਏ ਸਨ। ਮੁਨੀ ਅਤੇ ਸਿੰਘ ਦੋਵਾਂ ਦੇ ਗੁਣ ਉਨ੍ਹਾਂ ਵਿਚ ਬਿਰਾਜਮਾਨ ਸਨ। ਮਹਾਰਾਜ ਜੀ ਨਿਡਰ ਵਿਅਕਤੀਤਵ ਦੇ ਧਨੀ ਮਹਾਪੁਰਸ਼ ਸਨ। ਉਹ 55 ਸਾਲਾਂ ਤੱਕ ਆਗਮਬਾਣੀ ਨੂੰ ਜਨ ਜਨ ਤੱਕ ਪਹੁੰਚਾਉਂਦੇ ਰਹੇ। ਲੱਖਾਂ ਵਿਅਕਤੀਆਂ ਨੂੰ ਉਨ੍ਹਾਂ ਨੇ ਧਰਮ ਨਾਲ ਜੋੜਿਆ। ਆਪ ਨੇ ਸਮਾਜ ਵਿਚ ਫੈਲੀਆਂ ਕਈ ਕੁਰੀਤੀਆਂ, ਨਸ਼ੇ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਅਤੇ ਪ੍ਰੇਮ ਵੈਜੀਟੇਰੀਅਨ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ 8 ਜਨਵਰੀ 1974 ਦਿੱਲੀ ਕਰੋਲ ਭਾਗ (ਪ੍ਰੇਮ ਭਵਨ) ਵਿਚ ਸਰੀਰ ਤਿਆਗ ਕੇ ਦੇਵ ਲੋਕ ਵਿਚ ਬਿਰਾਜਮਾਨ ਹੋਏ।
— ਪੇਸ਼ਕਸ਼ : ਦੇਵੇਂਦਰ ਭੂਪੇਸ਼ ਜੈਨ, ਲੁਧਿਆਣਾ।
ਬਾਣੀ ਭਗਤ ਕਬੀਰ ਜੀ
NEXT STORY