ਭੁੱਚੋ ਮੰਡੀ, (ਨਾਗਪਾਲ)— ਸੂਬੇ ਵਿਚ ਭਾਵੇਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਵਲੋਂ ਕਣਕ ਦੀ ਖਰੀਦ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰਾਂ ਅਤੇ ਮੰਡੀ ਯਾਰਡਾਂ ਵਿਚ ਅਜੇ ਤਕ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਅਨਾਜ ਮੰਡੀ ਵਿਚ ਸਫਾਈ ਦਾ ਅਤਿ ਬੁਰਾ ਹਾਲ ਹੈ, ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਸ਼ੂਆਂ ਲਈ ਆਰਾਮਘਰ ਬਣੀ ਹੋਈ ਹੈ।
ਪੱਤਰਕਾਰਾਂ ਦੀ ਟੀਮ ਨੇ ਮੰਡੀ ਯਾਰਡਾਂ ਦਾ ਦੌਰਾ ਕਰਕੇ ਦੇਖਿਆ ਕਿ ਪਲਾਟਾਂ ਵਿਚਲੇ ਪਿਆਓ ਬੰਦ ਪਏ ਹਨ। ਮਹੇਸ਼ਵਰੀ ਪਲਾਟ ਵਿਚ ਲੱਗੇ ਪਿਆਓ ਦੇ ਵਾਟਰ ਕੂਲਰ ਦੀ ਟੂਟੀ ਟੁੱਟੀ ਪਈ ਹੈ ਅਤੇ ਪਾਣੀ ਲੀਕ ਹੋਣ ਕਰਕੇ ਚਿੱਕੜ ਹੋ ਰਿਹਾ ਹੈ। ਇਸ ਵਾਟਰ ਕੂਲਰ ਦੀ ਟੈਂਕੀ ਦੀ ਸਫਾਈ ਤਕ ਨਹੀਂ ਕੀਤੀ ਗਈ। ਜਿਸ ਕਾਰਨ ਇਸ ਵਿਚੋਂ ਪਾਣੀ ਪੀਣ ਵਾਲਾ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਭੁੱਚੋ ਖੁਰਦ ਦੇ ਕਿਸਾਨ ਨਛੱਤਰ ਸਿੰਘ ਨੇ ਕਿਹਾ ਕਿ ਉਹ 2 ਦਿਨ ਤੋਂ ਮੰਡੀ ਵਿਚ ਕਣਕ ਲੈ ਕੇ ਆਇਆ ਹੈ ਪਰ ਖਰੀਦ ਸ਼ੁਰੂ ਨਾ ਹੋਣ ਕਰਕੇ ਉਹ ਮੰਡੀ ਵਿਚ ਹੀ ਬੈਠਣ ਲਈ ਮਜ਼ਬੂਰ ਹੈ। ਉਸ ਨੇ ਕਿਹਾ ਕਿ ਅਨਾਜ ਮੰਡੀ ਵਿਚ ਫੈਲੀ ਗੰਦਗੀ ਉਡ ਕੇ ਕਣਕ ਵਿਚ ਮਿਲ ਰਹੀ ਹੈ ਜਿਸ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਸਹੂਲਤਾਂ ਮੁਹੱਈਆ ਨਾ ਕਰਵਾਏ ਜਾਣ ਕਰਕੇ
ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਮਜ਼ਦੂਰ ਆਗੂ ਮੁਨਸ਼ੀ ਰਾਮ, ਬਿੱਲੂ ਰਾਮ, ਕਾਲਾ ਸਿੰਘ, ਤੇਲੂ ਰਾਮ, ਸ਼ਾਮ ਲਾਲ, ਸ਼ੀਸ਼ੂ ਰਾਮ ਨੇ ਕਿਹਾ ਕਿ ਅਨਾਜ ਮੰਡੀ ਵਿਚ ਲੈਟਰੀਨਾਂ ਨਾ ਹੋਣ ਕਰਕੇ ਕਿਸਾਨਾਂ, ਮਜ਼ਦੂਰਾਂ ਖਾਸ ਕਰਕੇ ਔਰਤਾਂ ਨੂੰ ਬੇਹੱਦ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਹਿਲਾਂ ਅਨਾਜ ਮੰਡੀ ਦੇ ਇਕ ਪਲਾਟ ਵਿਚ ਲੈਟਰੀਨਾਂ ਬਣੀਆਂ ਹੋਈਆਂ ਸਨ ਪਰ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਢਾਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੰਡੀ ਬੋਰਡ ਨੇ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸੀਜ਼ਨ ਦੌਰਾਨ ਆਰਜ਼ੀ ਪ੍ਰਬੰਧ ਹੀ ਕਰ ਦਿੱਤਾ ਜਾਵੇ।
ਕੀ ਕਹਿਣਾ ਹੈ ਸਕੱਤਰ ਮਾਰਕੀਟ ਕਮੇਟੀ ਦਾ : ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਵੈਸੇ 4 ਦਿਨ ਪਹਿਲਾਂ ਉਨ੍ਹਾਂ ਦਾ ਤਬਾਦਲਾ ਹੋ ਗਿਆ ਹੈ ਅਤੇ ਨਵੇਂ ਸਕੱਤਰ ਨੇ ਅਜੇ ਜੁਆਇੰਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰਾਂ 'ਤੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ, ਜਦੋਂ ਉਨ੍ਹਾਂ ਦਾ ਧਿਆਨ ਮੰਡੀ ਦੀ ਅਨਾਜ ਮੰਡੀ ਵਿਚਲੀ ਗੰਦਗੀ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ ਤੋਂ ਮੁਲਾਜ਼ਮਾਂ ਦੀ ਡਿਊਟੀ ਵਿਸਾਖੀ ਕਰਕੇ ਤਲਵੰਡੀ ਸਾਬੋ ਲੱਗੀ ਹੋਈ ਹੈ ਅਤੇ ਕੱਲ ਤੋਂ ਉਹ ਉਥੋਂ ਰਿਲੀਵ ਹੋ ਜਾਣਗੇ ਅਤੇ ਰਹਿੰਦੀ ਸਫਾਈ ਕਰਵਾ ਦਿੱਤੀ ਜਾਵੇਗੀ।
ਬੁਢਲਾਡਾ (ਬਾਂਸਲ) ਹਾੜ੍ਹੀ ਦੀ ਫਸਲ ਦੀ ਆਮਦ ਨੂੰ ਲੈ ਕੇ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਮੰਡੀਆਂ ਵਿਚ ਸੁੱਟਣੀ ਸ਼ੁਰੂ ਕਰ ਦਿੱਤੀ ਹੈ ਪਰ ਮਾਰਕੀਟ ਕਮੇਟੀ ਵਲੋਂ ਪੁਖਤਾ ਪ੍ਰਬੰਧ ਕਿੱਤੇ ਵੀ ਨਜ਼ਰ ਨਹੀਂ ਆ ਰਹੇ। ਸ਼ਹਿਰ ਦੀ ਅਨਾਜ ਮੰਡੀ ਵਿਚ ਗੰਦਗੀ ਦੇ ਢੇਰਾਂ ਕਾਰਨ ਕਿਸਾਨ ਬਦਬੂਦਾਰ ਮਾਹੌਲ ਵਿਚ ਬੈਠਣ ਲਈ ਬੇਬੱਸ ਹੈ। ਅਨਾਜ ਮੰਡੀ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਵੀ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਕੁਮਾਰ ਗੁਰਨੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਸਹੂਲਤਾਂ ਅਤੇ ਖ੍ਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।
ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ
NEXT STORY