ਚੰਡੀਗੜ੍ਹ (ਰਾਏ)-ਮਨੀਮਾਜਰਾ 'ਚ ਆਵਾਰਾ ਕੁੱਤੇ ਦੇ ਕੱਟੇ ਜਾਣ ਨਾਲ ਜਿਸ 6 ਸਾਲ ਦੀ ਬੱਚੀ ਸਾਦੀਆ ਦੀ ਬੀਤੀ ਰਾਤ ਪੀ. ਜੀ. ਆਈ. ਵਿਚ ਮੌਤ ਹੋ ਗਈ ਸੀ, ਨੂੰ ਅੱਜ ਖੇਤਰ ਦੇ ਕਬਰਿਸਤਾਨ ਵਿਚ ਦਫ਼ਨਾਇਆ ਗਿਆ। ਇਸ ਮੌਕੇ ਮੇਅਰ ਪੂਨਮ ਸ਼ਰਮਾ ਸਮੇਤ ਖੇਤਰੀ ਕੌਂਸਲਰ ਗੁਰਚਰਨ ਦਾਸ ਕਾਲਾ, ਕੌਂਸਲਰ ਸ਼ਗੁਫਤਾ, ਰਾਜਿੰਦਰ ਕੌਰ ਰੱਤੂ ਤੇ ਸਾਦੀਆ ਦੇ ਰਿਸ਼ਤੇਦਾਰ ਤੇ ਨਗਰ ਨਿਗਮ ਦੇ ਐੱਮ. ਓ. ਐੱਚ. ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਮੈਂ ਆਪਣਾ ਸਭ ਕੁਝ ਗਵਾ ਦਿੱਤਾ
ਸਾਦੀਆ ਦੀ ਮਾਂ ਇਮਰਾਨਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਖਰੀ ਉਮੀਦ ਨਾਲ ਸਭ ਕੁਝ ਗਵਾ ਦਿੱਤਾ ਹੈ। ਇਮਰਾਨਾ ਮਨੀਮਾਜਰਾ ਦੇ ਸ਼ਾਂਤੀ ਨਗਰ ਵਿਚ ਇਕ ਕਮਰੇ 'ਚ ਆਪਣੀ ਬੱਚੀ ਨਾਲ ਇਕੱਲੀ ਰਹਿੰਦੀ ਸੀ। ਉਸ ਨੇ ਦੱਸਿਆ ਕਿ ਆਵਾਰਾ ਕੁੱਤੇ ਦੇ ਕੱਟੇ ਜਾਣ ਤੋਂ ਇਕ ਦਿਨ ਪਹਿਲਾਂ ਹੀ ਸਾਦੀਆ ਨੇ ਆਪਣੇ ਸਕੂਲ ਦਾ ਨਤੀਜਾ ਦਿਖਾਇਆ ਸੀ, ਜਿਸ ਵਿਚ ਉਸ ਨੇ ਸਾਰੇ ਹੀ ਵਿਸ਼ਿਆਂ ਵਿਚ ਏ-ਵਨ ਗ੍ਰੇਡ ਹਾਸਲ ਕੀਤਾ ਸੀ। ਸਾਦੀਆ ਪੁਲਸ ਅਫ਼ਸਰ ਬਣਨਾ ਚਾਹੁੰਦੀ ਸੀ। ਇਮਰਾਨਾ ਦੀਆਂ 2 ਲੜਕੀਆਂ ਸਨ ਪਰ 6 ਸਾਲ ਪਹਿਲਾਂ ਜਦ ਉਸ ਦਾ ਆਪਣੇ ਪਤੀ ਨੌਸ਼ਾਦ ਨਾਲ ਤਲਾਕ ਹੋ ਗਿਆ ਸੀ ਤਾਂ ਇਕ ਲੜਕੀ ਨੌਸ਼ਾਦ ਲੈ ਗਿਆ ਸੀ। ਇਮਰਾਨਾ ਵੱਖ-ਵੱਖ ਘਰਾਂ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ।
ਸਾਦੀਆ ਦੀ ਅੰਟੀ ਨੇ ਦੱਸਿਆ ਕਿ ਸਾਦੀਆ ਦਾ ਆਪਣੀ ਮਾਂ ਨਾਲ ਬਹੁਤ ਲਗਾਅ ਸੀ ਤੇ ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਉਸ ਦੀ ਮਾਂ ਹਮੇਸ਼ਾ ਉਸ ਨੂੰ ਇਕ ਚੰਗਾ ਅਧਿਕਾਰੀ ਬਣਿਆ ਦੇਖਣਾ ਚਾਹੁੰਦੀ ਸੀ। ਸਾਦੀਆ ਦੇ ਅੰਕਲ ਰਿਜ਼ਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਵਾਰਾ ਕੁੱਤੇ ਦੇ ਹੋਣ ਦੀ ਸੈਂਕੜੇ ਵਾਰ ਨਿਗਮ ਨੂੰ ਸ਼ਿਕਾਇਤ ਦਿੱਤੀ ਸੀ ਪਰ ਨਿਗਮ ਵਲੋਂ ਉਨ੍ਹਾਂ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਮਨੀਮਾਜਰਾ ਦੇ ਕੌਂਸਲਰ ਗੁਰਚਰਨ ਦਾਸ ਕਾਲਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਖੇਤਰ 'ਚੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦਾ ਕਦੇ ਯਤਨ ਨਹੀਂ ਕੀਤਾ, ਜੇਕਰ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਅਮਲ ਕੀਤਾ ਜਾਂਦਾ ਤਾਂ ਬੱਚੀ ਅੱਜ ਜ਼ਿੰਦਾ ਹੁੰਦੀ।
ਮੇਅਰ ਨੇ ਮਾਰੇ ਸਾਦੀਆ ਦੇ ਪਿਤਾ ਨੂੰ ਥੱਪੜ
ਮੇਅਰ ਪੂਨਮ ਸ਼ਰਮਾ ਨੇ ਮ੍ਰਿਤਕਾ ਸਾਦੀਆ ਦੇ ਪਿਤਾ ਨੌਸ਼ਾਦ ਨੂੰ 3 ਥੱਪੜ ਮਾਰੇ। ਨੌਸ਼ਾਦ ਪੀੜਤਾ ਦੇ ਘਰ ਦੇ ਬਾਹਰ ਸ਼ਰਾਬ ਪੀ ਕੇ ਗਲਤ ਬੋਲ ਰਿਹਾ ਸੀ। ਜਦ ਮੇਅਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਹ ਚੁੱਪ ਨਹੀਂ ਹੋਇਆ ਤਾਂ ਮੇਅਰ ਨੇ ਗੁੱਸੇ ਵਿਚ ਆ ਕੇ ਉਸ ਦੇ 3 ਥੱਪੜ ਮਾਰ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਨੌਸ਼ਾਦ ਮਨੀਮਾਜਰਾ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਨੌਸ਼ਾਦ ਨੂੰ ਇਸ ਲਈ ਥੱਪੜ ਮਾਰਿਆ ਕਿਉਂਕਿ ਉਹ ਔਰਤਾਂ ਨਾਲ ਅਭੱਦਰ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ।
ਕਿਰਨ ਖੇਰ ਨੇ ਕੀਤੀ 3 ਲੱਖ ਮੁਆਵਜ਼ੇ ਦੀ ਮੰਗ
ਨਗਰ ਸੰਸਦ ਮੈਂਬਰ ਕਿਰਨ ਖੇਰ ਨੇ ਮ੍ਰਿਤਕਾ ਦੀ ਮਾਂ ਇਮਰਾਨਾ ਲਈ ਪ੍ਰਸ਼ਾਸਨ ਤੋਂ 3 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨ ਨੇ ਪ੍ਰਸ਼ਾਸਕ ਦੇ ਸਲਾਹਕਾਰ ਤੇ ਹੋਮ ਸੈਕਟਰੀ ਨਾਲ ਇਸ ਸਬੰਧੀ ਗੱਲ ਕੀਤੀ। ਦੱਸਿਆ ਗਿਆ ਕਿ ਪ੍ਰਸ਼ਾਸਨ ਵਲੋਂ ਇਮਰਾਨਾ ਲਈ ਇਕ ਲੱਖ ਰੁਪਏ ਦੇ ਮੁਆਵਜ਼ੇ ਦਾ ਫੈਸਲਾ ਲਿਆ ਗਿਆ ਸੀ ਪਰ ਕਿਰਨ ਨੇ ਇਸ ਰਾਸ਼ੀ ਨੂੰ ਵਧਾ ਕੇ 3 ਲੱਖ ਰੁਪਏ ਕਰਨ ਦੀ ਮੰਗ ਕੀਤੀ। ਕਿਰਨ ਨੇ ਇਮਰਾਨਾ ਨਾਲ ਫੋਨ 'ਤੇ ਗੱਲ ਕੀਤੀ, ਇਸ ਦੌਰਾਨ ਇਮਰਾਨਾ ਨੇ ਕਿਰਨ ਖੇਰ ਨੂੰ ਮਨੀਮਾਜਰਾ ਦੇ ਹੀ ਕਿਸੇ ਸਕੂਲ ਵਿਚ ਨੌਕਰੀ ਲਗਾ ਦੇਣ ਦੀ ਮੰਗ ਕੀਤੀ। ਕਿਰਨ ਖੇਰ ਨੇ ਇਮਰਾਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮਾਮਲੇ ਵਿਚ ਜ਼ਰੂਰ ਕੋਸ਼ਿਸ਼ ਕਰੇਗੀ। ਉਧਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਸੂਦ ਨੇ ਵੀ ਹੋਮ ਸੈਕਟਰੀ ਤੋਂ ਇਮਰਾਨਾ ਲਈ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ, ਜਿਸ 'ਤੇ ਹੋਮ ਸੈਕਟਰੀ ਨੇ ਸੂਦ ਨੂੰ ਕਿਹਾ ਕਿ ਉਹ ਸਦਨ ਤੋਂ ਮੁਆਵਜ਼ੇ ਦੀ ਰਾਸ਼ੀ ਪਾਸ ਕਰਵਾ ਕੇ ਪ੍ਰਸ਼ਾਸਨ ਨੂੰ ਭੇਜੇ, ਉਸ ਮਗਰੋਂ ਹੀ ਫੈਸਲਾ ਲਿਆ ਜਾਵੇਗਾ। ਸੂਦ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਵਿਚ ਹੋਰ ਡਿਸਪੈਂਸਰੀਆਂ ਖੋਲ੍ਹੇ ਜਾਣ ਦੀ ਵੀ ਮੰਗ ਕੀਤੀ। ਘੱਟ ਤੋਂ ਘੱਟ ਇਕ ਡਿਸਪੈਂਸਰੀ ਨੂੰ 24 ਘੰਟੇ ਖੋਲ੍ਹੇ ਰੱਖਣ ਦੀ ਮਨਜ਼ੂਰੀ ਵੀ ਮਿਲਣੀ ਚਾਹੀਦੀ ਹੈ। ਕੁੱਤਿਆਂ ਦੇ ਕੱਟੇ ਜਾਣ ਦੇ ਇਲਾਜ ਲਈ ਮਨੀਮਾਜਰਾ ਸੈਕਟਰ-50 ਤੇ 15 ਵਿਚ 3 ਡਿਸਪੈਂਸਰੀਆਂ ਨੂੰ ਜਲਦੀ ਹੀ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਡਿਸਪੈਂਸਰੀਆਂ ਵਿਚ ਹਿਊਮਨ ਸਿਰਮ ਰਿਜ਼ਰਵ ਰੱਖਿਆ ਜਾਵੇਗਾ ਤਾਂ ਕਿ ਲੋਕਾਂ ਨੂੰ ਇਸ ਸਿਰਮ ਲਈ ਭਟਕਣਾ ਨਾ ਪਵੇ।
ਮੇਅਰ ਨੇ ਪਰਿਵਾਰ ਲਈ ਕੀਤੀ ਮੁਆਵਜ਼ੇ ਦੀ ਮੰਗ
ਮੇਅਰ ਪੂਨਮ ਸ਼ਰਮਾ ਨੇ ਯੂ. ਟੀ. ਦੇ ਪ੍ਰਸ਼ਾਸਕ ਕਪਤਾਨ ਸਿੰਘ ਸੋਲੰਕੀ ਤੋਂ ਸਾਦੀਆ ਦੀ ਮਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਮੇਅਰ ਨੇ ਕਿਹਾ ਕਿ ਸਾਦੀਆ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਤੇ ਉਸ ਦੀ ਵਿੱਤੀ ਸਥਿਤੀ ਤਰਸਯੋਗ ਹੈ। ਖੇਤਰ ਤੇ ਉਸ ਦੇ ਆਸ-ਪਾਸ ਦੇ ਆਵਾਰਾ ਕੁੱÎਤਿਆਂ ਦੇ ਸਬੰਧ 'ਚ ਮੇਅਰ ਨੇ ਦੱਸਿਆ ਕਿ ਮਨੀਮਾਜਰਾ, ਮੌਲੀ ਜਾਗਰਾਂ ਤੇ ਨਾਲ ਲੱਗਦੇ ਖੇਤਰਾਂ ਦੇ 503 ਕੁੱਤਿਆਂ ਨੂੰ ਇੰਜੈਕਸ਼ਨ ਲਗਾਏ ਜਾਣ ਦਾ ਕੰਮ ਇਸੇ ਮਹੀਨੇ ਚਲਾਉਣਗੇ ਤੇ ਐਂਟੀ ਰੈਬੀਜ਼ ਵੈਕਸੀਨੇਸ਼ਨ ਡਰਾਈਵ ਦੇ ਤਹਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੱਜ ਇਥੋਂ 30 ਕੁੱÎਤਿਆਂ ਨੂੰ ਫੜ ਕੇ ਸੈਕਟਰ-38 ਦੇ ਸੈਂਟਰ ਵਿਚ ਸਟੇਰੇਲਾਈਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿਗਮ ਮਨੀਮਾਜਰਾ ਤੇ ਨਾਲ ਲੱਗਦੇ ਇਲਾਕਿਆਂ ਵਿਚ ਆਵਾਰਾ ਕੁੱਤਿਆਂ ਦੀ ਸਟੇਰੇਲਾਈਜ਼ੇਸ਼ਨ 'ਤੇ ਵੱਧ ਧਿਆਨ ਦੇਵੇਗਾ। ਉਨ੍ਹਾਂ ਦੱਸਿਆ ਕਿ ਸੈਕਟਰ-19 ਡਿਸਪੈਂਸਰੀ ਦੇ ਡਾਕਟਰ ਤੇ ਸੰਬੰਧਿਤ ਸਟਾਫ਼ ਖੇਤਰ ਦੇ ਉਨ੍ਹਾਂ ਸਾਰੇ ਲੋਕਾਂ ਵਿਸ਼ੇਸ਼ ਤੌਰ 'ਤੇ ਬੱਚਿਆਂ ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਨੇ ਕੱਟਿਆ ਸੀ, ਘਰ ਵਿਚ ਜਾ ਕੇ ਜਾਂਚ ਕਰੇਗੀ ਤੇ ਇੰਜੈਕਸ਼ਨ ਲਗਾਉਣਗੇ।
ਪਰਿਵਾਰ ਨੂੰ ਅਦਾਲਤ ਤੋਂ ਮਿਲਿਆ 8 ਲੱਖ ਰੁਪਏ ਦਾ ਮੁਆਵਜ਼ਾ
NEXT STORY