ਫ਼ਰੀਦਕੋਟ (ਹਾਲੀ)-ਫਰੀਦਕੋਟ ਜ਼ਿਲੇ ਦੇ ਪਿੰਡ ਸਾਧਾਂਵਾਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਇਕ ਪਰਿਵਾਰ ਵਿਸਾਖੀ ਮਨਾਉਣ ਲਈ ਜਥੇ ਸਮੇਤ ਪਾਕਿਸਾਨ ਗਿਆ ਸੀ ਪਰ ਉੱਥੇ ਸ਼ੱਕੀ ਹਾਲਾਤ 'ਚ ਗਾਇਬ ਹੋ ਗਿਆ। ਇਸ ਤੋਂ ਬਾਅਦ ਦੇਸ਼ ਭਰ ਦੀਆਂ ਏਜੰਸੀਆਂ ਇਸ ਦੀ ਤਫਤੀਸ਼ ਵਿਚ ਜੁੱਟ ਗਈਆਂ ਹਨ।
ਜ਼ਿਲਾ ਫਰੀਦਕੋਟ ਦੀ ਪੁਲਸ ਨੇ ਵੀ ਇਸ ਦੀ ਸੂਹ ਲਗਾਉਣ ਲਈ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਨਿਵਾਸੀਆਂ ਤੋਂ ਜਾਣਕਾਰੀ ਹਾਸਲ ਕੀਤੀ। ਡੀ. ਐੱਸ. ਪੀ. ਵਿਸ਼ਾਲਜੀਤ ਸਿੰਘ ਨੇ ਟੀਮ ਸਮੇਤ ਪਿੰਡ ਦਾ ਦੌਰਾ ਕੀਤਾ ਅਤੇ ਗਾਇਬ ਪਰਿਵਾਰ ਦੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਗਾਇਬ ਹੋਏ ਪਰਿਵਾਰ ਦੇ ਨਾਂ 'ਤੇ ਨੀਲਾ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਬੱਚੇ ਦਾ ਜਨਮ ਸਰਟੀਫਿਕੇਟ ਮਿਲੇ।
ਜ਼ਿਲਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਸ਼ੱਕ ਦੇ ਬਿਨ੍ਹਾ 'ਤੇ ਉਸ ਵਿਅਕਤੀ ਵਲੋਂ ਦਿੱਤੇ ਗਏ ਪਤੇ 'ਤੇ ਛਾਣਬੀਣ ਕਰ ਰਹੀਆਂ ਹਨ। ਸੁਨੀਲ ਸਿੰਘ ਪੁੱਤਰ ਗਿਆਨ ਸਿੰਘ ਜਿਸ ਨੇ ਆਪਣੇ ਦਸਤਾਵੇਜ਼ਾਂ 'ਤੇ ਪਿੰਡ ਸਾਧਾਂਵਾਲਾ ਦਾ ਪਤਾ ਦੱਸਿਆ ਹੈ, ਅਸਲੀਅਤ ਵਿਚ ਸੁਨੀਲ ਸਿੰਘ ਪਿੰਡ ਸਾਧਾਂਵਾਲਾ ਦਾ ਵਸਨੀਕ ਹੀ ਨਹੀਂ ਹੈ ਅਤੇ ਨਾ ਹੀ ਉਸ ਬਾਰੇ ਪਿੰਡ ਦੇ ਲੋਕਾਂ ਨੂੰ ਕੋਈ ਖਾਸ ਜਾਣਕਾਰੀ ਹੈ।
ਪਾਕਿਸਤਾਨ ਲੈ ਕੇ ਜਾਣ ਵਾਲੀ ਸੰਸਥਾ ਭਾਈ ਮਰਦਾਨਾ ਸੁਸਾਇਟੀ ਦੇ ਆਗੂ ਜਗਜੀਤ ਸਿੰਘ ਭੁੱਲਰ ਨਾਲ ਗੱਲਬਾਤ ਕਰਨ ਉਪਰੰਤ ਪਤਾ ਚੱਲਿਆ ਕਿ ਸੁਨੀਲ ਸਿੰਘ, ਉਸ ਦੀ ਪਤਨੀ, ਲੜਕਾ ਅਤੇ ਲੜਕੀ ਦਸ ਦਿਨਾਂ ਦੇ ਵੀਜ਼ੇ 'ਤੇ ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਸਨ ਪਰ ਇਹ ਸਾਰਾ ਪਰਿਵਾਰ ਗੁਰਦੁਆਰਾ ਡੇਰਾ ਸਾਹਿਬ ਤੋਂ ਲਾਪਤਾ ਹੋ ਗਿਆ ਹੈ। ਪਾਕਿਸਤਾਨ ਦੀ ਅੰਬੈਂਸੀ ਵਲੋਂ ਜਾਰੀ ਹੋਏ ਵੀਜ਼ੇ ਮੁਤਾਬਿਕ ਸੁਨੀਲ ਸਿੰਘ, ਉਸ ਦੀ ਪਤਨੀ ਸੁਨੀਤਾ ਦੇਵੀ, ਬੇਟੀ ਹੁਮਾ ਕੌਰ ਅਤੇ ਪੁੱਤਰ ਉਮੇਰ ਸਿੰਘ ਨੇ 20 ਅਪ੍ਰੈਲ ਤਕ ਭਾਰਤ ਵਾਪਸ ਮੁੜਨਾ ਸੀ ਪਰ ਉਹ ਨਹੀਂ ਮੁੜੇ।
ਉਨ੍ਹਾਂ ਦੱਸਿਆ ਇਸ ਪਰਿਵਾਰ ਦਾ ਪਾਸਪੋਰਟ ਡੇਰਾ ਸਾਹਿਬ ਗੁਰਦੁਆਰੇ ਜਮ੍ਹਾ ਕਰਵਾਇਆ ਗਿਆ ਸੀ ਅਤੇ ਉਥੇ ਹੀ ਪਿਆ ਹੈ ਅਤੇ ਉਸ ਦਾ ਸਾਮਾਨ ਗੁਰਦੁਆਰਾ ਪੰਜਾ ਸਾਹਿਬ ਤੋਂ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜਥੇ ਵਿਚ ਇਕ ਇਹ ਹਿੰਦੂ ਪਰਿਵਾਰ ਸੀ ਜੋ ਕਿ ਪਾਕਿਸਤਾਨ ਗਿਆ ਸੀ। ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਸੁਨੀਲ ਸਿੰਘ ਬਾਰੇ ਉਹ ਬਹੁਤਾ ਕੁਝ ਨਹੀਂ ਜਾਣਦੇ।
ਡੀ. ਐੱਸ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਉੁਨ੍ਹਾਂ ਨੇ ਸੁਨੀਲ ਸਿੰਘ ਦੇ ਕਮਰੇ ਵਿਚੋਂ ਮਿਲੇ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਸੰਬੰਧੀ ਜਾਂਚ ਕਰਵਾਈ ਜਾਵੇਗੀ। ਉੁਨ੍ਹਾਂ ਦੱਸਿਆ ਕਿ ਇਸ ਦੇ ਦਸਤਾਵੇਜ਼ਾਂ ਲਈ ਸ਼ਨਾਖਤੀ ਅਤੇ ਸਿਫਾਰਸ਼ ਕਰਨ ਵਾਲਿਆਂ ਤੋਂ ਵੀ ਇਸ ਦੀ ਪੁੱਛ-ਪੜਤਾਲ ਕੀਤੀ ਜਾਵੇਗੀ।
ਕੁੜੀਆਂ ਦੇ ਕਾਲਜ ਬਾਰੇ ਅਜਿਹੀ ਗੱਲ ਸੁਣ ਕੇ ਤੁਸੀਂ ਵੀ ਸੋਚੀਂ ਪੈ ਜਾਵੋਗੇ (ਵੀਡੀਓ)
NEXT STORY