ਗੁਰਬਾਣੀ ਦੇ ਪਵਿੱਤਰ ਵਾਕ ਅਨੁਸਾਰ ''ਸੰਤ ਬੜੇ ਪਰਮਾਰਥੀ ਸ਼ੀਤਲ ਜਿਨਕੇ ਅੰਗ, ਤਪਸ਼ ਬੁਝਾਵੈਂ ਔਰੋਂ ਕੀ ਦੇ ਦੇ ਅਪਨਾ ਰੰਗ।'' ਇਹ ਸਤਰਾਂ ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਦੀ ਗੁਰਗੱਦੀ ਪ੍ਰੰਪਰਾ ਦੇ ਤੀਜੇ ਮੁਖੀ ਬ੍ਰਹਮਲੀਨ ਮਹਾਰਾਜ ਬ੍ਰਹਮਾਨੰਦ ਜੀ ਭੂਰੀਵਾਲਿਆਂ (ਗਊਆਂ ਵਾਲਿਆਂ) 'ਤੇ ਢੁਕਦੀਆਂ ਸਨ।
ਇਨ੍ਹਾਂ ਮਹਾਪੁਰਸ਼ਾਂ ਨੇ ਦੇਸ਼ ਦੇ ਜਿਨ੍ਹਾਂ ਖੇਤਰਾਂ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਪੂਰਾ ਨਸੀਬ ਨਹੀਂ ਹੁੰਦਾ ਸੀ, ਦੂਰ-ਦੁਰਾਡੇ ਤਕ ਸਕੂਲ, ਕਾਲਜ ਆਦਿ ਸਿੱਖਿਆ ਦੇ ਸਾਧਨਾਂ ਦਾ ਨਾਮੋ-ਨਿਸ਼ਾਨ ਨਹੀਂ ਸੀ, ਉਨ੍ਹਾਂ ਇਲਾਕਿਆਂ ਵਿਚ ਗੁਰਗੱਦੀ ਪ੍ਰੰਪਰਾ ਅਨੁਸਾਰ ਜਿਥੇ ਅਧਿਆਤਮਕਤਾ ਦਾ ਪ੍ਰਸਾਰ ਕੀਤਾ, ਉਥੇ ਹੀ ਸਕੂਲਾਂ, ਕਾਲਜਾਂ, ਸਿਹਤ ਸੰਸਥਾਵਾਂ ਆਦਿ ਦਾ ਨਿਰਮਾਣ ਕਰਕੇ ਪੱਛੜੇ ਇਲਾਕਿਆਂ 'ਚ ਨਵੀਂ ਸਮਾਜਿਕ ਸੁਧਾਰਾਂ ਦੀ ਕ੍ਰਾਂਤੀ ਲਿਆਂਦੀ। ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਦੇ ਮੋਢੀ ਸੰਤ ਰਤਨ ਮਹਾਰਾਜ ਬ੍ਰਹਮਸਾਗਰ ਜੀ ਭੂਰੀਵਾਲੇ ਸਨ। ਇਨ੍ਹਾਂ ਉਪਰੰਤ ਸੰਪਰਦਾਇ ਗੁਰਗੱਦੀ ਪ੍ਰੰਪਰਾ ਦੇ ਦੂਜੇ ਮੁਖੀ ਮਹਾਰਾਜ ਲਾਲ ਦਾਸ ਜੀ ਭੂਰੀਵਾਲੇ (ਰਕਬਾ ਲੁਧਿਆਣਾ) ਸਨ।
ਮਹਾਰਾਜ ਰਕਬੇ ਵਾਲਿਆਂ ਲਾਲ ਦਾਸ ਜੀ ਭੂਰੀਵਾਲਿਆਂ ਨੇ ਗੁਰਗੱਦੀ ਪ੍ਰੰਪਰਾ ਦੇ ਤੀਜੇ ਮੁਖੀ ਮਹਾਰਾਜ ਬ੍ਰਹਮਲੀਨ ਬ੍ਰਹਮਾਨੰਦ ਜੀ ਭੂਰੀਵਾਲਿਆਂ (ਗਊਆਂ ਵਾਲਿਆਂ) ਨੂੰ ਬਣਾਇਆ ਸੀ, ਜਿਨ੍ਹਾਂ ਦਾ ਜਨਮ ਤਹਿਸੀਲ ਬਲਾਚੌਰ ਦੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੂਹੜਪੁਰ (ਬ੍ਰਹਮਪੁਰੀ) ਵਿਖੇ ਮਾਤਾ ਸ਼੍ਰੀਮਤੀ ਰਾਮਦੇਈ ਪਿਤਾ ਸ਼੍ਰੀ ਧਨੀ ਰਾਮ ਦੇ ਗ੍ਰਹਿ ਵਿਖੇ ਚੇਤ ਮਹੀਨੇ ਦੀ ਮੱਸਿਆ ਵਾਲੇ ਦਿਨ ਹੋਇਆ। ਆਪ ਬਚਪਨ ਤੋਂ ਹੀ ਵਿਲੱਖਣ ਬੁੱਧੀ ਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰਨੀ ਸਨ।
ਆਪ ਦੀ ਉਸਾਰੂ ਸੋਚ ਸਦਕਾ ਹੀ ਗਊਆਂ ਵਾਲਿਆਂ ਨੇ ਉੱਤਰ ਪ੍ਰਦੇਸ਼ ਸੂਬੇ ਦੇ ਬੀਆਬਾਨ ਇਲਾਕਿਆਂ 'ਚ ਜਾ ਕੇ ਹੱਡ-ਭੰਨਵੀਂ ਮਿਹਨਤ ਕਰਕੇ ਹਜ਼ਾਰਾਂ ਏਕੜ ਜ਼ਮੀਨ (ਜੋ ਕਿ ਹੁਣ ਉਤਰਾਂਚਲ ਪ੍ਰਦੇਸ਼ ਦੇ ਨੈਨੀਤਾਲ ਇਲਾਕੇ ਵਿਚ ਹੈ) ਆਬਾਦ ਕੀਤੀ, ਜਿਸ ਨਾਲ ਪੰਜਾਬ ਦੇ ਪੱਛੜੇ ਖੇਤਰਾਂ ਵਿਚੋਂ ਬਹੁ-ਗਿਣਤੀ ਪਰਿਵਾਰਾਂ ਨੂੰ ਲੈ ਕੇ ਰੋਜ਼ੀ-ਰੋਟੀ 'ਤੇ ਲਾਇਆ। ਇਸ ਦੌਰਾਨ ਹੀ ਆਪ ਜੀ ਦੇ ਖੇਤੀਬਾੜੀ ਫਾਰਮ ਪੀਰ ਮਦਾਰਾ (ਨੈਨੀਤਾਲ) ਵਿਖੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਦੇ ਦੂਜੇ ਗੱਦੀਨਸ਼ੀਨ ਬ੍ਰਹਮਲੀਨ ਸ਼ਾਂਤੀ ਸਰੂਪ ਮਹਾਰਾਜ ਲਾਲ ਦਾਸ ਜੀ ਰਕਬੇ ਵਾਲੇ ਅਕਸਰ ਆਇਆ-ਜਾਇਆ ਕਰਦੇ ਸਨ। ਆਪ ਜੀ ਨੇ ਸੰਨ 1962 ਈਸਵੀ 'ਚ ਮਹਾਰਾਜ ਰਕਬੇ ਵਾਲਿਆਂ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਸੰਨਿਆਸ ਧਾਰਨ ਕੀਤਾ। ਕਾਫੀ ਸਮਾਂ ਆਪ ਨੇ ਕਠੋਰ ਸਾਧਨਾ ਤੇ ਤਪ ਅਧਿਆਤਮਕ ਵਿੱਦਿਆ ਆਦਿ ਗ੍ਰਹਿਣ ਕੀਤੀ। ਇਸ ਉਪਰੰਤ ਮਹਾਰਾਜ ਰਕਬੇ ਵਾਲਿਆਂ ਨੇ ਆਪ ਜੀ ਨੂੰ ਗੁਰਗੱਦੀ ਪ੍ਰੰਪਰਾ ਦੇ ਤੀਜੇ ਮੁਖੀ ਵਜੋਂ ਚਾਦਰ ਸੌਂਪੀ ਤੇ ਸੰਪਰਦਾਇ ਦੇ ਮੁਖੀ ਬਣਾਇਆ।
ਮਹਾਰਾਜ ਗਊਆਂ ਵਾਲਿਆਂ ਨੇ ਗਊ ਅੰਦੋਲਨ ਦੌਰਾਨ ਤਿਹਾੜ ਜੇਲ ਵੀ ਕੱਟੀ। ਅਨੇਕਾਂ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ। ਗਊਆਂ ਦੀ ਸੇਵਾ-ਸੰਭਾਲ ਲਈ ਵਿਸ਼ਾਲ ਬਿਲਡਿੰਗਾਂ ਦਾ ਪ੍ਰਬੰਧ ਕੀਤਾ, ਜਿਸ 'ਚੋਂ ਮੁੱਤੋਂ ਮੰਡ (ਬਲਾਚੌਰ) ਇਕ ਆਧੁਨਿਕ ਕਿਸਮ ਦੀ ਗਊਸ਼ਾਲਾ ਮਿਸਾਲ ਹੈ।
ਮਹਾਰਾਜ ਗਊਆਂ ਵਾਲਿਆਂ ਨੇ ਜਿਥੇ ਹਰਿਦੁਆਰ (ਉਤਰਾਂਚਲ ਪ੍ਰਦੇਸ਼) ਵਿਖੇ ਅੰਨ ਭੰਡਾਰ ਚਲਾਏ, ਉਥੇ ਹੀ ਉਸ ਦੇ ਨਾਲ-ਨਾਲ ਪੰਜਾਬ ਦੇ ਅਤਿ ਪੱਛੜੇ ਕੰਢੀ, ਦੂਣੀ, ਬੀਤ ਇਲਾਕਿਆਂ 'ਚ ਪੰਜ ਡਿਗਰੀ ਕਾਲਜ ਸਥਾਪਿਤ ਕੀਤੇ।
ਆਪ ਜੀ ਨੇ ਆਪਣੀ ਗੁਰਗੱਦੀ ਪ੍ਰੰਪਰਾ ਅਨੁਸਾਰ ਹੀ 90 ਦੇ ਦਹਾਕੇ ਵਿਚ ਹੀ ਉੱਚ-ਕੋਟੀ ਦੇ ਸੰਤ-ਮਹਾਪੁਰਸ਼ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਮਹਾਰਾਜ ਭੂਰੀਵਾਲਿਆਂ ਨੂੰ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਚੌਥੇ ਗੁਰਗੱਦੀਨਸ਼ੀਨ ਨਿਯੁਕਤ ਕੀਤਾ ਸੀ। ਇਸ ਦੌਰਾਨ ਹੀ ਮਹਾਰਾਜ ਬ੍ਰਹਮਲੀਨ ਬ੍ਰਹਮਾਨੰਦ ਭੂਰੀਵਾਲੇ ਸਮਾਜ ਦੀ ਮਜ਼ਦੂਰੀ ਕਰਦਿਆਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਾਲੇ ਦਿਨ 1 ਮਈ 2002 ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮਲੀਨ ਹੋ ਗਏ। ਮਹਾਰਾਜ ਗਊਆਂ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਿਆਂ ਗੁਰਗੱਦੀ ਪ੍ਰੰਪਰਾ ਦੀਆਂ ਸਮੁੱਚੀਆਂ ਸੰਗਤਾਂ ਨੇ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਭੂਰੀਵਾਲਿਆਂ (ਮੌਜੂਦਾ ਗੱਦੀਨਸ਼ੀਨ) ਦੀ ਰਹਿਨੁਮਾਈ ਹੇਠ ਜਿਥੇ ਅਧਿਆਤਮਕ ਨਾਮ-ਬਾਣੀ, ਸੇਵਾ-ਸਿਮਰਨ ਦੇ ਧਾਰਨੀ ਬਣੇ, ਉਥੇ ਹੀ ਸਕੂਲਾਂ-ਕਾਲਜਾਂ ਅਤੇ ਵਾਤਾਵਰਣ ਰੱਖਿਆ ਤੇ ਜੰਗਲੀ ਜੀਵਾਂ ਦੇ ਬਚਾਅ ਕਾਰਜਾਂ 'ਚ ਵਡਮੁੱਲਾ ਯੋਗਦਾਨ ਪਾ ਰਹੇ ਹਨ।
ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀਂ ਵੀ ਬ੍ਰਹਮਲੀਨ ਮਹਾਰਾਜ ਬ੍ਰਹਮਾਨੰਦ ਜੀ ਭੂਰੀਵਾਲਿਆਂ ਦਾ ਬਰਸੀ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਬ੍ਰਹਮ ਸਰੂਪ ਧਾਮ ਪੋਜੇਵਾਲ (ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮਾਰਗ) ਅਤੇ 29 ਅਪ੍ਰੈਲ ਨੂੰ ਜਗਤਗੁਰੂ ਆਚਾਰੀਆ ਗਰੀਬਦਾਸੀ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਪ੍ਰਕਾਸ਼ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਮਹਾਰਾਜ ਭੂਰੀਵਾਲੇ ਕਰਨਗੇ ਤੇ 30 ਅਪ੍ਰੈਲ ਨੂੰ ਮੱਧ ਦੇ ਭੋਗ ਪੈਣਗੇ। ਇਸ ਦੌਰਾਨ 29 ਤੇ 30 ਅਪ੍ਰੈਲ ਨੂੰ ਰਾਤਰੀ ਸੰਧਿਆ ਆਰਤੀ ਉਪਰੰਤ ਕੀਰਤਨ ਦਰਬਾਰ ਹੋਵੇਗਾ। 1 ਮਈ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਸੰਪਰਦਾਇ ਦੇ ਮੌਜੂਦਾ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਮਹਾਰਾਜ ਭੂਰੀਵਾਲੇ ਪਾਉਣਗੇ।
— ਪਰਮ ਹਰੀ ਸੌਦਾਗਰ ਬ੍ਰਹਮਪੁਰੀ
ਮਾਤਾ ਬੰਡੇਰੀ ਮੰਦਰ
NEXT STORY