ਹਿਮਾਚਲ ਪ੍ਰਦੇਸ਼ ਦੀ ਕੁਦਰਤੀ ਤੇ ਧਾਰਮਿਕ ਪਛਾਣ ਦੇਸ਼-ਵਿਦੇਸ਼ 'ਚ ਬਣੀ ਹੋਈ ਹੈ। ਇਥੇ ਜ਼ਿੰਦਗੀ ਲਈ ਜ਼ਰੂਰੀ ਹਵਾ-ਪਾਣੀ ਸਾਰਿਆਂ ਲਈ ਸਿਹਤਮੰਦ ਹੈ। ਹਿਮਾਚਲ ਦੇ ਮਸ਼ਹੂਰ ਟੂਰਿਸਟ ਸਥਾਨਾਂ 'ਚ ਸ਼ਿਮਲਾ, ਮਨਾਲੀ, ਧਰਮਸ਼ਾਲਾ ਆਦਿ ਸੰਸਾਰ ਦੇ ਨਕਸ਼ੇ 'ਤੇ ਵੱਖਰੀ ਪਛਾਣ ਰੱਖਦੇ ਹਨ। ਹਿਮਾਚਲ ਪ੍ਰਦੇਸ਼ ਧਾਰਮਿਕ ਸਥਾਨਾਂ, ਮੇਲਿਆਂ ਤੇ ਤਿਉਹਾਰਾਂ ਲਈ ਵੀ ਆਪਣੀ ਖਾਸ ਪਛਾਣ ਰੱਖਦਾ ਹੈ। ਸੂਬੇ ਦੇ ਮੰਡੀ ਜ਼ਿਲੇ 'ਚ ਜੋਗਿੰਦਰ ਨਗਰ ਕਸਬੇ ਦੇ ਨੇੜੇ ਪਹਾੜੀ 'ਤੇ ਸਥਿਤ ਮਾਤਾ ਬੰਡੇਰੀ ਮੰਦਰ ਸਾਰਿਆਂ ਦੀ ਆਸਥਾ ਤੇ ਸ਼ਰਧਾ ਦਾ ਪ੍ਰਤੀਕ ਹੈ। ਬੰਡੇਰੀ ਮਾਤਾ ਮੰਦਰ ਪਹੁੰਚਣ ਦੇ ਮੁੱਖ ਤੌਰ 'ਤੇ ਦੋ ਰਸਤੇ ਹਨ। ਇਕ ਰਸਤਾ ਰਾਸ਼ਟਰੀ ਉੱਚ ਮਾਰਗ 'ਤੇ ਸਥਿਤ ਢੇਲੀ ਨਾਮੀ ਸਥਾਨ ਤੋਂ ਚੜ੍ਹਾਈ ਵਾਲੇ ਰਸਤੇ 'ਤੇ ਇਕ ਘੰਟਾ ਪੈਦਲ ਚੱਲ ਕੇ ਹੈ, ਸੜਕ ਦੇ ਰਸਤਿਓਂ ਪ੍ਰਵੇਸ਼ ਦੁਆਰ ਕੋਲ ਸ਼ਨੀ ਮੰਦਰ ਤੇ ਬਜਰੰਗਬਲੀ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਸਥਾਪਿਤ ਹੈ। ਦੂਸਰਾ ਰਸਤਾ ਸੜਕ ਮਾਰਗ ਜਿਮਜਿਮਾ-ਦੁਲ-ਬਨਾੜ-ਗਲੂ ਤੋਂ 9 ਕਿਲੋਮੀਟਰ ਹੈ। ਬਨਾੜ ਨਾਮੀ ਸਥਾਨ ਆਪਣੀ ਧਾਰਮਿਕ ਪਛਾਣ ਲਈ ਮਸ਼ਹੂਰ ਹੈ। ਲੋਕਾਂ ਮੁਤਾਬਕ ਇਥੇ ਸਥਾਪਿਤ ਬਾਬਾ ਬਾਲਕਨਾਥ ਮੰਦਰ ਤੋਂ ਬਾਬਾ ਜੀ ਮੋਰ ਦੀ ਸਵਾਰੀ ਕਰਕੇ ਦਿਓਟ ਸਿੱਧ ਸਥਾਨ ਨੂੰ ਗਏ ਸਨ।
ਮੌਜੂਦਾ ਸਮੇਂ 'ਚ ਬਨਾੜ ਨਾਮੀ ਸਥਾਨ 'ਚ ਬਾਬਾ ਬਾਲਕਨਾਥ ਮਾਹੂਨਾਗ ਕਮੇਟੀ ਬਨਾੜ ਵਲੋਂ ਵਿਸ਼ਾਲ ਮੰਦਰਾਂ ਬਾਬਾ ਬਾਲਕਨਾਥ ਤੇ ਦੇਵ ਮਾਹੁਨਾਗ ਦਾ ਨਿਰਮਾਣ ਕੀਤਾ ਗਿਆ ਹੈ। ਹਰ ਸਾਲ 4 ਸਤੰਬਰ ਨੂੰ ਜਗਰਾਤਾ ਤੇ ਭੰਡਾਰਾ ਅਤੇ 5 ਸਤੰਬਰ ਨੂੰ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਬੜੀ ਦੂਰ-ਦੂਰ ਤੋਂ ਸ਼ਰਧਾਲੂ ਇਥੇ ਜਲ ਸ੍ਰੋਤ 'ਚ ਇਸ਼ਨਾਨ ਕਰਨ ਆਉਂਦੇ ਹਨ। ਮਾਨਤਾ ਹੈ ਕਿ ਇਥੋਂ ਦਾ ਕੁਦਰਤੀ ਪਾਣੀ ਪੇਟ ਦੀਆਂ ਬੀਮਾਰੀਆਂ ਤੇ ਚਮੜੀ ਰੋਗਾਂ ਲਈ ਫਾਇਦੇਮੰਦ ਹੈ। ਸੜਕ ਮਾਰਗ ਤੋਂ ਅੱਗੇ ਚਲਦਿਆਂ ਪਿੰਡ ਗਲੂ ਆਉਂਦਾ ਹੈ। ਗਲੂ 'ਚ ਸਥਿਤ ਦੇਵ ਗਹਿਰੀ ਸਥਾਨਕ ਲੋਕਾਂ ਦਾ ਇਸ਼ਟ ਦੇਵ ਹੈ। ਗਲੂ ਤੋਂ ਅੱਗੇ ਲੱਗਭਗ ਇਕ ਕਿ. ਮੀ. ਕੱਚਾ ਸੜਕ ਮਾਰਗ ਕਰਣਪੁਰ ਕਿਲੇ ਤਕ ਲੋਕ ਨਿਰਮਾਣ ਵਿਭਾਗ ਵਲੋਂ ਬਣਾਇਆ ਗਿਆ ਹੈ।
ਇਥੋਂ ਮੰਦਰ ਤਕ ਪਹੁੰਚਣ 'ਚ 15-20 ਮਿੰਟ ਲੱਗਦੇ ਹਨ। ਪਹਾੜੀ 'ਤੇ ਸਥਿਤ ਕਿਲਾ ਕਰਣਪੁਰ ਕਾਫੀ ਪ੍ਰਾਚੀਨ ਹੈ ਅਤੇ ਮੌਜੂਦਾ ਸਮੇਂ 'ਚ ਹਿਮਾਚਲ ਸਰਕਾਰ ਤੇ ਪੁਰਾਤੱਤਵ ਵਿਭਾਗ ਨੂੰ ਇਸ ਦੇ ਉਚਿਤ ਰੱਖ-ਰਖਾਅ ਵੱਲ ਧਿਆਨ ਦੇਣ ਦੀ ਲੋੜ ਹੈ। ਮਾਤਾ ਬੰਡੇਰੀ ਮੰਦਰ ਚਾਰੇ ਪਾਸਿਓਂ ਚੀੜ ਤੇ ਦੇਵਦਾਰ ਦੇ ਰੁੱਖਾਂ ਨਾਲ ਘਿਰਿਆ ਇਕ ਸੁੰਦਰ ਸਥਾਨ ਹੈ। ਗਲੂ ਦੇ ਸਥਾਨਕ ਨਿਵਾਸੀ ਸ਼੍ਰੀ ਸ਼੍ਰਵਣ ਸਿੰਘ ਮੁਤਾਬਕ ਪਹਿਲਾਂ ਇਹ ਮੰਦਰ ਛੋਟੇ ਆਕਾਰ ਦਾ ਸੀ ਪਰ ਕੁਝ ਸਾਲਾਂ ਤੋਂ ਮਾਤਾ ਬੰਡੇਰੀ ਮੰਦਰ ਕਿਲਾ ਕਰਣਪੁਰ ਕਮੇਟੀ ਬਣਨ ਨਾਲ ਵੱਖ-ਵੱਖ ਨਿਰਮਾਣ ਕਾਰਜਾਂ 'ਚ ਕਾਫੀ ਤੇਜ਼ੀ ਆਈ ਹੈ। ਕਮੇਟੀ ਦੇ ਲੱਗਭਗ 300 ਮੈਂਬਰ ਹਨ। ਕਮੇਟੀ 5 ਸਾਲਾਂ ਲਈ ਬਣਾਈ ਜਾਂਦੀ ਹੈ, ਜਿਸ ਦੇ 20 ਮੈਂਬਰ ਹਨ। ਮੰਦਰ 'ਚ ਮੌਜੂਦਾ ਸਮੇਂ 'ਚ ਪੁਜਾਰੀ ਸ਼੍ਰੀ ਚੁਨੀ ਲਾਲ ਸ਼ਰਮਾ ਤੇ ਸ਼੍ਰੀ ਕਾਲੀ ਚਰਣ ਸ਼ਰਮਾ ਹਨ।
- ਗੋਪਾਲ ਚੰਦ ਸ਼ਰਮਾ