ਰੋਮ/ਇਟਲੀ (ਕੈਂਥ)-ਪਿਛਲੇ ਕਾਫ਼ੀ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਇਟਲੀ ਸਰਕਾਰ ਨੇ ਉਸ ਫੈਸਲੇ ਦਾ ਐਲਾਨ ਕਰ ਹੀ ਦਿੱਤਾ ਹੈ, ਜਿਸ ਦਾ ਇੰਤਜ਼ਾਰ ਇਟਲੀ 'ਚ ਘੱਟ ਤੇ ਬਾਹਰਲੇ ਮੁਲਕਾਂ ਖਾਸਕਰ ਭਾਰਤ 'ਚ ਜ਼ਿਆਦਾ ਸੀ। ਜੀ ਹਾਂ ਮੌਸਮੀ ਕੰਮਾਂ ਲਈ ਖੇਤੀਬਾੜੀ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਖਿਰਕਾਰ ਗੈਰ ਯੂਰਪੀਅਨ ਮੌਸਮੀ ਕਰਮਚਾਰੀਆਂ ਲਈ ਇਟਲੀ ਨੇ ਦੇਸ਼ 'ਚ ਦਾਖਲੇ ਲਈ ਹਾਂ ਕਰ ਦਿੱਤੀ ਹੈ।
ਦੇਕਰੇਤੋ ਫਲੂਸੀ ਕਾਨੂੰਨ ਅਨੁਸਾਰ 13,000 ਨਵੇਂ ਕਰਮਚਾਰੀਆਂ ਦੀ ਆਮਦ ਲਈ ਹਾਮੀ ਭਰ ਦਿੱਤੀ ਗਈ ਹੈ, ਜੋ ਕਿ ਬਹੁਤ ਛੇਤੀ ਗਜ਼ਟ ਵਿਚ ਪ੍ਰਕਾਸ਼ਿਤ ਹੋ ਜਾਵੇਗਾ। ਪ੍ਰਧਾਨ ਮੰਤਰੀ ਦੇ ਸਟੇਟ ਸੈਕਟਰੀ ਗ੍ਰਾਜ਼ੀਆਨੋ ਦੇਲਰੀਓ ਵਲੋਂ 2 ਅਪ੍ਰੈਲ ਨੂੰ ਇਸ ਸਬੰਧੀ ਦਸਤਖ਼ਤ ਕਰ ਦਿੱਤੇ ਗਏ ਹਨ।
ਡਿਕਰੀ ਦੇ ਗਜ਼ਟ 'ਚ ਪ੍ਰਕਾਸ਼ਨ ਤੋਂ ਬਾਅਦ ਕੰਪਨੀਆਂ ਕਰਮਚਾਰੀਆਂ ਲਈ ਆਨਲਾਈਨ ਦਰਖ਼ਾਸਤ ਦੇ ਸਕਦੀਆਂ ਹਨ। ਉਸ ਸਮੇਂ ਤੱਕ ਪਹਿਲਾਂ ਤਿਆਰੀ ਦੇ ਤੌਰ 'ਤੇ 5 ਮਈ ਮੰਗਲਵਾਰ ਨੂੰ ਮਨਿਸਤੈਰੋ ਦੈਲ ਇੰਤੈਰਨੋ ਦੀ ਵੈੱਬਸਾਈਟ 'ਤੇ ਦਰਖ਼ਾਸਤ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ, ਜਿਸਨੂੰ ਡਿਕਰੀ ਖੁੱਲ੍ਹਣ 'ਤੇ ਭੇਜਿਆ ਜਾ ਸਕਦਾ ਹੈ।
ਅਲਬਾਨੀਆ, ਅਲਜੀਰੀਆ, ਬੋਸਨੀਆ-ਹੇਰਜੇਗੋਵੀਨਾ, ਸਾਊਥ ਕੋਰੀਆ, ਇਜ਼ਿਪਟ, ਸਾਬਕਾ ਰੀਪਬਲਿਕ ਯੁਗੋਸਲਾਵ ਆਫ ਮਾਚੇਦੋਨੀਆ, ਫਿਲਪਾਈਨਜ਼, ਗਾਂਬੀਆ, ਘਾਨਾ, ਜਾਪਾਨ, ਇੰਡੀਆ, ਕੋਸੋਵੋ, ਮੋਰੱਕੋ, ਮਾਰੀਸ਼ੀਅਸ, ਮੋਲਦੋਵਾ, ਮੌਂਤੇਨੇਗਰੋ, ਨਾਈਜ਼ਰ, ਨਾਈਜੀਰੀਆ, ਪਾਕਿਸਤਾਨ, ਸੇਨੇਗਲ, ਸੇਰਬੀਆ, ਸ੍ਰੀਲੰਕਾ, ਯੁਕਰੇਨ ਅਤੇ ਤੁਨੀਸੀਆ ਦੇਸ਼ਾਂ ਦੇ ਨਾਗਰਿਕਾਂ ਨੂੰ ਦੇਸ਼ 'ਚ ਮੌਸਮੀ ਕਰਮਚਾਰੀਆਂ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਜਿਹੜੇ ਕਰਮਚਾਰੀ ਪਹਿਲਾਂ ਤੋਂ ਇਟਲੀ 'ਚ ਰਹਿ ਰਹੇ ਹਨ, ਚਾਹੇ ਕਿਸੇ ਵੀ ਦੇਸ਼ ਦੇ ਨਾਗਰਿਕ ਹੋਣ, ਉਹ ਦਰਖ਼ਾਸਤ ਦੇ ਸਕਦੇ ਹਨ।
ਦੇਕਰੇਤੋ ਫਲੂਸੀ ਕੋਟਾ 1,500 ਉਨ੍ਹਾਂ ਮੌਸਮੀ ਕਰਮਚਾਰੀਆਂ ਲਈ ਰਾਖਵਾਂ ਹੈ ਜਿਹੜੇ ਪਿਛਲੇ ਦੋ ਸਾਲਾਂ ਤੋਂ ਇਟਲੀ 'ਚ ਦਾਖਲ ਹੋ ਚੁੱਕੇ ਹਨ।ਉਨ੍ਹਾਂ ਕਰਮਚਾਰੀਆਂ ਦੇ ਮਾਲਕਾਂ ਨੂੰ ਉਨ੍ਹਾਂ ਲਈ ਲੰਬੇ ਸਮੇਂ ਤੱਕ ਦੀ ਦਰਖ਼ਾਸਤ ਦੇਣੀ ਪਵੇਗੀ, ਤਾਂ ਕਿ ਆਉਣ ਵਾਲੇ ਕੁਝ ਸਾਲਾਂ ਲਈ ਇਨ੍ਹਾਂ ਕਰਮਚਾਰੀਆਂ ਨੂੰ ਦੁਬਾਰਾ ਕੋਟੇ ਦਾ ਇੰਤਜ਼ਾਰ ਨਾ ਕਰਨਾ ਪਵੇ।
ਹਰ ਸਾਲ ਦੀ ਤਰ੍ਹਾਂ 13,000 ਅਸਾਮੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਜ਼ਰੂਰਤ ਅਨੁਸਾਰ ਵੰਡਿਆ ਜਾਵੇਗਾ।ਮਨਿਸਤੈਰੋ ਦੈਲ ਇੰਤੈਰਨੋ ਵਲੋਂ ਸਰਕੂਲਰ ਜਾਰੀ ਕਰਕੇ ਕੋਟੇ ਦੀ ਦਰਖ਼ਾਸਤ ਭਰਨ ਦੀਆਂ ਸ਼ਰਤਾਂ ਅਤੇ ਨਿਯਮ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ।ਇਟਲੀ ਸਰਕਾਰ ਦੇ ਇਸ ਐਲਾਨ ਨਾਲ ਉਨ੍ਹਾਂ ਦੇ ਲੋਕਾਂ ਦੇ ਚਿਹਰਿਆਂ ਉਪਰ ਚੌਗਣੀ ਲਾਲੀ ਦੇਖੀ ਜਾ ਰਹੀ ਹੈ, ਜਿਨ੍ਹਾਂ ਨੇ ਭੋਲੇ-ਭਾਲੇ ਲੋਕਾਂ ਨੂੰ ਇਨ੍ਹਾਂ ਪੇਪਰਾਂ ਦੀ ਆੜ 'ਚ ਦੋਨੋ ਹੱਥੀਂ ਲੁੱਟਣਾ ਹੈ।
ਨੇਪਾਲ ਵਰਗੇ ਕਈ 1000 ਭੂਚਾਲ ਝੱਲੇ, ਫਿਰ ਵੀ ਇਹ ਦੇਸ਼ ਖੜ੍ਹਾ ਰਿਹਾ (ਦੇਖੋ ਤਸਵੀਰਾਂ)
NEXT STORY