ਇਕ ਰਾਜਾ ਸੀ। ਉਸ ਨੇ 10 ਭਿਆਨਕ ਜੰਗਲੀ ਕੁੱਤੇ ਪਾਲੇ ਹੋਏ ਸਨ, ਜਿਨ੍ਹਾਂ ਦੀ ਵਰਤੋਂ ਉਹ ਲੋਕਾਂ ਨੂੰ ਉਨ੍ਹਾਂ ਵਲੋਂ ਕੀਤੀਆਂ ਗਈਆਂ ਗਲਤੀਆਂ 'ਤੇ ਮੌਤ ਦੀ ਸਜ਼ਾ ਦੇਣ ਲਈ ਕਰਦਾ ਸੀ।
ਇਕ ਵਾਰ ਕੁਝ ਅਜਿਹਾ ਹੋਇਆ ਕਿ ਰਾਜੇ ਦੇ ਇਕ ਪੁਰਾਣੇ ਮੰਤਰੀ ਕੋਲੋਂ ਕੋਈ ਗਲਤੀ ਹੋ ਗਈ। ਗੁੱਸੇ ਵਿਚ ਆ ਕੇ ਰਾਜੇ ਨੇ ਉਸ ਨੂੰ ਸ਼ਿਕਾਰੀ ਕੁੱਤਿਆਂ ਸਾਹਮਣੇ ਸੁੱਟਵਾਉਣ ਦਾ ਹੁਕਮ ਦੇ ਦਿੱਤਾ।
ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਰਾਜੇ ਨੇ ਮੰਤਰੀ ਕੋਲੋਂ ਉਸ ਦੀ ਆਖਰੀ ਇੱਛਾ ਪੁੱਛੀ ਤਾਂ ਮੰਤਰੀ ਬੋਲਿਆ,''ਰਾਜਨ! ਮੈਂ ਆਗਿਆਕਾਰੀ ਸੇਵਕ ਦੇ ਰੂਪ 'ਚ ਤੁਹਾਡੀ 10 ਸਾਲ ਸੇਵਾ ਕੀਤੀ ਹੈ। ਮੈਂ ਸਜ਼ਾ ਪਾਉਣ ਤੋਂ ਪਹਿਲਾਂ ਤੁਹਾਡੇ ਕੋਲੋਂ 10 ਦਿਨ ਦੀ ਮੋਹਲਤ ਚਾਹੁੰਦਾ ਹਾਂ।''
ਰਾਜੇ ਨੇ ਉਸ ਦੀ ਗੱਲ ਮੰਨ ਲਈ। 10 ਦਿਨ ਬਾਅਦ ਰਾਜੇ ਦੇ ਸੈਨਿਕ ਮੰਤਰੀ ਨੂੰ ਫੜ ਕੇ ਲਿਆਏ ਅਤੇ ਰਾਜੇ ਦਾ ਇਸ਼ਾਰਾ ਮਿਲਦਿਆਂ ਹੀ ਉਸ ਨੂੰ ਭਿਆਨਕ ਕੁੱਤਿਆਂ ਸਾਹਮਣੇ ਸੁੱਟ ਦਿੱਤਾ ਪਰ ਇਹ ਕੀ? ਕੁੱਤੇ ਮੰਤਰੀ 'ਤੇ ਟੁੱਟ ਪੈਣ ਦੀ ਬਜਾਏ ਪੂਛ ਹਿਲਾ-ਹਿਲਾ ਕੇ ਮੰਤਰੀ ਦੇ ਅੱਗੇ-ਪਿੱਛੇ ਛਾਲਾਂ ਮਾਰਨ ਲੱਗੇ ਅਤੇ ਪਿਆਰ ਨਾਲ ਉਸ ਦੇ ਪੈਰ ਚੱਟਣ ਲੱਗੇ।
ਰਾਜਾ ਹੈਰਾਨੀ ਨਾਲ ਇਹ ਸਭ ਦੇਖ ਰਿਹਾ ਸੀ। ਉਸ ਨੇ ਸੋਚਿਆ ਕਿ ਆਖਿਰ ਇਨ੍ਹਾਂ ਭਿਆਨਕ ਕੁੱਤਿਆਂ ਨੂੰ ਕੀ ਹੋ ਗਿਆ ਹੈ? ਉਹ ਇਸ ਤਰ੍ਹਾਂ ਦਾ ਵਤੀਰਾ ਕਿਉਂ ਕਰ ਰਹੇ ਹਨ?
ਅਖੀਰ ਰਾਜੇ ਕੋਲੋਂ ਰਿਹਾ ਨਾ ਗਿਆ। ਉਸ ਨੇ ਮੰਤਰੀ ਨੂੰ ਪੁੱਛਿਆ,''ਇਹ ਕੀ ਹੋ ਰਿਹਾ ਹੈ, ਇਹ ਕੁੱਤੇ ਤੈਨੂੰ ਵੱਢਣ ਦੀ ਬਜਾਏ ਤੇਰੇ ਨਾਲ ਖੇਡ ਕਿਉਂ ਰਹੇ ਹਨ?''
ਇਸ ਤੇ ਮੰਤਰੀ ਬੋਲਿਆ,''ਰਾਜਨ! ਮੈਂ ਤੁਹਾਡੇ ਕੋਲੋਂ 10 ਦਿਨ ਦੀ ਮੋਹਲਤ ਲਈ ਸੀ। ਉਸ ਦਾ ਇਕ-ਇਕ ਪਲ ਮੈਂ ਇਨ੍ਹਾਂ ਬੇਜ਼ੁਬਾਨਾਂ ਦੀ ਸੇਵਾ ਕਰਨ ਵਿਚ ਲਗਾ ਦਿੱਤਾ। ਇਹ ਕੁੱਤੇ ਭਿਆਨਕ ਤੇ ਜੰਗਲੀ ਹੋ ਕੇ ਵੀ ਮੇਰੀ 10 ਦਿਨ ਦੀ ਸੇਵਾ ਨਹੀਂ ਨਹੀਂ ਭੁੱਲ ਰਹੇ ਪਰ ਖੇਦ ਹੈ ਕਿ ਤੁਸੀਂ ਪ੍ਰਜਾ ਦੇ ਪਾਲਣਹਾਰ ਹੋ ਕੇ ਵੀ ਮੇਰੀ 10 ਸਾਲ ਦੀ ਸੇਵਾ ਭੁੱਲ ਗਏ ਅਤੇ ਮੇਰੀ ਇਕ ਛੋਟੀ ਜਿਹੀ ਗਲਤੀ 'ਤੇ ਇੰਨੀ ਵੱਡੀ ਸਜ਼ਾ ਸੁਣਾ ਦਿੱਤੀ।''
ਰਾਜੇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਚੁੱਕਾ ਸੀ। ਉਸ ਨੇ ਤੁਰੰਤ ਮੰਤਰੀ ਨੂੰ ਆਜ਼ਾਦ ਕਰਨ ਦਾ ਹੁਕਮ ਦਿੱਤਾ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਸਹੁੰ ਖਾਧੀ।
ਦੋਸਤੋ, ਕਈ ਵਾਰ ਇਸ ਰਾਜੇ ਵਾਂਗ ਅਸੀਂ ਵੀ ਕਿਸੇ ਦੀ ਸਾਲਾਂ ਦੀ ਚੰਗਿਆਈ ਨੂੰ ਉਸ ਦੀ ਇਕ ਪਲ ਦੀ ਬੁਰਾਈ ਅੱਗੇ ਭੁਲਾ ਦਿੰਦੇ ਹਾਂ। ਇਹ ਕਹਾਣੀ ਸਾਨੂੰ ਮੁਆਫ ਕਰ ਦੇਣਾ ਸਿਖਾਉਂਦੀ ਹੈ। ਇਹ ਸਾਨੂੰ ਸਬਕ ਦਿੰਦੀ ਹੈ ਕਿ ਅਸੀਂ ਕਿਸੇ ਦੀਆਂ ਹਜ਼ਾਰ ਚੰਗਿਆਈਆਂ ਨੂੰ ਉਸ ਦੀ ਇਕ ਬੁਰਾਈ ਸਾਹਮਣੇ ਛੋਟਾ ਨਾ ਹੋਣ ਦੇਈਏ।
ਗਿਆਨ ਅੰਮ੍ਰਿਤ : ਅੱਤਿਆਚਾਰ ਦਾ ਜਨਮ ਹੀ ਕਮਜ਼ੋਰੀ ਨਾਲ ਹੁੰਦਾ ਹੈ
NEXT STORY