ਹੱਸਣਾ ਸਾਡੀ ਸਿਹਤ ਲਈ ਚੰਗਾ ਵੀ ਹੈ ਅਤੇ ਲੋੜ ਵੀ ਕਿਉਂਕਿ ਮਾਹਿਰਾਂ ਦਾ ਮੰਨਣੈ ਕਿ ਇਸ ਨਾਲ ਕਈ ਸਾਕਾਰਾਤਮਕ ਹਾਰਮੋਨ ਰਿਸਦੇ ਹਨ, ਜੋ ਸਾਡੇ ਸਰੀਰ 'ਚ ਊਰਜਾ ਦਾ ਸੰਚਾਰ ਕਰਦੇ ਹਨ। ਜੇਕਰ ਕਿਸੇ ਤੋਂ ਪੁੱਛਿਆ ਜਾਏ ਕਿ ਤੁਸੀਂ ਕਿਸ ਚੀਜ਼ 'ਤੇ ਹੱਸਦੇ ਹੋ ਤਾਂ ਜ਼ਿਆਦਾਤਰ ਜਵਾਬ ਮਿਲਦਾ ਹੈ ਕਿ ਅਸੀਂ ਚੁਟਕਲਿਆਂ ਭਾਵ ਜੋਕਸ 'ਤੇ ਹੱਸਦੇ ਹਾਂ ਪਰ ਇਹ ਸੱਚ ਨਹੀਂ ਹੈ। ਸਾਈਕਾਲੋਜਿਸਟਾਂ ਦਾ ਕਹਿਣੈ ਕਿ ਅਸੀਂ ਜੋਕਸ 'ਤੇ ਨਹੀਂ, ਸਗੋਂ ਲੋਕਾਂ 'ਤੇ ਹੱਸਦੇ ਹਾਂ। ਖੈਰ, ਅੱਜ 'ਵਿਸ਼ਵ ਹਾਸਾ ਦਿਵਸ' (World Laughter 4ay) ਹੈ।
ਮੰਨੇ-ਪ੍ਰਮੰਨੇ ਸਾਈਕਾਲੋਜਿਸਟ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਪ੍ਰੋਫੈਸਰ ਰਾਬਰਟ ਪ੍ਰੋਵਿਨ ਦਾ ਕਹਿਣੈ ਕਿ ਅਸੀਂ ਸਭ ਤੋਂ ਵਧੇਰੇ ਉਦੋਂ ਹੱਸਦੇ ਹਾਂ, ਜਦੋਂ ਅਸੀਂ ਦੋਸਤਾਂ ਨਾਲ ਹੁੰਦੇ ਹਾਂ ਪਰ ਦੋਸਤਾਂ ਨਾਲ ਗੱਲਬਾਤ ਦੌਰਾਨ ਵੀ ਅਸੀਂ ਜੋਕਸ 'ਤੇ ਨਹੀਂ, ਸਗੋਂ ਲੋਕਾਂ 'ਤੇ ਹੱਸਦੇ ਹਾਂ।
ਉਨ੍ਹਾਂ ਦਾ ਕਹਿਣੈ ਕਿ ਹੱਸਣਾ ਕੋਈ ਪ੍ਰਤੀਕਿਰਿਆ ਨਹੀਂ, ਇਹ ਸੰਚਾਰ ਭਾਵ ਕਮਿਊਨੀਕੇਸ਼ਨ ਦਾ ਇਕ ਤਰੀਕਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹੱਸਣਾ ਇਕ ਸਮਾਜਿਕ ਵਰਤਾਰਾ ਹੈ ਅਤੇ ਹੱਸਣ ਦਾ ਮਤਲਬ ਹੈ ਕਿ ਸਾਹਮਣੇ ਵਾਲੇ ਲੋਕਾਂ ਨੂੰ ਅਸੀਂ ਪਸੰਦ ਕਰਦੇ ਹਾਂ, ਇਹੀ ਗੱਲ ਹਾਸੇ ਰਾਹੀਂ ਅਸੀਂ ਉਨ੍ਹਾਂ ਤੱਕ ਪਹੁੰਚਾਉਂਦੇ ਹਾਂ। ਜੇਕਰ ਅਸੀਂ ਟੀ. ਵੀ. ਦੇਖਦਿਆਂ ਹੱਸ ਰਹੇ ਹੁੰਦੇ ਹਾਂ ਤਾਂ ਵੀ ਅਸੀਂ ਜੋਕਸ 'ਤੇ ਨਹੀਂ, ਟੀ.ਵੀ. 'ਚ ਨਜ਼ਰ ਆਉਂਦੇ ਵਿਅਕਤੀਆਂ ਦੇ ਹਾਵਾਂ-ਭਾਵਾਂ ਨੂੰ ਦੇਖ ਕੇ ਹੱਸਦੇ ਹਾਂ। ਜਾਣਦੇ ਹਾਂ ਹਾਸੇ ਨਾਲ ਜੁੜੀਆਂ ਕੁਝ ਖਾਸ ਗੱਲਾਂ।
1. 10 ਜਨਵਰੀ 1998 ਨੂੰ ਭਾਰਤ ਦੇ ਮੁੰਬਈ ਸ਼ਹਿਰ 'ਚ ਪਹਿਲੀ ਵਾਰ World Laughter 4ay ਮਨਾਇਆ ਗਿਆ। ਇਸ ਦੀ ਸ਼ੁਰੂਆਤ ਡਾਕਟਰ ਮਦਨ ਕਟਾਰੀਆ ਨੇ ਇਸ ਸੰਦੇਸ਼ ਨਾਲ ਕੀਤੀ ਕਿ ਹਾਸੇ 'ਚ ਪੂਰੀ ਦੁਨੀਆ ਨੂੰ ਬਦਲਣ ਦੀ ਤਾਕਤ ਹੈ। ਇਸ ਤੋਂ ਬਾਅਦ ਪੂਰੀ ਦੁਨੀਆ 'ਚ ਲਾਫਟਰ ਯੋਗਾ ਦਾ ਰੁਝਾਨ ਤੁਰ ਪਿਆ।
2. ਅਧਿਐਨ ਦੱਸਦੇ ਹਨ ਕਿ ਪ੍ਰੀ-ਸਕੂਲ ਦੇ ਬੱਚੇ ਦਿਨ 'ਚ 400 ਵਾਰ ਹੱਸਦੇ ਹਨ।
3. ਇਕ ਬਾਲਗ ਦਿਨ 'ਚ ਔਸਤ ਸਿਰਫ 17 ਵਾਰ ਹੱਸਦਾ ਹੈ।
4. ਇਕੱਲੇ ਰਹਿਣ 'ਤੇ ਕਿਸੇ ਵਿਅਕਤੀ ਦਾ ਹੱਸਣਾ 30 ਫੀਸਦੀ ਤੱਕ ਘੱਟ ਜਾਂਦਾ ਹੈ।
5. ਹੱਸਣ ਸੰਬੰਧੀ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਜੇਕਰ ਔਰਤ ਅਤੇ ਮਰਦ ਇਕੱਠੇ ਬੈਠੇ ਹੋਣ ਤਾਂ ਔਸਤਨ ਔਰਤ ਮਰਦ ਤੋਂ ਵਧੇਰੇ ਹੱਸਦੀ ਹੈ।
6. ਇਹ ਵੀ ਮੰਨਿਆ ਜਾਂਦਾ ਹੈ ਕਿ ਮਰਦ ਆਪਣੇ ਸਾਹਮਣੇ ਬੈਠੀ ਔਰਤ ਦਾ ਹਾਸਾ ਕਾਫੀ ਪਸੰਦ ਕਰਦੇ ਹਨ।
ਮਿੱਠੀ ਖੰਡ ਦਾ ਕੌੜਾ ਸੱਚ
NEXT STORY