ਜ਼ਿਲਾ ਪਟਿਆਲਾ ਵਿਚ ਪੈਂਦੇ ਸ਼ਹਿਰ ਬਨੂੜ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਗੁਰਧਾਮ ਬਾਰੇ ਜਾਣੀਏ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਖਣ ਵਿਚ ਨਾਂਦੇੜ (ਮਹਾਰਾਸ਼ਟਰ) ਤੋਂ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ। ਇਹ ਮਹਾਨ ਯੋਧਾ ਗੁਰੂ ਜੀ ਵਲੋਂ ਬਖਸ਼ੇ ਪੰਜ ਤੀਰ, ਪੰਜ ਪਿਆਰੇ ਤੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਜੀ ਦਾ ਗੁਣਗਾਨ ਕਰਦਾ ਹੋਇਆ ਪੰਜਾਬ ਵੱਲ ਵਧਦਾ ਆ ਰਿਹਾ ਸੀ। ਬਾਬਾ ਜੀ ਦੀ ਚੜ੍ਹਾਈ ਨੇ ਮੁਗਲਾਂ ਨੂੰ ਪਿੱਸੂ ਪਾ ਦਿੱਤੇ ਸਨ। ਬਾਬਾ ਜੀ ਨੇ ਦਿੱਲੀ ਤੋਂ ਸੋਨੀਪਤ ਤੇ ਹੋਰ ਇਲਾਕਿਆਂ ਨੂੰ ਸਰ ਕੀਤਾ ਤੇ ਪੰਜਾਬ ਵੱਲ ਆ ਗਏ। ਇਸ ਉਪਰੰਤ ਬਾਬਾ ਜੀ ਨੇ ਸਢੌਰਾ ਫਤਹਿ ਕਰਨ ਤੋਂ ਬਾਅਦ ਬਨੂੜ ਵੱਲ ਜਾਣਾ ਬਿਹਤਰ ਸਮਝਿਆ।
ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਬਨੂੜ ਵਿਖੇ ਪੜਾਅ ਕਰਕੇ ਉਹ ਪੰਜਾਬ ਦੀ ਖਿੰਡੀ ਹੋਈ ਤਾਕਤ ਨੂੰ ਇਕੱਠਾ ਕਰੇ ਅਤੇ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਤਕੜੀ ਫੌਜ ਬਣਾ ਕੇ ਵਜ਼ੀਰ ਖ਼ਾਨ 'ਤੇ ਹਮਲਾ ਕਰੇ। ਬਾਬਾ ਬੰਦਾ ਸਿੰਘ ਬਹਾਦਰ ਦੇ ਬਨੂੜ ਵੱਲ ਵਧਣ ਦੀਆਂ ਖ਼ਬਰਾਂ ਪੰਜਾਬ ਵਿਚ ਲੋਕਾਂ ਨੂੰ ਮਿਲ ਚੁੱਕੀਆਂ ਸਨ, ਇਸ ਲਈ ਲੋਕੀਂ ਵੱਡੀ ਗਿਣਤੀ ਵਿਚ ਬਨੂੜ ਦੇ ਨੇੜੇ-ਤੇੜੇ ਪਹੁੰਚਣੇ ਸ਼ੁਰੂ ਹੋ ਗਏ ਸਨ। ਖਾਸ ਤੌਰ 'ਤੇ ਜਿਹੜੇ ਪਿੰਡ ਸਤਲੁਜ ਦਰਿਆ ਤੋਂ ਉਰਲੇ ਪਾਸੇ ਸਨ, ਉਨ੍ਹਾਂ ਵਿਚੋਂ ਬਹੁਤੇ ਲੋਕ ਤਾਂ ਪਹਿਲੋਂ ਹੀ ਬਾਬਾ ਜੀ ਨੂੰ ਮਿਲ ਚੁੱਕੇ ਸਨ ਤੇ ਜੋ ਲੋਕ ਪਿੱਛੇ ਰਹਿ ਗਏ ਸਨ, ਉਨ੍ਹਾਂ ਦੇ ਮਨ ਵਿਚ ਵੀ ਜੋਸ਼ ਨੇ ਉਬਾਲਾ ਮਾਰਿਆ ਤੇ ਉਹ ਬਾਬਾ ਜੀ ਨੂੰ ਅੱਗਿਓਂ ਜਾ ਕੇ ਮਿਲਣ ਲਈ ਬਿਹਬਲ ਹੋ ਗਏ। ਇਹ ਲੋਕੀਂ ਬਾਬਾ ਜੀ ਨੂੰ ਅੱਗਿਓਂ ਜਾ ਕੇ ਮਿਲੇ, ਕਿਉਂਕਿ ਸਾਰਿਆਂ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਜੋਸ਼ ਪਾਇਆ ਜਾ ਰਿਹਾ ਸੀ ਕਿ ਉਹ ਕਦੋਂ ਸੂਬੇ ਸਰਹਿੰਦ ਨਾਲ ਦੋ-ਦੋ ਹੱਥ ਕਰਦੇ ਹੋਏ ਉਸਨੂੰ ਮੌਤ ਦੇ ਘਾਟ ਉਤਾਰਨਗੇ।
ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਸੂਚਨਾ ਵੀ ਮਿਲ ਗਈ ਕਿ ਮਾਝੇ ਤੇ ਦੋਆਬੇ ਦੇ ਸਿੰਘਾਂ ਨੇ ਮਾਲੇਰਕੋਟਲੇ ਵਾਲੇ ਨਵਾਬ ਅਤੇ ਰੋਪੜ ਦੇ ਰੰਗੜਾਂ ਨੂੰ ਹਰਾ ਦਿੱਤਾ ਸੀ। ਬਾਬਾ ਜੀ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਇਹ ਸਿੰਘ ਸਤਲੁਜ ਦਰਿਆ ਪਾਰ ਕਰ ਆਏ ਸਨ, ਇਸ ਲਈ ਬਾਬਾ ਜੀ ਹੁਣ ਬਿਨਾਂ ਸਮਾਂ ਗੁਆਏ ਇਨ੍ਹਾਂ ਸਿੰਘਾਂ ਨੂੰ ਜਾ ਮਿਲਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਸਢੌਰੇ ਤੋਂ ਸਿੰਘ ਮਾਰੋ-ਮਾਰ ਕਰਦੇ ਬਨੂੜ ਵਿਖੇ ਆ ਪੁੱਜੇ। ਬਨੂੜ ਦੇ ਨੇੜੇ ਪਿੰਡ ਨਗਲ ਛੜਬੜ ਵਿਖੇ ਅੱਜ ਵੀ ਇਕ ਗੁਰਦੁਆਰਾ ਚੋਈ ਸਾਹਿਬ ਬਣਿਆ ਹੋਇਆ ਹੈ। ਰਵਾਇਤ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਪਹਿਲਾਂ ਇਸੇ ਥਾਂ 'ਤੇ ਇਕੱਤਰ ਹੋਈਆਂ, ਇਥੇ ਆਸੇ ਪਾਸਿਓਂ ਹੋਰ ਸਿੰਘ ਵੀ ਉਨ੍ਹਾਂ ਨੂੰ ਆ ਕੇ ਮਿਲ ਗਏ। ਇਥੇ ਬੈਠ ਕੇ ਸਿੰਘਾਂ ਨੇ ਅਗਲੀ ਰਣਨੀਤੀ ਉਲੀਕੀ। ਅਜੇ ਵੀ ਇਹ ਅਸਥਾਨ ਪਿੰਡ ਤੋਂ ਕਾਫੀ ਬਾਹਰ ਜੰਗਲ ਬੀਆਬਾਨ ਵਿਚ ਸਥਿਤ ਹੈ। ਆਬਾਦੀ ਇਥੋਂ ਕਾਫੀ ਦੂਰ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਵੀ ਕਿਸੇ ਜਗ੍ਹਾ 'ਤੇ ਹਮਲਾ ਕਰਦੇ ਸਨ ਤਾਂ ਉਹ ਆਮ ਜਨਤਾ ਦਾ ਬਚਾਅ ਕਰਦੇ ਸਨ ਅਤੇ ਆਪਣਾ ਡੇਰਾ ਵੀ ਬਾਹਰ ਖੁੱਲੀ ਥਾਂ 'ਤੇ ਕਰਦੇ ਸਨ, ਜੋ ਜਗ੍ਹਾ ਲੜਾਈ ਪੱਖੋਂ ਢੁੱਕਵੀਂ ਹੋਵੇ ਤੇ ਆਬਾਦੀ ਤੋਂ ਦੂਰ ਹੋਵੇ, ਉਥੇ ਹੀ ਬਾਬਾ ਜੀ ਪੜਾਅ ਕਰਦੇ ਸਨ।
ਇਸ ਥਾਂ ਦੇ ਨੇੜਿਓਂ ਇਕ ਬਰਸਾਤੀ ਚੋਅ ਲੰਘਦਾ ਸੀ। ਇਸ ਇਲਾਕੇ ਵਿਚ ਬਰਸਾਤੀ ਨਾਲੇ ਨੂੰ ਚੋਈ ਕਿਹਾ ਜਾਂਦਾ ਹੈ। ਇਸੇ ਕਰਕੇ ਇਸ ਥਾਂ ਦਾ ਨਾਂ ਚੋਈ ਸਾਹਿਬ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਥਾਂ ਦੀ ਚੋਣ ਇਸ ਲਈ ਕੀਤੀ ਸੀ, ਕਿਉਂਕਿ ਇਸ ਚੋਈ ਵਿਚ ਬਰਸਾਤਾਂ ਦਾ ਸਾਫ-ਸੁਥਰਾ ਪਾਣੀ ਇਕੱਠਾ ਹੁੰਦਾ ਸੀ, ਜੋ ਕਿ ਵਗਦਾ ਰਹਿੰਦਾ ਸੀ। ਲੜਾਈ ਵਿਚ ਪਾਣੀ ਬੜੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁਕਤਸਰ ਦੀ ਜੰਗ ਜਿੱਤਣ ਦਾ ਇਕ ਕਾਰਨ ਗੁਰੂ ਜੀ ਦੀ ਦੂਰਦਰਸ਼ਤਾ ਅਤੇ ਪਾਣੀ ਵੀ ਸੀ, ਕਿਉਂਕਿ ਗੁਰੂ ਜੀ ਨੇ ਮੁਕਤਸਰ ਵਿਖੇ ਖਿਦਰਾਣੇ ਦੀ ਢਾਬ 'ਤੇ ਆਪਣਾ ਮੋਰਚਾ ਸੰਭਾਲਿਆ ਸੀ ਤੇ ਪਾਣੀ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਸੀ। ਮੁਗਲ ਸੈਨਾ ਪਾਣੀ ਤੋਂ ਪਿਆਸੀ ਮਰਦੀ ਦੌੜ ਗਈ ਸੀ। ਇਸੇ ਲਈ ਬਾਬਾ ਜੀ ਨੇ ਇਸ ਥਾਂ ਆਪਣਾ ਪੜਾਅ ਕੀਤਾ ਤਾਂ ਜੋ ਬਨੂੜ 'ਤੇ ਹਮਲਾ ਕਰਨ ਤੋਂ ਪਹਿਲਾਂ ਫੌਜਾਂ ਲਈ ਪਾਣੀ ਨਿਸ਼ਚਿਤ ਕੀਤਾ ਜਾ ਸਕੇ। ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਖੁਦ 30-35 ਸਾਲ ਪਹਿਲਾਂ ਇਸ ਇਲਾਕੇ ਵਿਚ ਘੁੰਮਦਿਆਂ ਦੇਖਿਆ ਹੈ ਕਿ ਇਸ ਚੋਈ ਵਿਚ ਜੇਕਰ ਛੋਟਾ ਜਿਹਾ ਵੀ ਟੋਇਆ ਪੁੱਟ ਲਿਆ ਜਾਵੇ ਜਾਂ ਕਿਸੇ ਸੋਟੀ ਨੂੰ ਸੁੱਕੀ ਪਈ ਚੋਈ ਵਿਚ ਕਿਸੇ ਤਰੀਕੇ ਨਾਲ ਖੁਬੋ ਦਿੱਤਾ ਜਾਵੇ ਤਾਂ ਉਸ ਥਾਂ 'ਤੇ ਸਾਫ ਪਾਣੀ ਨਿਕਲ ਆਉਂਦਾ ਸੀ।
ਖ਼ੈਰ ਅਸੀਂ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਰ ਰਹੇ ਹਾਂ। ਬਾਬਾ ਜੀ ਨੇ ਜਦੋਂ ਬਨੂੜ 'ਤੇ ਹਮਲਾ ਕੀਤਾ ਤਾਂ ਇਥੋਂ ਦੇ ਫੌਜਦਾਰ ਨੇ ਕੋਈ ਵਿਰੋਧ ਨਾ ਕੀਤਾ ਤੇ ਸਿੰਘਾਂ ਨੂੰ ਬਹੁਤੀ ਮਿਹਨਤ ਨਾ ਕਰਨੀ ਪਈ। ਛੇਤੀ ਹੀ ਸਿੰਘ ਬਨੂੜ 'ਤੇ ਵੀ ਕਾਬਜ਼ ਹੋ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬਨੂੜ 'ਤੇ ਕਬਜ਼ਾ ਕਰਨ ਤੋਂ ਬਾਅਦ ਗੁਰਦੁਆਰਾ ਚੋਈ ਸਾਹਿਬ ਵਾਲੀ ਥਾਂ 'ਤੇ ਜਾ ਕੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਪੰਜਾਬ ਤੋਂ ਆਏ ਸਿੰਘਾਂ ਨੂੰ ਉਥੋਂ ਉਨ੍ਹਾਂ ਦੀਆਂ ਡਿਊਟੀਆਂ ਸੌਂਪੀਆਂ ਤੇ ਉਸ ਤੋਂ ਬਾਅਦ ਉਹ ਚੱਪੜਚਿੜੀ ਵੱਲ ਰਵਾਨਾ ਹੋਏ। ਭਾਵੇਂ ਇਤਿਹਾਸਿਕ ਤੌਰ 'ਤੇ ਕੋਈ ਵੀ ਗੱਲ ਸਹੀ ਹੋਵੇ। ਅਸਲ ਗੱਲ ਤਾਂ ਇਹ ਹੈ ਕਿ ਬਨੂੜ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਬਿਲਕੁਲ ਵੀ ਵਿਰੋਧ ਨਾ ਹੋਣਾ ਤੇ ਦੁਸ਼ਮਣਾਂ ਦਾ ਹਾਰ ਮੰਨ ਲੈਣਾ, ਇਸ ਗੱਲ ਦਾ ਪ੍ਰਤੀਕ ਹੈ ਕਿ ਬਨੂੜ ਪਹੁੰਚਣ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਕਾਫੀ ਜ਼ਿਆਦਾ ਹੋ ਚੁੱਕੀ ਸੀ ਅਤੇ ਮੁਗਲਾਂ ਦੀ ਸ਼ਕਤੀ ਘਟਣ ਲੱਗ ਗਈ ਸੀ।
ਉਧਰ ਵਜ਼ੀਰ ਖ਼ਾਨ ਨੇ ਆਪਣੀਆਂ ਫੌਜਾਂ ਦੇ ਹਾਰ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਪ੍ਰੋਗਰਾਮ ਬਣਾਇਆ ਕਿ ਹੜ੍ਹ ਵਾਂਗ ਅੱਗੇ ਵਧੇ ਆ ਰਹੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਸਤੇ ਵਿਚ ਹੀ ਰੋਕਿਆ ਜਾਵੇ ਅਤੇ ਬਾਬਾ ਜੀ ਨੂੰ ਕਿਸੇ ਵੀ ਹਾਲਤ ਵਿਚ ਰੋਪੜ ਤੋਂ ਅੱਗੇ ਲੰਘ ਕੇ ਆਏ ਸਿੰਘਾਂ ਨਾਲ ਮਿਲਣ ਨਾ ਦਿੱਤਾ ਜਾਵੇ। ਇਸ ਲਈ ਵਜ਼ੀਰ ਖ਼ਾਨ ਆਪਣੀਆਂ ਫੌਜਾਂ ਨੂੰ ਲੈ ਕੇ ਲਾਂਡਰਾਂ-ਚੱਪੜਚਿੜੀ ਵੱਲ ਵਧ ਆਇਆ ਤਾਂ ਜੋ ਰੋਪੜ ਵਲੋਂ ਆ ਰਹੇ ਸਿੰਘਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਚਾਲੇ ਉਹ ਕੰਧ ਵਾਂਗ ਡੱਟ ਕੇ ਖਲੋ ਸਕੇ ਅਤੇ ਇਹ ਦੋਵੇਂ ਹੀ ਦਲ ਇਕ ਦੂਜੇ ਨਾਲ ਮਿਲ ਕੇ ਆਪਣੀ ਤਾਕਤ ਨਾ ਵਧਾ ਸਕਣ। ਉਧਰੋਂ ਰੋਪੜ ਵਲੋਂ ਸਿੰਘ ਮਾਰੋ-ਮਾਰ ਕਰਦੇ ਆ ਰਹੇ ਸਨ ਤੇ ਇਧਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵਲੋਂ ਅੱਗੇ ਵਧ ਰਹੇ ਸਨ। ਬਨੂੜ ਵਿਖੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਬਣਿਆ ਹੋਇਆ ਹੈ।
—ਗੁਰਪ੍ਰੀਤ ਸਿੰਘ ਨਿਆਮੀਆਂ
ਟੀਚਾ ਹਾਸਲ ਕਰਨ ਲਈ ਦ੍ਰਿੜ੍ਹਤਾ ਜ਼ਰੂਰੀ
NEXT STORY