ਝਾਰਖੰਡ ਜਿੰਨਾ ਆਪਣੇ ਜੰਗਲਾਂ ਲਈ ਜਾਣਿਆ ਜਾਂਦਾ ਹੈ, ਓਨਾ ਹੀ ਇਥੋਂ ਦੇ ਮੰਦਿਰਾਂ ਦੀ ਵਜ੍ਹਾ ਕਰਕੇ ਵੀ ਇਸ ਦੀ ਖ਼ਾਸ ਪਛਾਣ ਹੈ। ਦੇਸ਼ ਦੇ 12 ਜਯੋਤਿਰਲਿੰਗਾਂ 'ਚੋਂ ਇਕ ਇਥੇ ਹੀ ਹੈ। ਇਸ ਤੋਂ ਇਲਾਵਾ ਇਥੋਂ ਦਾ ਮਲੂਟੀ ਪਿੰਡ ਵੀ ਮੰਦਿਰਾਂ ਕਾਰਨ ਹੀ ਜਾਣਿਆ ਜਾਂਦਾ ਹੈ। ਦੁਮਕਾ ਜ਼ਿਲੇ ਵਿਚ ਸ਼ਿਕਾਰੀ ਪਾੜਾ ਦੇ ਕੋਲ ਵਸੇ ਮਲੂਟੀ ਪਿੰਡ ਵਿਚ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਮੰਦਿਰ ਹੀ ਮੰਦਿਰ ਹਨ। ਇਸ ਨੂੰ 'ਮੰਦਿਰਾਂ ਦਾ ਪਿੰਡ' ਕਿਹਾ ਜਾਂਦਾ ਹੈ। ਸ਼ਿਵਰਾਤਰੀ 'ਤੇ ਇਥੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਪਿੰਡ ਦਾ ਰਾਜਾ ਕਦੇ ਇਕ ਕਿਸਾਨ ਹੁੰਦਾ ਸੀ, ਜਿਸ ਦੇ ਵੰਸ਼ਜਾਂ ਨੇ ਇਥੇ ਕਈ ਮੰਦਿਰ ਬਣਵਾਏ।
ਇਹ ਮੰਦਿਰ ਬਾਜ ਬਸੰਤ ਰਾਜਵੰਸ਼ਾਂ ਦੇ ਕਾਲ ਵਿਚ ਬਣਾਏ ਗਏ ਸਨ। ਮੰਦਿਰਾਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਇਸ ਖੇਤਰ ਨੂੰ 'ਗੁਪਤ ਕਾਸ਼ੀ' ਵੀ ਕਿਹਾ ਜਾਂਦਾ ਹੈ। ਸ਼ੁਰੂ ਵਿਚ ਕੁਲ 108 ਮੰਦਿਰ ਸਨ ਪਰ ਸੁਰੱਖਿਆ ਦੀ ਘਾਟ ਕਰਕੇ ਹੁਣ ਸਿਰਫ 72 ਮੰਦਿਰ ਹੀ ਰਹਿ ਗਏ ਹਨ। ਇਨ੍ਹਾਂ ਮੰਦਿਰਾਂ ਦੀਆਂ ਦੀਵਾਰਾਂ 'ਤੇ ਰਾਮਾਇਣ-ਮਹਾਭਾਰਤ ਦੇ ਦ੍ਰਿਸ਼ਾਂ ਦਾ ਚਿਤਰਣ ਵੀ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ ਹੈ।
ਮਲੂਟੀ ਪਿੰਡ ਪਸ਼ੂਆਂ ਦੀ ਬਲੀ ਲਈ ਵੀ ਜਾਣਿਆ ਜਾਂਦਾ ਹੈ। ਇਥੇ ਕਾਲੀ ਪੂਜਾ ਵਾਲੇ ਦਿਨ ਇਕ ਮੱਝ ਅਤੇ ਇਕ ਭੇਡ ਸਮੇਤ ਲੱਗਭਗ 100 ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ। ਹਾਲਾਂਕਿ ਪਸ਼ੂ ਕਾਰਜਕਰਤਾ ਸਮੂਹ ਅਕਸਰ ਇਥੇ ਪਸ਼ੂ ਬਲੀ ਦਾ ਵਿਰੋਧ ਕਰਦੇ ਰਹਿੰਦੇ ਹਨ।
ਜਿਥੋਂ ਤਕ ਗੱਲ ਹੈ ਮੰਦਿਰਾਂ ਦੀ ਸੁਰੱਖਿਆ ਦੀ, ਤਾਂ ਬਿਹਾਰ ਦੇ ਪੁਰਾਤੱਤਵ ਵਿਭਾਗ ਨੇ 1984 ਵਿਚ ਪਿੰਡ ਨੂੰ ਪੁਰਾਤੱਤਵਿਕ ਕੰਪਲੈਕਸ ਵਜੋਂ ਵਿਕਸਿਤ ਕਰਨ ਦੀ ਯੋਜਨਾ ਬਣਾਈ ਸੀ। ਇਸ ਦੇ ਤਹਿਤ ਮੰਦਿਰਾਂ ਦੀ ਸੁਰੱਖਿਆ ਦਾ ਕੰਮ ਸ਼ੁਰੂ ਕੀਤਾ ਜਾਂਦਾ ਸੀ ਅਤੇ ਅੱਜ ਪੂਰਾ ਪਿੰਡ ਸੈਰ-ਸਪਾਟਾ ਸਥਾਨ ਵਜੋਂ ਵਿਕਸਿਤ ਹੋ ਰਿਹਾ ਹੈ।
ਮਲੂਟੀ ਪਿੰਡ ਵਿਚ ਇੰਨੇ ਜ਼ਿਆਦਾ ਮੰਦਿਰ ਹੋਣ ਦੇ ਪਿੱਛੇ ਇਕ ਰੌਚਕ ਕਹਾਣੀ ਹੈ। ਇਥੋਂ ਦੇ ਰਾਜਾ ਮਹੱਲ ਬਣਾਉਣ ਦੀ ਬਜਾਏ ਮੰਦਿਰ ਬਣਾਉਣਾ ਪਸੰਦ ਕਰਦੇ ਸਨ ਅਤੇ ਰਾਜਿਆਂ ਵਿਚ ਚੰਗੇ ਤੋਂ ਚੰਗੇ ਮੰਦਿਰ ਬਣਾਉਣ ਦੀ ਦੌੜ ਜਿਹੀ ਲੱਗ ਗਈ। ਸਿੱਟੇ ਵਜੋਂ ਇਥੇ ਹਰ ਥਾਂ ਖ਼ੂਬਸੂਰਤ ਮੰਦਿਰ ਬਣ ਗਏ ਅਤੇ ਇਹ ਪਿੰਡ 'ਮੰਦਿਰਾਂ ਦਾ ਪਿੰਡ' ਵਜੋਂ ਜਾਣਿਆ ਜਾਣ ਲੱਗਾ।
ਇਹ ਪਿੰਡ ਸਭ ਤੋਂ ਪਹਿਲਾਂ ਨਨਕਾਰ ਰਾਜਵੰਸ਼ ਦੇ ਸਮੇਂ ਪ੍ਰਕਾਸ਼ ਵਿਚ ਆਇਆ ਸੀ। ਉਸ ਤੋਂ ਬਾਅਦ ਗੌਰ ਦੇ ਸੁਲਤਾਨ ਅਲਾਊਦੀਨ ਹਸਨ ਸ਼ਾਹ (1495-1525) ਨੇ ਇਸ ਪਿੰਡ ਨੂੰ ਬਾਜ ਬਸੰਤ ਰਾਏ ਨੂੰ ਇਨਾਮ 'ਚ ਦਿੱਤਾ ਸੀ। ਰਾਜਾ ਬਾਜ ਬਸੰਤ ਸ਼ੁਰੂਆਤ 'ਚ ਇਕ ਅਨਾਥ ਕਿਸਾਨ ਸਨ। ਉਨ੍ਹਾਂ ਦੇ ਨਾਂ ਅੱਗੇ ਬਾਜ ਸ਼ਬਦ ਕਿਵੇਂ ਲੱਗਾ, ਇਸ ਦੇ ਪਿੱਛੇ ਇਕ ਅਨੋਖੀ ਕਹਾਣੀ ਹੈ।
ਇਕ ਵਾਰ ਦੀ ਗੱਲ ਹੈ, ਜਦੋਂ ਸੁਲਤਾਨ ਅਲਾਊਦੀਨ ਦੀ ਬੇਗਮ ਦਾ ਪਾਲਤੂ ਪੰਛੀ ਬਾਜ ਉੱਡ ਗਿਆ ਅਤੇ ਬਾਜ ਨੂੰ ਉੱਡਦਾ ਦੇਖ ਗਰੀਬ ਕਿਸਾਨ ਬਸੰਤ ਨੇ ਉਸ ਨੂੰ ਫੜ ਕੇ ਰਾਣੀ ਨੂੰ ਵਾਪਿਸ ਕਰ ਦਿੱਤਾ। ਬਸੰਤ ਦੇ ਇਸ ਕੰਮ ਤੋਂ ਖੁਸ਼ ਹੋ ਕੇ ਸੁਲਤਾਨ ਨੇ ਉਨ੍ਹਾਂ ਨੂੰ ਮਲੂਟੀ ਪਿੰਡ ਇਨਾਮ ਵਿਚ ਦੇ ਦਿੱਤਾ। ਬਸੰਤ ਰਾਜਾ 'ਬਾਜ' ਬਣ ਗਏ ਅਤੇ ਇਹ ਪਿੰਡ 'ਮੰਦਿਰਾਂ ਦਾ ਪਿੰਡ' ਬਣ ਗਿਆ।