ਥਾਰ ਰੇਗਿਸਤਾਨ 'ਚ ਬੀਕਾਨੇਰ ਤੋਂ ਲੱਗਭਗ 32 ਕਿਲੋਮੀਟਰ ਦੂਰ ਮਰੂ ਟਿੱਲਿਆਂ ਵਿਚਕਾਰ ਇਕ ਮਸ਼ਹੂਰ ਪਿੰਡ ਹੈ-ਦੇਸ਼ਨੋਕ। ਬੀਕਾਨੇਰ ਜ਼ਿਲੇ ਦੇ ਇਸ ਮਸ਼ਹੂਰ ਪਿੰਡ 'ਚ ਕਰਣੀ ਮਾਤਾ ਦਾ ਇਕ ਮੰਦਿਰ ਹੈ, ਜਿਹੜਾ 'ਚੂਹਿਆਂ ਦਾ ਮੰਦਿਰ' ਨਾਂ ਨਾਲ ਮਸ਼ਹੂਰ ਹੈ। ਮਰੂ ਟਿੱਲਿਆਂ ਵਿਚਾਲੇ ਵਸਿਆ ਇਹ ਛੋਟਾ ਜਿਹਾ ਪਿੰਡ ਇਸ ਮੰਦਿਰ ਕਾਰਨ ਦੁਨੀਆ ਭਰ 'ਚ ਮਸ਼ਹੂਰ ਹੈ। ਇਸ ਨੂੰ 'ਚੂਹਿਆਂ ਦਾ ਸਵਰਗ ਮੰਦਿਰ' ਕਿਹਾ ਜਾਂਦਾ ਹੈ। ਚੂਹਿਆਂ ਦਾ ਅਜਿਹਾ ਸੰਗਮ ਸ਼ਾਇਦ ਹੀ ਦੁਨੀਆ 'ਚ ਕਿਤੇ ਹੋਰ ਦੇਖਣ ਨੂੰ ਮਿਲੇ। ਇਸ ਮੰਦਿਰ ਵਿਚ ਹਰ ਪਾਸੇ ਚੂਹੇ ਹੀ ਚੂਹੇ ਨਜ਼ਰ ਆਉਂਦੇ ਹਨ। ਆਰਤੀ ਤੋਂ ਬਾਅਦ ਵੱਡੇ-ਵੱਡੇ ਥਾਲਾਂ 'ਚ ਇਨ੍ਹਾਂ ਲਈ ਭੋਜਨ ਰੱਖ ਦਿੱਤਾ ਜਾਂਦਾ ਹੈ। ਭਗਤ ਲੋਕ ਇੰਨੇ ਚੂਹਿਆਂ ਨੂੰ ਇਕੱਠਿਆਂ ਭੋਜਨ ਕਰਦੇ ਦੇਖ ਕੇ ਧੰਨ ਹੋ ਜਾਂਦੇ ਹਨ। ਕਹਿੰਦੇ ਹਨ ਕਿ ਇਸ ਮੰਦਿਰ 'ਚ ਇਕ ਸਫੈਦ ਚੂਹਾ ਹੈ, ਜੋ ਕਿਸੇ ਕਿਸਮਤ ਵਾਲੇ ਨੂੰ ਹੀ ਨਜ਼ਰ ਆਉਂਦਾ ਹੈ ਅਤੇ ਉਸ 'ਤੇ ਮਾਤਾ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ, ਇਹ ਚੂਹਾ ਬਹੁਤ ਘੱਟ ਲੋਕਾਂ ਨੂੰ ਦਿਖਾਈ ਦਿੰਦਾ ਹੈ। ਇਨ੍ਹਾਂ ਚੂਹਿਆਂ ਨੂੰ ਖਾਣ ਲਈ ਮੰਦਿਰ ਦੇ ਪੁਜਾਰੀ ਮਠਿਆਈ, ਅਨਾਜ, ਦੁੱਧ ਤੇ ਪਾਣੀ ਦਿੰਦੇ ਹਨ। ਮੰਦਿਰ 'ਚ ਆਉਣ ਵਾਲੇ ਭਗਤ ਵੀ ਇਨ੍ਹਾਂ ਲਈ ਲੱਡੂ, ਬਰਫੀ, ਪੇੜੇ, ਦੁੱਧ ਤੇ ਹੋਰ ਮਠਿਆਈਆਂ ਚੜ੍ਹਾਉਂਦੇ ਹਨ। ਮੰਦਿਰ 'ਚ ਇਨ੍ਹਾਂ ਚੂਹਿਆਂ ਲਈ ਇਕ ਵੱਖਰਾ ਰਸੋਈਘਰ ਹੈ, ਜਿਥੇ ਵੱਡੀਆਂ-ਵੱਡੀਆਂ ਕੜਾਹੀਆਂ 'ਚ ਇਨ੍ਹਾਂ ਲਈ ਭੋਜਨ ਤਿਆਰ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਛੱਡੇ ਹੋਏ ਭੋਜਨ ਨੂੰ ਭਗਤਾਂ 'ਚ ਪ੍ਰਸ਼ਾਦ ਦੇ ਰੂਪ 'ਚ ਵੰਡ ਦਿੱਤਾ ਜਾਂਦਾ ਹੈ ਅਤੇ ਭਗਤ ਲੋਕ ਬੜੀ ਖੁਸ਼ੀ ਨਾਲ ਪ੍ਰਸ਼ਾਦ ਗ੍ਰਹਿਣ ਕਰਦੇ ਹਨ। ਮੰਦਿਰ 'ਚ ਦਾਖਲ ਹੁੰਦਿਆਂ ਹੀ ਇਕ ਬੋਰਡ 'ਤੇ ਲਿਖਿਆ ਹੈ ਕਿ ਜੇਕਰ ਕਿਸੇ ਦੇ ਪੈਰ ਹੇਠਾਂ ਦੱਬ ਕੇ ਕੋਈ ਚੂਹਾ ਮਰ ਗਿਆ ਤਾਂ ਬਦਲੇ 'ਚ ਉਸ ਨੂੰ ਚਾਂਦੀ ਦਾ ਚੂਹਾ ਦੇਣਾ ਪਵੇਗਾ। ਇਨ੍ਹਾਂ ਚੂਹਿਆਂ ਨੇ ਅੱਜ ਤੱਕ ਕਿਸੇ ਨੂੰ ਨਹੀਂ ਵੱਢਿਆ। ਗੁਜਰਾਤ 'ਚ ਫੈਲੇ ਪਲੇਗ ਦੌਰਾਨ ਇਕ ਵਿਗਿਆਨਕ ਪਾਰਟੀ ਵੀ ਨਿਰੀਖਣ ਲਈ ਆਈ ਸੀ ਪਰ ਇਨ੍ਹਾਂ ਚੂਹਿਆਂ 'ਚ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਦੇਖੀ ਗਈ। ਮੰਨਿਆ ਜਾਂਦਾ ਹੈ ਕਿ ਕਰਣੀ ਮਾਤਾ ਦਾ ਵਰਦਾਨ ਹੈ ਕਿ ਦੇਸ਼ਨੋਕ 'ਚ ਕਦੇ ਕੋਈ ਮਹਾਮਾਰੀ ਨਹੀਂ ਫੈਲੇਗੀ। ਇਤਿਹਾਸਕ ਤੇ ਧਾਰਮਿਕ ਮਾਨਤਾ ਅਨੁਸਾਰ ਮਾਤਾ ਦਾ ਜਨਮ ਸੁਆਪ ਪਿੰਡ (ਜੋਧਪੁਰ) ਦੇ ਚਾਰਣ ਵੰਸ਼ ਦੇ ਮੇਹੋਜੀ ਤੇ ਉਨ੍ਹਾਂ ਦੀ ਪਤਨੀ ਦੇਵਲ ਨੇ ਇਸ਼ਟਦੇਵੀ ਹਿੰਗਲਾਜ ਦੀ ਲੰਬੀ ਆਰਾਧਨਾ ਕੀਤੀ, ਜਿਸ ਤੋਂ ਪ੍ਰਸੰਨ ਹੋ ਕੇ ਦੇਵੀ ਨੇ ਦੁਰਗਾ ਰੂਪ 'ਚ ਇਨ੍ਹਾਂ ਨੂੰ ਦਰਸ਼ਨ ਦਿੱਤੇ ਅਤੇ ਵਰ ਮੰਗਣ ਲਈ ਕਿਹਾ।
ਮੇਹੋਜੀ ਅਤੇ ਦੇਵਲ ਨੇ ਦੇਵੀ ਤੋਂ ਆਪਣੇ ਘਰ 'ਚ ਜਨਮ ਲੈਣ ਦਾ ਵਰ ਮੰਗਿਆ। ਦੇਵੀ ਨੇ ਇਨ੍ਹਾਂ ਨੂੰ ਇਹ ਵਰ ਦੇ ਦਿੱਤਾ ਅਤੇ ਇਨ੍ਹਾਂ ਦੇ ਘਰ ਜਨਮ ਲੈਣ ਦਾ ਵਚਨ ਦਿੱਤਾ। ਮਾਨਤਾ ਹੈ ਕਿ ਕਰਣੀ ਮਾਤਾ ਨੇ ਨੌਂ ਦੀ ਬਜਾਏ 21 ਮਹੀਨੇ ਗਰਭ 'ਚ ਰਹਿ ਕੇ ਜਨਮ ਲਿਆ ਸੀ ਅਤੇ ਜਣੇਪੇ ਵੇਲੇ ਦੇਵਲ ਨੂੰ ਦੁਰਗਾ ਰੂਪ 'ਚ ਦਰਸ਼ਨ ਦੇ ਕੇ ਆਪਣੇ ਵਚਨ ਦੀ ਯਾਦ ਦਿਵਾਈ ਸੀ। ਮੇਹੋਜੀ ਅਤੇ ਦੇਵਲ ਮਾਤਾ ਨੇ ਇਨ੍ਹਾਂ ਦਾ ਨਾਂ 'ਰਿਧੁਬਾਈ' ਰੱਖਿਆ ਸੀ ਪਰ ਬਚਪਨ ਤੋਂ ਹੀ ਆਪਣੇ ਅਲੌਕਿਕ ਚਮਤਕਾਰਾਂ, ਅੰਨ੍ਹਿਆਂ, ਲੰਗੜਿਆਂ ਨੂੰ ਠੀਕ ਕਰਨ ਅਤੇ ਰੋਗੀਆਂ ਦੇ ਰੋਗ ਦੂਰ ਕਰਨ ਕਾਰਨ ਇਨ੍ਹਾਂ ਦਾ ਨਾਂ 'ਕਰਣੀ' ਰੱਖ ਦਿੱਤਾ ਗਿਆ। ਕਰਣੀ ਮਾਤਾ ਨੇ ਇਥੋਂ ਦੇ ਲੋਕਾਂ ਨੂੰ ਕਈ ਚਮਤਕਾਰ ਦਿਖਾਏ ਅਤੇ ਹੌਲੀ-ਹੌਲੀ ਕਰਣੀ ਮਾਤਾ ਇਥੋਂ ਦੇ ਲੋਕਾਂ ਦੀ ਪੂਜਨੀਕ ਦੇਵੀ ਬਣ ਗਈ। ਕਰਣੀ ਮਾਤਾ ਨੂੰ ਚੂਹਿਆਂ ਤੇ ਗਊਆਂ ਨਾਲ ਖਾਸ ਲਗਾਓ ਸੀ, ਇਸ ਲਈ ਪਿੰਡ ਦੇ ਲੋਕ ਆਪਣੇ ਜਾਨਵਰਾਂ ਦੀ ਖਰੀਦ-ਵੇਚ ਤੋਂ ਬਾਅਦ ਉਨ੍ਹਾਂ ਦਾ ਦੁੱਧ ਇਥੇ ਚੜ੍ਹਾਉਂਦੇ ਹਨ। ਇਸ ਨਾਲ ਉਨ੍ਹਾਂ ਨੂੰ ਪਸ਼ੂ ਧਨ 'ਚ ਲਾਭ ਮਿਲਦਾ ਹੈ।
- ਰਾਮਚੰਦਰ ਗਹਿਲੋਤ
ਅਗਿਆਨਤਾ ਸਾਰੇ ਦੁੱਖਾਂ ਦੀ ਜੜ੍ਹ ਹੈ
NEXT STORY