ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਗੁੰਮਟਸਰ ਸਾਹਿਬ ਪਾਤਸ਼ਾਹੀ ਛੇਵੀਂ ਮਾੜੀ ਮਹਿਰਾਜ, ਜ਼ਿਲਾ ਬਠਿੰਡਾ ਸੰਗਤਾਂ ਲਈ ਅਥਾਹ ਸ਼ਰਧਾ ਦਾ ਅਸਥਾਨ ਹੈ। ਇਸ ਇਤਿਹਾਸਕ ਸਥਾਨ 'ਤੇ ਸੰਨ 1994 ਦੌਰਾਨ ਮੁੱਖ ਸੇਵਾਦਾਰ ਹੁਣ ਸੱਚਖੰਡ ਵਾਸੀ ਬਾਬਾ ਗੁਰਦੇਵ ਸਿੰਘ ਤੇ ਮੁੱਖ ਪ੍ਰਬੰਧਕ ਬਾਬਾ ਮਨਮੋਹਨ ਸਿੰਘ ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਕਾਰ ਸੇਵਾ ਦਾ ਆਰੰਭ ਕੀਤਾ ਗਿਆ ਸੀ। ਇਸੇ ਦੌਰਾਨ ਹੀ ਇਸ ਅਸਥਾਨ 'ਤੇ ਅਤਿ ਸੁੰਦਰ ਗੁਰਦੁਆਰਾ ਸਾਹਿਬ, ਗੁਰੂ ਕਾ ਲੰਗਰ ਘਰ ਤੇ ਪਵਿੱਤਰ ਸਰੋਵਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਇਸ ਇਤਿਹਾਸਕ ਸਥਾਨ ਦੀ ਮਹੱਤਤਾ ਅਨੁਸਾਰ ਇਸ ਜਗ੍ਹਾ 'ਤੇ ਮਹਾਵਲੀ ਜੋਧਾ ਜੈਦ ਪੁਰਾਣਾ ਨਾਲ ਛੇਵੇਂ ਪਾਤਸ਼ਾਹ ਜੀ ਦੇ ਸੇਵਕ ਬਾਬਾ ਕਾਲਾ ਜੀ ਮਹਿਰਾਜ ਅਤੇ ਗੁਰੂ ਜੀ ਦੀ 300 ਫੌਜ ਸਮੇਤ ਆਪਸ 'ਚ ਘਮਸਾਣ ਦੀ ਜੰਗ ਹੋਈ ਸੀ ਜਿਸ ਵਿਚ ਜਦੋਂ ਜੈਦ ਪੁਰਾਣੇ ਨੇ ਆਪਣੀ ਬਰਛੀ ਦਾ ਵਾਰ ਬਾਬਾ ਕਾਲਾ ਉਪਰ ਕੀਤਾ ਤਾਂ ਉਸੇ ਸਮੇਂ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਸੇਵਕ ਦੀ ਰੱਖਿਆ ਲਈ ਬਰਛੀ ਅੱਗੇ ਆਪਣੇ ਪਾਸ ਰੱਖੀ ਹੋਈ ਲੋਹੇ ਦੀ ਅਹਿਰਣ ਕਰ ਦਿੱਤੀ ਪਰ ਫਿਰ ਵੀ ਬਰਛੀ ਨੇ ਅਹਿਰਣ ਨੂੰ ਚੀਰ ਕੇ ਬਾਬੇ ਕਾਲੇ ਦੇ ਦੋ ਦੰਦ ਤੋੜ ਦਿੱਤੇ। ਇਸ ਉਪਰੰਤ ਜਦੋਂ ਬਾਬੇ ਕਾਲੇ ਨੇ ਆਪਣਾ ਵਾਰ ਕੀਤਾ ਤਾਂ ਜੋਧਾ ਜੈਦ ਪੁਰਾਣਾ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ। ਬਾਬੇ ਕਾਲੇ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਉਸ ਨੇ ਮਹਾਬਲੀ ਜੋਧਾ ਮਾਰ ਦਿੱਤਾ ਹੈ ਤਾਂ ਗੁਰੂ ਸਾਹਿਬ ਨੇ ਅਹਿਰਣ ਦੇ ਹੋਏ ਟੁਕੜੇ ਦਿਖਾ ਕੇ ਕਿਹਾ ਕਿ ਅਸੀਂ ਇਸ ਅਹਿਰਣ ਨੂੰ ਬਰਛੀ ਦੇ ਵਾਰ ਅੱਗੇ ਕਰਕੇ ਹੀ ਤੈਨੂੰ ਬਚਾਇਆ ਹੈ।
ਫਿਰ ਬਾਬੇ ਕਾਲੇ ਦਾ ਹੰਕਾਰ ਟੁੱਟ ਗਿਆ। ਉਹ ਅਹਿਰਣ ਦੇ ਟੁਕੜੇ ਤੇ ਗੁਰੂ ਸਾਹਿਬ ਜੀ ਦਾ ਥੜ੍ਹਾ ਇਸ ਇਤਿਹਾਸਕ ਅਸਥਾਨ 'ਤੇ ਅੱਜ ਵੀ ਸੁਸ਼ੋਭਿਤ ਹਨ। ਭਾਵੇਂ ਕਿ ਇਹ ਅਸਥਾਨ 1958-59 ਤਕ ਗੁਪਤ ਰਿਹਾ ਹੈ ਤੇ ਫਿਰ ਦਰਸ਼ਨ ਦੇ ਕੇ ਤੇ ਇਹ ਅਸਥਾਨ ਦੀਆਂ ਸਾਰੀਆਂ ਨਿਸ਼ਾਨੀਆਂ ਮਿਲਣ ਉਪਰੰਤ ਹੀ ਇਸ ਜਗ੍ਹਾ ਦੀ ਕਾਰ ਸੇਵਾ ਸੰਨ 1994 ਤੋਂ ਨਿਰੰਤਰ ਰੂਪ ਵਿਚ ਚੱਲ ਰਹੀ ਹੈ। ਇਸ ਵਾਰ ਛੇਵੇਂ ਪਾਤਸ਼ਾਹ ਜੀ ਦਾ ਸਾਲਾਨਾ ਦਿਹਾੜਾ ਮਿਤੀ 28 ਮਈ 2015 ਦਿਨ ਵੀਰਵਾਰ ਨੂੰ ਦਸਵੀਂ ਦਿਹਾੜੇ ਮੌਕੇ ਹੀ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਮਨਮੋਹਨ ਸਿੰਘ ਤੇ ਸੇਵਾਦਾਰ ਭਾਈ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦੇ ਪ੍ਰਬੰਧਕਾਂ ਵਲੋਂ ਚਲਾਏ ਜਾ ਰਹੇ ਗੁਰਮਤਿ ਵਿਦਿਆਲਾ ਵਿਚ ਬੱਚਿਆਂ ਨੂੰ ਗੁਰਬਾਣੀ, ਪਾਠ ਬੋਧ, ਕੀਰਤਨ ਸੰਥਿਆ ਅਤੇ ਸਕੂਲੀ ਵਿੱਦਿਆ ਮੁਫਤ ਦਿੱਤੀ ਜਾਂਦੀ ਹੈ।
—ਤਰਸੇਮ ਸ਼ਰਮਾ
ਆਪਣੀਆਂ ਅੱਖਾਂ 'ਤੇ ਯਕੀਨ ਸਭ ਤੋਂ ਜ਼ਰੂਰੀ
NEXT STORY