ਪਿਆਰੇ ਪਾਠਕੋ! ਇਸ ਵਾਰੀ ਅਸੀਂ ਆਪ ਜੀ ਨੂੰ ਪੁਆਧ ਇਲਾਕੇ 'ਚ ਸਥਿਤ ਜ਼ਿਲਾ ਮੋਹਾਲੀ ਦੇ ਬਹੁਤ ਹੀ ਵੱਡੇ ਤੇ ਸਦੀਆਂ ਪੁਰਾਣੇ ਇਤਿਹਾਸਕ ਪਿੰਡ ਘੜੂੰਆਂ ਬਾਰੇ ਜਾਣਕਾਰੀ ਦਿਆਂਗੇ। ਪਿੰਡ ਘੜੂੰਆਂ ਦਾ ਇਕ ਵੱਖਰਾ ਹੀ ਇਤਿਹਾਸ ਹੈ। ਇਹ ਪਿੰਡ ਪਾਂਡਵਾਂ ਦੇ ਇਤਿਹਾਸ ਨਾਲ ਵੀ ਜਾ ਜੁੜਦਾ ਹੈ। ਕਿਹਾ ਜਾਂਦਾ ਹੈ ਕਿ ਪਾਂਡਵਾਂ ਦੇ ਬਨਵਾਸ ਦੌਰਾਨ ਭੀਮ ਨੇ ਜਿਸ ਹੜੰਬਾ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ, ਉਸ ਦੀ ਕੁੱਖ ਤੋਂ ਘਟੋਤਕਚ ਨਾਂ ਦੇ ਪੁੱਤਰ ਦਾ ਪਿੰਡ ਘੜੂੰਆਂ ਵਿਖੇ ਹੀ ਜਨਮ ਹੋਇਆ ਦੱਸਿਆ ਜਾਂਦਾ ਹੈ। ਇਸ ਪਿੰਡ ਦੀ ਇਕ ਇਤਿਹਾਸਕ ਮਹਾਨਤਾ ਇਹ ਵੀ ਹੈ ਕਿ ਨੌਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਸ ਪਿੰਡ 'ਚ ਆਪਣੇ ਪਾਵਨ ਚਰਨ ਪਾਏ ਸਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੀ ਇਸ ਪਿੰਡ 'ਚ ਪਧਾਰੇ ਸਨ।
ਪਾਂਡਵਾਂ ਦੀ ਆਮਦ ਬਾਰੇ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਜਦੋਂ ਪਾਂਡਵਾਂ ਨੂੰ ਬਨਵਾਸ ਮਿਲਿਆ ਤਾਂ ਉਹ ਜ਼ਿਆਦਾਤਰ ਸਮਾਂ ਪੁਆਧ ਦੇ ਇਲਾਕੇ 'ਚ ਹੀ ਰਹੇ। ਪਹਿਲਾਂ ਪਿੰਜੌਰ ਆਦਿ ਦੇ ਇਲਾਕੇ 'ਚ ਘੁੰਮਦੇ ਰਹੇ ਤੇ ਫਿਰ ਘੜੂੰਏ ਦੇ ਨੇੜੇ ਪੈਂਦੇ ਪਿੰਡ ਮੜੌਲੀ ਵਾਲੇ ਪਾਸੇ ਟਿੱਬੀ ਕੋਲ ਰਹਿੰਦੇ ਰਹੇ। ਇਕ ਦਿਨ ਇਕ ਮੱਝ ਚਿੱਕੜ ਨਾਲ ਲਿੱਬੜ ਕੇ ਟਿੱਬੀ ਵਾਲੇ ਪਾਸੇ ਚਲੀ ਗਈ, ਜਿਸ ਨੂੰ ਮੋੜ ਕੇ ਭੀਮ ਫੇਰ ਇੱਧਰਲੇ ਪਾਸੇ ਹੀ ਲੈ ਆਇਆ ਤੇ ਬਹੁਤ ਹੀ ਰਮਣੀਕ ਥਾਂ ਦੇਖ ਕੇ ਉਸ ਨੇ ਵੱਡਾ ਤਲਾਬ ਖੋਦਿਆ। ਇਹ ਵੱਡਾ ਸਾਰਾ ਛੱਪੜ ਅੱਜ ਵੀ ਪਿੰਡ ਘੜੂੰਆਂ ਦੇ ਬੱਸ ਅੱਡੇ ਕੋਲ ਸਥਿਤ ਹੈ। ਪਾਂਡਵਾਂ ਨੇ ਇਥੇ ਇਸ ਤਲਾਬ ਦੇ ਚਾਰੇ ਪਾਸੇ ਚਾਰ ਮੰਦਿਰ ਵੀ ਉਸਾਰੇ। ਇਹ ਚਾਰੇ ਮੰਦਿਰ ਅੱਜ ਵੀ ਮੌਜੂਦ ਹਨ। ਵੱਡੇ ਮੰਦਿਰ 'ਚ ਅੱਜ ਵੀ ਦੂਰੋਂ-ਦੂਰੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਪਾਂਡਵਾਂ ਵਲੋਂ ਜੋ ਪੁਰਾਤਨ ਸ਼ਿਵਲਿੰਗ ਇਥੇ ਸਥਾਪਿਤ ਕਰਵਾਇਆ ਗਿਆ ਸੀ, ਉਹ ਅੱਜ ਵੀ ਇਥੇ ਮੌਜੂਦ ਹੈ।
ਇਥੇ ਹੀ ਹੜੰਬਾ ਨਾਂ ਦੀ ਇਕ ਜੰਗਲੀ ਔਰਤ ਭੀਮ ਨੂੰ ਮਿਲੀ, ਜਿਸ ਨਾਲ ਭੀਮ ਨੇ ਆਪਣੀ ਮਾਂ ਤੇ ਹੜੰਬਾ ਦੀ ਇੱਛਾ ਅਨੁਸਾਰ ਵਿਆਹ ਵੀ ਕਰਵਾਇਆ ਤੇ ਉਸ ਤੋਂ ਭੀਮ ਦਾ ਪੁੱਤਰ ਘਟੋਤਕਚ ਪੈਦਾ ਹੋਇਆ। ਕਈ ਲੋਕ ਇਸ ਬਾਰੇ ਇਹ ਵੀ ਆਖਦੇ ਹਨ ਕਿ ਜਦੋਂ ਵੀ ਰਾਤ ਸਮੇਂ ਪਾਂਡਵ ਸੌਂਦੇ ਸਨ ਤਾਂ ਇਕ ਜਣਾ ਪਹਿਰਾ ਦਿਆ ਕਰਦਾ ਸੀ। ਹੜੰਬਾ ਦੇ ਭਰਾ ਨੂੰ ਜਦੋਂ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਉਹ ਇਨ੍ਹਾਂ ਨੂੰ ਮਾਰਨ ਲਈ ਆਇਆ ਤੇ ਅੱਗੋਂ ਭੀਮ ਨਾਲ ਉਸ ਦੀ ਲੜਾਈ ਹੋ ਗਈ। ਇਸ ਲੜਾਈ 'ਚ ਹੜੰਬਾ ਦਾ ਭਰਾ ਮਾਰਿਆ ਗਿਆ ਤੇ ਹੜੰਬਾ ਇਹ ਸੋਚ ਕੇ ਰੋਣ ਲੱਗ ਪਈ ਕਿ ਹੁਣ ਉਸ ਦੀ ਰਾਖੀ ਕੌਣ ਕਰੇਗਾ ਤੇ ਉਸ ਦੇ ਭਰਾ ਤੋਂ ਬਿਨਾਂ ਹੁਣ ਉਸ ਦਾ ਹੋਰ ਕਿਹੜਾ ਸਹਾਰਾ ਬਚਿਆ ਹੈ ਤਾਂ ਕੁੰਤੀ (ਪਾਂਡਵਾਂ ਦੀ ਮਾਤਾ) ਨੇ ਕਿਹਾ ਕਿ ਉਹ ਡਰੇ ਨਾ ਅਤੇ ਭੀਮ ਨੂੰ ਉਸ ਨਾਲ ਵਿਆਹ ਕਰ ਲੈਣ ਲਈ ਕਿਹਾ। ਅੱਜ ਵੀ ਟਿੱਬੀ ਵਾਲੇ ਪਾਸਿਓਂ ਮਹਾਭਾਰਤ ਦੇ ਸਮੇਂ ਦੇ ਪੁਰਾਣੇ ਬਰਤਨ ਧਰਤੀ ਹੇਠੋਂ ਨਿਕਲਦੇ ਹਨ। ਪੁਰਾਤੱਤਵ ਵਿਭਾਗ ਨੂੰ ਇਸ ਬਹੁਮੁੱਲੀ ਵਿਰਾਸਤ ਨੂੰ ਬਚਾਉਣਾ ਚਾਹੀਦਾ ਹੈ।
ਇਹ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਲੋਕਾਈ ਦੇ ਲੋਕਾਂ ਦੇ ਭਲੇ ਲਈ ਧਰਮ ਪ੍ਰਚਾਰ ਦੇ ਲੰਮੇ- ਲੰਮੇ ਦੌਰੇ ਕੀਤੇ। ਆਪ ਜੀ ਨੇ ਇਸ ਇਲਾਕੇ ਵਿਚ ਧਰਮ ਦੇ ਪ੍ਰਚਾਰ ਲਈ ਬਹੁਤ ਯਤਨ ਕੀਤੇ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਖਾਲਸਾ ਪੰਥ ਦੀ ਸਿਰਜਣਾ ਲਈ ਵੀ ਪੁਆਧ ਦਾ ਹੀ ਇਲਾਕਾ ਚੁਣਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪ੍ਰਚਾਰ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਪਏ ਤੇ ਭਰਤਗੜ੍ਹ, ਰੋਪੜ, ਕੁਰਾਲੀ ਆਦਿ ਪਿੰਡਾਂ ਵਿਚ ਦੀ ਹੁੰਦੇ ਹੋਏ ਪਿੰਡ ਘੜੂੰਆਂ ਵਿਖੇ ਪੁੱਜੇ। ਇਸ ਵੇਲੇ ਤਕ ਗੁਰੂ ਘਰ ਦੇ ਦੋਖੀ ਧੀਰਮੱਲੀਏ ਗੁਰੂ ਜੀ ਦੀ ਚੜ੍ਹਤ ਤੋਂ ਬਹੁਤ ਹੀ ਮਚੇ ਪਏ ਸਨ। ਜਦੋਂ ਗੁਰੂ ਜੀ ਪਿੰਡ ਘੜੂੰਆਂ ਵਿਖੇ ਪੁੱਜੇ ਤਾਂ ਧੀਰਮੱਲੀਏ ਇਰਾਮਦਾਸ ਨੇ ਗੁਰੂ ਜੀ ਨਾਲ ਖੁਣਸ ਖਾਧੀ। ਉਹ ਕਿਸੇ ਵੀ ਵਿਅਕਤੀ ਨੂੰ ਗੁਰੂ ਜੀ ਦੀ ਸੇਵਾ ਲਈ ਅੱਗੇ ਨਹੀਂ ਸੀ ਆਉਣ ਦੇ ਰਿਹਾ। ਸਾਰਿਆਂ ਨੂੰ ਉਸ ਨੇ ਡਰਾ-ਧਮਕਾ ਕੇ ਜਾਂ ਪਿਆਰ ਨਾਲ ਇਸ ਗੱਲ ਲਈ ਮਨਾ ਲਿਆ ਕਿ ਕੋਈ ਵੀ ਗੁਰੂ ਸਾਹਿਬ ਵੱਲ ਨਾ ਜਾਵੇ।
ਸ਼ਾਂਤੀ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨ ਵਿਚ ਕੋਈ ਵੀ ਰੋਸ ਨਾ ਕੀਤਾ ਤੇ ਸਿਰਫ ਇੰਨਾ ਕਿਹਾ ਕਿ ਇਨ੍ਹਾਂ ਦੇ ਅੰਦਰੋਂ ਖੁਣਸ ਨਹੀਂ ਖਤਮ ਹੋਣੀ। ਗੁਰੂ ਜੀ ਉਥੋਂ ਉੱਠ ਕੇ ਮੁੜ ਕੁਰਾਲੀ ਵਾਲੇ ਪਾਸੇ ਨੂੰ ਹੀ ਥੋੜ੍ਹੀ ਦੂਰੀ 'ਤੇ ਸਥਿਤ ਇਕ ਸਾਦੇ ਪਾਣੀ ਦੇ ਤਲਾਬ (ਛੱਪੜ) ਦੇ ਕਿਨਾਰੇ ਜਾ ਬੈਠੇ। ਇਹ ਅਸਥਾਨ ਪਿੰਡ ਘੜੂੰਆਂ ਤੋਂ ਬਾਹਰ ਵੱਲ ਹੈ। ਇਥੇ ਉਸ ਵੇਲੇ ਇਕ ਸੰਘਣਾ ਤੇ ਸ਼ਾਂਤ ਬਾਗ ਹੁੰਦਾ ਸੀ। ਗੁਰੂ ਜੀ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਗਏ। ਇਥੇ ਆਮ ਤੌਰ 'ਤੇ ਲੋਕੀਂ ਘੱਟ ਹੀ ਆਉਂਦੇ ਸਨ। ਇਕ ਦਿਨ ਤੇ ਰਾਤ ਇਸੇ ਤਰ੍ਹਾਂ ਬੀਤ ਗਿਆ। ਗੁਰੂ ਜੀ ਭਗਤੀ ਵਿਚ ਹੀ ਲੀਨ ਰਹੇ। ਸੇਵਾਦਾਰਾਂ ਨੇ ਵੀ ਗੁਰੂ ਜੀ ਨੂੰ ਇਸ ਲਈ ਬਹੁਤਾ ਪ੍ਰੇਸ਼ਾਨ ਕਰਨਾ ਠੀਕ ਨਾ ਸਮਝਿਆ ਕਿਉਂਕਿ ਗੁਰੂ ਜੀ ਅਕਸਰ ਹੀ ਕਈ-ਕਈ ਦਿਨ ਭਗਤੀ 'ਚ ਲੀਨ ਹੋ ਜਾਇਆ ਕਰਦੇ ਸਨ। ਉਂਝ ਸੇਵਾਦਾਰਾਂ ਦੀ ਮਨਸ਼ਾ ਸੀ ਕਿ ਗੁਰੂ ਜੀ ਕੁਝ ਖਾ-ਪੀ ਲੈਣ ਪਰ ਗੁਰੂ ਜੀ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਭਗਤੀ ਕਰਦਿਆਂ ਨੂੰ ਬੁਲਾਉਣਾ ਠੀਕ ਨਾ ਸਮਝਿਆ।
ਅਗਲੇ ਦਿਨ ਸਵੇਰ ਵੇਲੇ ਹੀ ਇਕ ਸ਼ਰਧਾਲੂ ਬਲਪ ਰਾਮ ਜੀ, ਜੋ ਕਿ ਤਰਖਾਣਾ ਕੰਮ ਕਰਦਾ ਸੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਆ ਪੇਸ਼ ਹੋਇਆ। ਉਸ ਦੇ ਮਨ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਤਾਂਘ ਸੀ ਪਰ ਇਰਾਮਦਾਸ ਦੇ ਡਰ ਤੋਂ ਪਹਿਲਾਂ ਗੁਰੂ ਜੀ ਦੇ ਕੋਲ ਨਹੀਂ ਸੀ ਆਇਆ। ਉਸ ਨੇ ਆਉਂਦਿਆਂ ਹੀ ਆਪਣਾ ਸੀਸ ਗੁਰੂ ਜੀ ਦੇ ਚਰਨਾਂ 'ਤੇ ਨਿਵਾ ਦਿੱਤਾ ਤੇ ਰੋ-ਰੋ ਕੇ ਬੇਨਤੀਆਂ ਕਰਨ ਲੱਗ ਪਿਆ। ਉਸ ਨੇ ਕਿਹਾ, ''ਸੱਚੇ ਪਾਤਸ਼ਾਹ ਜੀ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕ੍ਰਿਪਾ ਕਰਕੇ ਬਖਸ਼ ਲਵੋ। ਹਜ਼ੂਰ ਸੱਚੇ ਪਾਤਸ਼ਾਹ ਪਹਿਲਾਂ ਤਾਂ ਮੈਂ ਭੁੱਲਿਆ ਰਿਹਾ ਪਰ ਹੁਣ ਮੇਰੀ ਬੇਨਤੀ ਨੂੰ ਮੰਨ ਕੇ ਮੇਰੀ ਸੇਵਾ ਕਬੂਲ ਕਰੋ।'' ਬਲਪ ਰਾਮ ਆਪਣੇ ਨਾਲ ਗੁਰੂ ਜੀ ਲਈ ਦੁੱਧ ਤੇ ਪ੍ਰਸ਼ਾਦੇ ਲੈ ਕੇ ਆਇਆ ਸੀ। ਉਸ ਨੇ ਗੁਰੂ ਜੀ ਨੂੰ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਪ੍ਰਸ਼ਾਦੇ ਛਕਾਏ ਤੇ ਦੁੱਧ ਪਿਲਾਇਆ। ਗੁਰੂ ਜੀ ਬਲਪ ਰਾਮ ਜੀ ਦੀ ਸੇਵਾ ਤੋਂ ਬਹੁਤ ਹੀ ਪ੍ਰਸੰਨ ਹੋਏ। ਪਿਆਰ ਭਰਿਆ ਹੱਥ ਗੁਰੂ ਜੀ ਨੇ ਬਲਪ ਰਾਮ ਜੀ ਦੇ ਸਿਰ 'ਤੇ ਰੱਖਿਆ। ਅਸੀਸਾਂ ਦਿੱਤੀਆਂ। ਗੁਰੂ ਜੀ ਨੇ ਕਿਹਾ ਕਿ ਬਲਪ ਰਾਮ ਦੀ ਕੁਲ ਬਹੁਤ ਵਧੇ-ਫੁੱਲੇਗੀ। ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਰਹੇਗੀ। ਇਸ ਪਿੰਡ ਘੜੂੰਆਂ ਦੀ ਇਕ ਹੋਰ ਵਿਸ਼ੇਸ਼ਤਾ ਤੇ ਮਾਣ ਵਾਲੀ ਗੱਲ ਇਹ ਹੈ ਕਿ ਜਦੋਂ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਇਥੋਂ ਹੀ ਖੰਡਾ ਬਾਟਾ ਬਣ ਕੇ ਤਿਆਰ ਹੋ ਕੇ ਗਿਆ ਸੀ।
ਇਸ ਪਵਿੱਤਰ ਸਥਾਨ 'ਤੇ ਅੱਜਕਲ ਇਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਅਤੇ ਪਵਿੱਤਰ ਸਰੋਵਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਜੀ ਦਾ ਨਾਂ ਅਕਾਲਗੜ੍ਹ ਸਾਹਿਬ ਹੈ। ਇਥੇ ਹਰ ਸਾਲ ਜੇਠ ਸੁਦੀ ਦਸਮੀ ਨੂੰ ਲੱਖਾਂ ਸੰਗਤਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਘਰ ਜਾ ਕੇ ਮੱਥਾ ਟੇਕਦੀਆਂ ਹਨ। ਹਰ ਸਾਲ ਜੇਠ ਸੁਦੀ ਦਸਮੀ ਨੂੰ ਇਹ ਸਾਲਾਨਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਹਨ, ਜੋ ਕਿ ਸਾਰੇ ਕੰਮਾਂ ਦੀ ਦੇਖ-ਰੇਖ ਤੇ ਪ੍ਰਬੰਧ ਕਰਦੇ ਹਨ। (ਚਲਦਾ)
- ਗੁਰਪ੍ਰੀਤ ਸਿੰਘ ਨਿਆਮੀਆਂ
ਕੀ ਹੈ ਧਿਆਨ ਲਗਾਉਣਾ
NEXT STORY