ਨਿਰਜਲਾ ਇਕਾਦਸ਼ੀ ਦੇ ਵਰਤ ਦਾ ਹਿੰਦੂ ਮੱਤ ਵਿਚ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਉਝ ਤਾਂ ਭਾਵੇਂ ਸਾਲ ਦੀਆਂ ਸਾਰੀਆਂ 26 ਇਕਾਦਸ਼ੀਆਂ ਦੇ ਵਰਤ ਦਾ ਫਲ ਮਿਲਦਾ ਹੈ ਪਰ ਜੇਠ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ, ਜਿਹੜੀ ਕਿ ਨਿਰਜਲਾ ਇਕਾਦਸ਼ੀ ਦੇ ਨਾਂ ਨਾਲ ਪ੍ਰਸਿੱਧ ਹੈ, ਬੜੀ ਫਲਦਾਇਕ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੋ ਨਿਰਜਲਾ ਇਕਾਦਸ਼ੀ ਦਾ ਵਰਤ ਵਿਧੀ ਅਨੁਸਾਰ ਕਰਦਾ ਹੈ, ਉਸ ਨੂੰ ਸਾਰੀਆਂ 26 ਇਕਾਦਸ਼ੀਆਂ ਦਾ ਫਲ ਮਿਲਦਾ ਹੈ। ਇਸ ਸੰਬੰਧ ਵਿਚ ਇਕ ਕਥਾ ਇਸ ਪ੍ਰਕਾਰ ਕਹੀ ਜਾਂਦੀ ਹੈ : ਇਕ ਸਮੇਂ ਵਿਚ ਮਹਾਰਿਸ਼ੀ ਵੇਦ ਵਿਆਸ ਨੇ ਮਹਾਬਲੀ ਭੀਮ ਨੂੰ ਇਕਾਦਸ਼ੀਆਂ ਦੇ ਵਰਤਾਂ ਦੀ ਕਥਾ ਸੁਣਾਈ। ਕਥਾ ਸੁਣ ਕੇ ਭੀਮ ਸੈਨ ਪ੍ਰਭਾਵਿਤ ਹੋਇਆ ਪਰ ਉਹ ਹੋਰ ਤਾਂ ਸਭ ਕੁਝ ਕਰ ਸਕਦਾ ਸੀ ਪਰ ਨਿਰਜਲ ਰਹਿਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਇਸ 'ਤੇ ਉਸ ਨੇ ਵੇਦ ਵਿਆਸ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਕੋਈ ਅਜਿਹਾ ਉਪਾਅ ਦੱਸੋ ਕਿ ਮੈਂ ਸਾਲ ਭਰ ਵਿਚ ਸਿਰਫ ਇਕ ਹੀ ਵਰਤ ਕਰਾਂ। ਮਹਾਰਿਸ਼ੀ ਵੇਦ ਵਿਆਸ ਜੀ ਨੇ ਭੀਮ ਨੂੰ ਕਿਹਾ ਕਿ ਤੂੰ ਜੇਠ ਮਹੀਨੇ ਦੀ ਨਿਰਜਲਾ ਇਕਾਦਸ਼ੀ ਨੂੰ ਸਿਰਫ ਇਕ ਵਾਰ ਵਰਤ ਕਰ ਲਿਆ ਕਰ ਤਾਂ ਤੁਹਾਨੂੰ ਸਾਲ ਦੀਆਂ ਸਾਰੀਆਂ ਇਕਾਦਸ਼ੀਆਂ ਦਾ ਫਲ ਪ੍ਰਾਪਤ ਹੋ ਜਾਵੇਗਾ। ਇਸ ਤਰ੍ਹਾਂ ਜੇਠ ਮਹੀਨੇ ਦੀ ਨਿਰਜਲਾ ਇਕਾਦਸ਼ੀ ਸਭ ਤੋਂ ਉੱਤਮ ਮੰਨੀ ਗਈ ਹੈ। ਇਸ ਦਿਨ ਬਿਲਕੁਲ ਨਿਰਜਲ ਰਹਿਣਾ ਹੁੰਦਾ ਹੈ, ਜਦੋਂਕਿ ਇਸ ਮੌਸਮ ਵਿਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪਿਆਸ ਵੀ ਜ਼ਿਆਦਾ ਲੱਗਦੀ ਹੈ।
ਨਿਰਜਲਾ ਇਕਾਦਸ਼ੀ ਦੇ ਧਰਮ ਪੱਖ ਅਨੁਸਾਰ ਕਥਾ ਇਸ ਪ੍ਰਕਾਰ ਕਹੀ ਜਾਂਦੀ ਹੈ ਕਿ ਸੱਤਯੁੱਗ ਦੇ ਜ਼ਮਾਨੇ ਵਿਚ ਤਾਰਜੰਗ ਨਾਂ ਦਾ ਇਕ ਰਾਕਸ਼ਸ ਸੀ ਅਤੇ ਉਸ ਦੇ ਪੁੱਤਰ ਮੁਰ ਨੇ ਦੇਵਤਿਆਂ ਨੂੰ ਬਹੁਤ ਤੰਗ ਕੀਤਾ। ਦੇਵਤੇ ਅਮਰਾਵਤੀ ਛੱਡ ਕੇ ਭੱਜ ਨਿਕਲੇ ਅਤੇ ਸ਼੍ਰੀ ਵਿਸ਼ਨੂੰ ਭਗਵਾਨ ਕੋਲ ਪਹੁੰਚ ਕੇ ਆਪਣੀ ਰੱਖਿਆ ਲਈ ਬੇਨਤੀ ਕੀਤੀ। ਬੇਨਤੀ ਨੂੰ ਮੰਨ ਕੇ ਭਗਵਾਨ ਸ਼੍ਰੀ ਵਿਸ਼ਨੂੰ ਨੇ ਮੁਰ ਦੀ ਰਾਜਧਾਨੀ ਚੰਦਰਾਵਤੀ 'ਤੇ ਚੜ੍ਹਾਈ ਕਰਕੇ ਮੁਰ ਦੀ ਵਿਸ਼ਾਲ ਸੈਨਾ ਨੂੰ ਹਰਾ ਦਿੱਤਾ ਅਤੇ ਮੁਰ ਦੀ ਸਾਰੀ ਸੈਨਾ ਮਾਰੀ ਗਈ ਪਰ ਮੁਰ ਨੂੰ ਬ੍ਰਹਮਾ ਦਾ ਵਰਦਾਨ ਪ੍ਰਾਪਤ ਹੋਣ ਕਰਕੇ ਉਸ ਨੂੰ ਕੁਝ ਨਹੀਂ ਹੋਇਆ, ਜਿਸ ਕਾਰਨ ਉਸ ਨਾਲ ਲਗਾਤਾਰ ਯੁੱਧ ਚੱਲਦਾ ਰਿਹਾ ਅਤੇ ਅੰਤ ਵਿਚ ਸ਼੍ਰੀ ਵਿਸ਼ਨੂੰ ਭਗਵਾਨ ਚਿੰਤਤ ਹੋ ਉੱਠੇ ਅਤੇ ਕੁਝ ਥਕਾਵਟ ਮਹਿਸੂਸ ਕੀਤੀ।
ਉਹ ਯੁੱਧ ਛੱਡ ਕੇ ਬਦਰੀਕਾ ਧਾਮ ਦੀ ਇਕ ਵੱਡੀ ਗੁਫਾ ਵਿਚ ਜਾ ਕੇ ਲੇਟ ਗਏ ਅਤੇ ਉਨ੍ਹਾਂ ਨੂੰ ਨੀਂਦ ਆ ਗਈ ਅਤੇ ਉਹ ਸਾਲਾਂ ਬੱਧੀ ਸੁੱਤੇ ਰਹੇ। ਦੂਜੇ ਪਾਸੇ ਮੁਰ ਨੂੰ ਭਾਰੀ ਅਸ਼ਾਂਤੀ ਸੀ ਅਤੇ ਉਹ ਭਗਵਾਨ ਵਿਸ਼ਨੂੰ ਨੂੰ ਹਰਾਉਣਾ ਚਾਹੁੰਦਾ ਸੀ। ਇਸ 'ਤੇ ਉਹ ਲੱਭਦਾ-ਲੱਭਦਾ ਉਸੇ ਗੁਫਾ ਵਿਚ ਜਾ ਪੁੱਜਿਆ, ਜਿਥੇ ਸ਼੍ਰੀ ਵਿਸ਼ਨੂੰ ਭਗਵਾਨ ਸੁੱਤੇ ਹੋਏ ਸੀ ਪਰ ਮੁਰ ਇਕੱਲੇ ਵਿਸ਼ਨੂੰ ਨੂੰ ਉਹ ਵੀ ਸੁੱਤੇ ਹੋਏ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸ ਦਾ ਸਿਰ ਕੱਟਣ ਦੀ ਸੋਚੀ। ਉਸੇ ਪਲ ਸ਼੍ਰੀ ਵਿਸ਼ਨੂੰ ਭਗਵਨ ਦੇ ਸਰੀਰ 'ਚੋਂ ਇਕ ਤੇਜਸਵੀ ਕੰਨਿਆ ਪ੍ਰਗਟ ਹੋਈ, ਜੋ ਬਹੁਤ ਸੁੰਦਰ ਸੀ, ਜਿਸ ਨੂੰ ਦੇਖ ਕੇ ਮੁਰ ਮੋਹਿਤ ਹੋ ਗਿਆ ਪਰ ਕੰਨਿਆ ਨੇ ਉਸ ਨੂੰ ਯੁੱਧ ਲਈ ਲਲਕਾਰਿਆ। ਕਿਉਂਕਿ ਕੰਨਿਆ ਵਿਸ਼ਨੂੰ ਸ਼ਕਤੀ ਦਾ ਅਵਤਾਰ ਸੀ, ਇਸ ਲਈ ਉਸ ਨੇ ਯੁੱਧ ਵਿਚ ਮੁਰ ਨੂੰ ਹਰਾ ਦਿੱਤਾ ਅਤੇ ਉਸ ਨੂੰ ਮਾਰ ਮੁਕਾਇਆ। ਇਹ ਦੇਖ ਕੇ ਦੇਵਤਿਆਂ ਨੇ ਖੁਸ਼ੀ ਮਨਾਈ। ਇਸੇ ਸ਼ੋਰ-ਸ਼ਰਾਬੇ ਵਿਚ ਸ਼੍ਰੀ ਵਿਸ਼ਨੂੰ ਭਗਵਾਨ ਦੀ ਨੀਂਦ ਖੁੱਲ੍ਹ ਗਈ ਅਤੇ ਉਨ੍ਹਾਂ ਨੇ ਉੱਠਦਿਆਂ ਹੀ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਦੇਵਤਿਆਂ ਨੇ ਕੰਨਿਆ ਬਾਰੇ ਦੱਸਿਆ। ਸ਼੍ਰੀ ਵਿਸ਼ਨੂੰ ਦੇ ਪੁੱਛਣ 'ਤੇ ਕੰਨਿਆ ਨੇ ਦੱਸਿਆ ਕਿ ਮੈਂ ਆਪ ਦੀ ਪੁੱਤਰੀ ਇਕਾਦਸ਼ੀ ਹਾਂ। ਇਹ ਸੁਣ ਕੇ ਵਿਸ਼ਨੂੰ ਭਗਵਾਨ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਉਨ੍ਹਾਂ ਨੇ ਕੰਨਿਆ ਨੂੰ ਵਰ ਮੰਗਣ ਲਈ ਕਿਹਾ ਤਾਂ ਕੰਨਿਆ ਨੇ ਵਰ ਵਿਚ ਮੰਗਿਆ ਕਿ ਆਪ ਮੈਨੂੰ ਸਦਾ ਆਪਣੀ ਸ਼ਰਨ ਵਿਚ ਰੱਖੋ। ਮੈਨੂੰ ਆਪ ਉਹ ਸਭ ਕੁਝ ਦਿਓ, ਜਿਸ ਨਾਲ ਤੁਹਾਡੇ ਚਰਨਾਂ ਵਿਚ ਭਗਤੀ ਨਾਲ ਹੀ, ਜੋ ਕੋਈ ਮੇਰੇ ਨਾਂ ਦਾ ਵਰਤ ਕਰੇ, ਉਸ ਨੂੰ ਇਸ ਪ੍ਰਕਾਰ ਦੀ ਸਿੱਧੀ ਪ੍ਰਾਪਤ ਹੋਵੇ, ਤਾਂ ਸ਼੍ਰੀ ਵਿਸ਼ਨੂੰ ਭਗਵਾਨ ਨੇ ਇਸ ਵਰਤ ਦਾ ਵਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਉਸੇ ਵਰਦਾਨ ਦੇ ਬਾਅਦ ਇਕਾਦਸ਼ੀ ਦਾ ਵਰਤ ਸ਼ੁਰੂ ਹੋਇਆ। ਸਾਰੀਆਂ 26 ਇਕਾਦਸ਼ੀਆਂ ਦਾ ਫਲ ਅਲੱਗ-ਅਲੱਗ ਮੰਨਿਆ ਜਾਂਦਾ ਹੈ ਪਰ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਦਾ ਵਰਤ ਕਰਨ ਨਾਲ ਲੰਬੀ ਉਮਰ ਅਤੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ।
ਨਿਰਜਲਾ ਇਕਾਦਸ਼ੀ ਨੂੰ ਲੋਕ ਫਲ, ਛੱਤਰੀ, ਪੱਖੀਆਂ ਆਦਿ ਦਾਨ ਕਰਦੇ ਹਨ। ਥਾਂ-ਥਾਂ 'ਤੇ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲੱਗਦੀਆਂ ਹਨ। ਜ਼ਰੂਰਤ ਹੈ ਕਿ ਇਸ ਪਵਿੱਤਰ ਅਤੇ ਫਲਦਾਇਕ ਧਾਰਮਿਕ ਵਰਤ ਨਿਰਜਲਾ ਇਕਾਦਸ਼ੀ ਦੀ ਸਹੀ ਭਾਵਨਾ ਅਤੇ ਇਸ ਦੇ ਮਹੱਤਵ ਨੂੰ ਸਮਝਿਆ ਜਾਵੇ ਅਤੇ ਫਲ ਦੀ ਪ੍ਰਾਪਤੀ ਲਈ ਸਾਧਨਾ ਭਰਪੂਰ ਵਰਤ ਕਰਕੇ ਲਾਭ ਪ੍ਰਾਪਤ ਕੀਤਾ ਜਾਵੇ।
ਬਾਣੀ ਭਗਤ ਕਬੀਰ ਜੀ
NEXT STORY