ਜੇਠ ਸੁਦੀ ਦਸਵੀਂ ਨੂੰ ਗੰਗਾ ਦੁਸਹਿਰਾ ਕਿਹਾ ਜਾਂਦਾ ਹੈ। ਇਸੇ ਦਿਨ ਨਦੀਆਂ 'ਚੋਂ ਪਵਿੱਤਰ ਤੇ ਪ੍ਰਸਿੱਧ ਗੰਗਾ ਜੀ ਨੂੰ ਭਗੀਰਥ ਦੁਆਰਾ ਸਵਰਗ ਲੋਕ ਤੋਂ ਧਰਤੀ 'ਤੇ ਲਿਆਂਦਾ ਗਿਆ ਸੀ। ਇਸ ਦਿਨ ਸ਼੍ਰੀ ਗੰਗਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੰਗਾ ਦੁਸਹਿਰਾ ਦੇ ਦਿਨ ਗੰਗਾ ਵਿਚ ਇਸ਼ਨਾਨ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ।
ਕਿਹਾ ਜਾਂਦਾ ਹੈ ਕਿ ਜੇਕਰ ਨਾ ਹੋ ਸਕੇ ਤਾਂ ਜ਼ਰੂਰੀ ਨਹੀਂ ਕਿ ਦੁਸਹਿਰੇ ਨੂੰ ਗੰਗਾ ਵਿਚ ਹੀ ਇਸ਼ਨਾਨ ਕੀਤਾ ਜਾਵੇ। ਗੰਗਾ ਤੋਂ ਸੌ ਯੋਜਨ ਦੂਰ ਬੈਠ ਕੇ ਵੀ ਜੇਕਰ ਕੋਈ ਵਿਅਕਤੀ ਸੱਚੀ ਸ਼ਰਧਾ ਨਾਲ ਗੰਗਾ ਜੀ ਦੇ ਨਾਮ ਦਾ ਉਚਾਰਨ ਕਰੇ ਤਾਂ ਉਹ ਪਾਪਾਂ ਤੋਂ ਮੁਕਤ ਹੋ ਕੇ ਵਿਸ਼ਨੂੰ ਲੋਕ ਦੀ ਪ੍ਰਾਪਤੀ ਕਰਦਾ ਹੈ, ਜਿਸ ਕਾਰਨ ਸ਼੍ਰੀ ਗੰਗਾ ਜੀ ਦਾ ਸਾਡੇ ਇਤਿਹਾਸ ਵਿਚ ਬੜਾ ਮਹੱਤਵਪੂਰਨ ਸਥਾਨ ਹੈ।
ਗੰਗਾ ਜੀ ਦੀ ਕਥਾ ਇਸ ਪ੍ਰਕਾਰ ਹੈ : ਪੁਰਾਣੇ ਸਮੇਂ 'ਚ ਅਯੁੱਧਿਆ ਦੇ ਰਾਜਾ ਸਗਰ ਨੂੰ ਆਪਣੀ ਪਰਜਾ ਪ੍ਰਾਣਾਂ ਤੋਂ ਵੀ ਪਿਆਰੀ ਸੀ। ਪਰਜਾ ਦੇ ਜਲ ਸੰਕਟ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਗੰਗਾ ਮਾਤਾ ਨੂੰ ਲੋਕ ਕਲਿਆਣ ਲਈ ਧਰਤੀ 'ਤੇ ਲਿਆਉਣ ਦਾ ਦ੍ਰਿੜ੍ਹ ਸੰਕਲਪ ਲਿਆ। ਰਾਜਾ ਸਗਰ ਦੇ ਸੱਠ ਹਜ਼ਾਰ ਪੁੱਤਰਾਂ ਨੇ ਮਿਲ ਕੇ ਇਸ ਨਿਸ਼ਚੈ ਦੀ ਪ੍ਰਾਪਤੀ ਲਈ ਕੀਤਾ ਗਿਆ ਯੱਗ ਸਫਲ ਬਣਾਇਆ। ਇਸ ਯੱਗ ਦਾ ਸੰਪੂਰਨ ਵਰਣਨ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਨੂੰ ਜਨਕ ਪੁਰੀ ਦੀ ਪੈਦਲ ਯਾਤਰਾ ਕਰਦੇ ਸਮੇਂ ਗੰਗਾ ਦੇ ਕਿਨਾਰੇ ਖੜ੍ਹੇ ਹੋ ਕੇ ਸੁਣਾਇਆ ਸੀ, ਜੋ ਇਸ ਪ੍ਰਕਾਰ ਹੈ : ਇਕ ਵਾਰ ਰਾਜਾ ਸਗਰ ਨੇ ਬਹੁਤ ਵੱਡਾ ਯੱਗ ਕੀਤਾ। ਯੱਗ ਦੀ ਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ਅੰਸ਼ਭਾਨ ਨੇ ਆਪਣੇ ਉਪਰ ਲਈ। ਸਗਰ ਦੇ ਯੱਗ ਵਾਲੇ ਘੋੜੇ ਨੂੰ ਦੇਵਰਾਜ ਇੰਦਰ ਨੇ ਚੁਰਾ ਲਿਆ। ਚੋਰੀ ਨੂੰ ਯੱਗ ਵਿਚ ਵਿਘਨ ਮੰਨ ਕੇ ਅੰਸ਼ੂਭਾਨ ਨੇ ਪ੍ਰਜਾ ਦੇ ਸੱਠ ਹਜ਼ਾਰ ਪੁਰਸ਼ਾਂ ਨੂੰ ਨਾਲ ਲੈ ਕੇ ਘੋੜੇ ਦੀ ਖੋਜ ਸ਼ੁਰੂ ਕੀਤੀ। ਸਾਰੀ ਧਰਤੀ 'ਤੇ ਘੋੜੇ ਦਾ ਕਿਤੇ ਵੀ ਪਤਾ ਨਾ ਚੱਲਿਆ। ਪਾਤਾਲ ਲੋਕ ਵਿਚ ਤਲਾਸ਼ ਕਰਨ ਲਈ ਉਨ੍ਹਾਂ ਧਰਤੀ ਦਾ ਬਹੁਤ ਵੱਡਾ ਹਿੱਸਾ ਖੋਦ ਦਿੱਤਾ¸ਪਾਤਾਲ ਵਿਚ ਸਨਾਤਨ ਭਗਵਾਨ ਵਾਸੂਦੇਵ ਮਹਾਰਿਸ਼ੀ ਕਪਿਲ ਦੇ ਰੂਪ ਵਿਚ ਬੈਠੇ ਤਪ ਕਰ ਰਹੇ ਸਨ। ਸਗਰ ਦਾ ਚੋਰੀ ਕੀਤਾ ਗਿਆ ਘੋੜਾ ਵੀ ਉਥੇ ਹੀ ਚਰ ਰਿਹਾ ਸੀ। ਘੋੜਾ ਦੇਖ ਕੇ ਸਭ ਖੁਸ਼ ਹੋ ਉੱਠੇ। ਮਹਾਰਿਸ਼ੀ ਕਪਿਲ ਦੀ ਸਮਾਧੀ ਭੰਗ ਹੋ ਗਈ। ਯੋਗ ਨੀਂਦ ਤੋਂ ਜਾਗਦੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਅਗਨੀ ਨਾਲ ਸਾਰੇ ਹੀ ਜਲ ਗਏ।
ਬਹੁਤ ਚਿਰ ਬਾਅਦ ਉਨ੍ਹਾਂ ਮਰੇ ਹੋਏ ਲੋਕਾਂ ਦੀ ਚਿੰਤਾ ਨਾਲ ਵਿਆਕੁਲ ਮਹਾਰਾਜ ਦਲੀਪ (ਜੋ ਰਾਜਾ ਸਗਰ ਦੇ ਪੁੱਤਰ ਅੰਸ਼ੂਭਾਨ ਦੇ ਪੁੱਤਰ ਸਨ) ਦੇ ਪੁੱਤਰ ਭਗੀਰਥ ਨੇ ਕਠਿਨ ਤਪੱਸਿਆ ਕੀਤੀ। ਉਨ੍ਹਾਂ ਦੇ ਪਿਤਾ, ਦਾਦਾ ਸਭ ਹੀ ਗੰਗਾ ਨੂੰ ਲਿਆਉਣ ਵਿਚ ਅਸਫਲ ਰਹੇ ਸਨ। ਭਗੀਰਥ ਨੇ ਇਸ ਅਸਫਲਤਾ ਨੂੰ ਸਫਲਤਾ ਵਿਚ ਬਦਲਣ ਲਈ ਹੀ ਇਹ ਤਪੱਸਿਆ ਕੀਤੀ। ਵਕਤ ਆਉਣ 'ਤੇ ਉਨ੍ਹਾਂ ਨੇ ਪ੍ਰਜਾਪਤੀ ਬ੍ਰਹਮਾ ਤੋਂ ਗੰਗਾ ਦੀ ਮੰਗ ਕੀਤੀ। ਪ੍ਰਜਾਪਤੀ ਨੇ ਕਿਹਾ¸ਰਾਜਨ, ਤੂੰ ਗੰਗਾ ਨੂੰ ਸਵਰਗ ਤੋਂ ਧਰਤੀ 'ਤੇ ਉਤਾਰਨਾ ਚਾਹੁੰਦਾ ਹੈ ਪਰ ਕੀ ਤੂੰ ਕਦੇ ਇਹ ਵੀ ਸੋਚਿਆ ਹੈ ਕਿ ਧਰਤੀ ਗੰਗਾ ਦਾ ਭਾਰ ਤੇ ਚਾਲ ਸੰਭਾਲ ਵੀ ਸਕੇਗੀ ਜਾਂ ਨਹੀਂ। ਇਸ ਦਾ ਭਾਰ ਤਾਂ ਸਿਰਫ ਸ਼ਿਵਜੀ ਹੀ ਸੰਭਾਲ ਸਕਦੇ ਹਨ। ਜੇਕਰ ਤੁਸੀਂ ਉਨ੍ਹਾਂ ਕੋਲੋਂ ਗੰਗਾ ਦਾ ਭਾਰ ਸੰਭਾਲ ਲੈਣ ਦਾ ਵਰ ਲੈ ਕੇ ਆਓ ਤਾਂ ਗੰਗਾ ਧਰਤੀ 'ਤੇ ਜਾਏਗੀ।
ਮਹਾਰਿਸ਼ੀ ਭਗੀਰਥ ਨੇ ਆਪਣੇ ਤਪ ਨਾਲ ਸ਼ਿਵਜੀ ਨੂੰ ਪ੍ਰਸੰਨ ਕਰਕੇ ਗੰਗਾ ਦਾ ਭਾਰ ਮਸਤਕ 'ਤੇ ਸੰਭਾਲਣ ਦਾ ਵਰ ਪ੍ਰਾਪਤ ਕਰ ਲਿਆ। ਆਪਣੇ ਵਚਨ ਅਨੁਸਾਰ ਪ੍ਰਜਾਪਤੀ ਨੇ ਆਪਣੇ ਕਰਮੰਡਲ (ਮਾਨ ਸਰੋਵਰ) ਤੋਂ ਗੰਗਾ ਜੀ ਦੀ ਧਾਰਾ ਨੂੰ ਛੱਡਿਆ। ਸ਼ਿਵਜੀ ਨੇ ਆਪਣੀਆਂ ਸੰਘਣੀਆਂ ਜਟਾਵਾਂ ਵਿਚ ਗੰਗਾ ਜਲ ਲੈ ਕੇ ਜਟਾਵਾਂ ਬੰਨ੍ਹ ਲਈਆਂ। ਗੰਗਾ ਜੀ ਨੂੰ ਇਨ੍ਹਾਂ ਜਟਾਵਾਂ ਵਿਚੋ ਦੀ ਜਾਣ ਦਾ ਰਸਤਾ ਨਹੀਂ ਮਿਲ ਸਕਿਆ, ਜਿਸ ਕਾਰਨ ਮਹਾਰਾਜਾ ਭਗੀਰਥ ਕਾਫੀ ਚਿੰਤਾ ਵਿਚ ਡੁੱਬ ਗਏ। ਆਪਣੇ ਪੂਰਵਜਾਂ ਦੀ ਕਾਮਨਾ ਪੂਰੀ ਕਰਨ ਲਈ ਕੀਤਾ ਗਿਆ ਤਪ ਸ਼ਿਵਜੀ ਦੇ ਪ੍ਰਾਕਰਮ ਨਾਲ ਅਧੂਰਾ ਹੀ ਰਹਿ ਗਿਆ ਉਨ੍ਹਾਂ ਦੇ ਦੁਬਾਰਾ ਤਪੱਸਿਆ ਕਰਨ 'ਤੇ ਸ਼ਿਵਜੀ ਪ੍ਰਸੰਨ ਹੋਏ ਅਤੇ ਸ਼ਿਵਜੀ ਦੀਆਂ ਜਟਾਵਾਂ ਤੋਂ ਨਿਕਲ ਕੇ ਗੰਗਾ ਹਿਮਾਚਲ ਦੀਆਂ ਘਾਟੀਆਂ ਨਾਲ ਟਕਰਾਉਂਦੀ ਹੋਈ ਮੈਦਾਨ ਵੱਲ ਵਧ ਚੱਲੀ। ਇਸ ਤਰ੍ਹਾਂ ਧਰਤੀ 'ਤੇ ਗੰਗਾ ਦਾ ਆਗਮਨ ਹੋਇਆ।
ਉਸ ਸਮੇਂ ਪ੍ਰਜਾਪਤੀ ਬ੍ਰਹਮਾ ਨੇ ਪ੍ਰਸੰਨ ਹੋ ਕੇ ਮਹਾਰਾਜਾ ਭਗੀਰਥ ਨੂੰ ਕਿਹਾ ਕਿ¸ਹੇ ਸੱਤਰੂਨਾਸ਼ਕ ਗੰਗਾ ਨੂੰ ਧਰਤੀ 'ਤੇ ਲਿਆਉਣ ਵਿਚ ਆਪ ਜੋ ਸਮਰੱਥ ਹੋਏ ਹੋ, ਇਸ ਨਾਲ ਆਪ ਬਹੁਤ ਵੱਡੇ ਧਰਮ ਦੇ ਭਾਗੀ ਬਣੋਗੇ। ਗੰਗਾ ਵਿਚ ਇਸ਼ਨਾਨ ਸਦਾ ਕਲਿਆਣਕਾਰੀ ਹੈ ਅਤੇ ਭਵਿੱਖ ਵਿਚ ਇਸ ਦੇ ਇਕ-ਇਕ ਬੂੰਦ ਜਲ ਨਾਲ ਮਨੁੱਖ ਦਾ ਜੀਵਨ ਸਫਲ ਹੋਵੇਗਾ। ਪਿਆਸੀ ਧਰਤੀ 'ਤੇ ਗੰਗਾ ਨੂੰ ਲਿਆਉਣਾ ਮਰੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇਣ ਦੇ ਬਰਾਬਰ ਹੈ। ਤਦ ਤੋਂ ਹੀ ਭਗੀਰਥ ਦਾ ਯਸ਼ਗਾਨ ਦੇਸ਼ ਦੇ ਕੋਨੇ-ਕੋਨੇ ਵਿਚ ਹੋ ਰਿਹਾ ਹੈ। ਗੰਗਾ ਜੀ ਨੇ ਧਰਤੀ ਤਲ ਨੂੰ ਜੇਠ ਸੁਦੀ ਦਸਵੀਂ ਨੂੰ ਛੂਹਿਆ ਸੀ, ਇਸ ਲਈ ਇਸ ਦਿਨ ਨੂੰ ਮਹਾਨ ਤਿਉਹਾਰ ਮਨਾਇਆ ਜਾਂਦਾ ਹੈ ਗੰਗਾ ਦੁਸਹਿਰਾ।
- ਸੱਤ ਪ੍ਰਕਾਸ਼ ਸਿੰਗਲਾ, ਬਰੇਟਾ
ਨਿਰਜਲਾ ਇਕਾਦਸ਼ੀ ਦਾ ਮਹੱਤਵ
NEXT STORY