ਧਿਆਨ ਤੇ ਚੇਤਨਾ ਦੀ ਸ਼ੁੱਧ ਅਵਸਥਾ 'ਚ ਸਾਡੇ ਮਨ ਵਿਚ ਕੋਈ ਵਿਚਾਰ ਨਹੀਂ ਹੁੰਦਾ, ਕੋਈ ਵਿਸ਼ਾ ਨਹੀਂ ਹੁੰਦਾ। ਆਮ ਤੌਰ 'ਤੇ ਸਾਡੀ ਚੇਤਨਾ ਵਿਚਾਰਾਂ, ਵਿਸ਼ਿਆਂ ਤੇ ਕਾਮਨਾਵਾਂ ਤੋਂ ਪ੍ਰਭਾਵਿਤ ਰਹਿੰਦੀ ਹੈ ਜਿਵੇਂ ਕੋਈ ਸ਼ੀਸ਼ਾ ਧੂੜ-ਮਿੱਟੀ ਨਾਲ ਢੱਕਿਆ ਹੋਵੇ। ਸਾਡਾ ਮਨ ਇਕ ਲਗਾਤਾਰ ਵਹਾਅ ਹੈ, ਵਿਚਾਰ ਚੱਲ ਰਹੇ ਹਨ, ਕਾਮਨਾਵਾਂ ਚੱਲ ਰਹੀਆਂ ਹਨ, ਪੁਰਾਣੀਆਂ ਯਾਦਾਂ ਘੁੰਮ ਰਹੀਆਂ ਹਨ। ਦਿਨ-ਰਾਤ ਇਕ ਲਗਾਤਾਰ ਚੱਲਣ ਵਾਲਾ ਸਿਲਸਿਲਾ ਹੈ।
ਨੀਂਦ ਵਿਚ ਵੀ ਸਾਡਾ ਮਨ ਚਲਦਾ ਰਹਿੰਦਾ ਹੈ, ਸੁਪਨੇ ਚਲਦੇ ਰਹਿੰਦੇ ਹਨ। ਇਹ ਅ-ਧਿਆਨ ਦੀ ਅਵਸਥਾ ਹੈ। ਠੀਕ ਇਸ ਤੋਂ ਉਲਟ ਅਵਸਥਾ ਧਿਆਨ ਦੀ ਹੈ। ਜਦੋਂ ਵਿਚਾਰ ਨਹੀਂ ਚਲਦੇ ਅਤੇ ਕੋਈ ਕਾਮਨਾ ਸਿਰ ਨਹੀਂ ਚੁੱਕਦੀ ਤਾਂ ਉਹ ਅਵਸਥਾ ਪੂਰਨ ਮੌਨ ਤੇ ਧਿਆਨ ਦੀ ਹੁੰਦੀ ਹੈ। ਉਸੇ ਮੌਨ ਵੇਲੇ ਸਾਡਾ ਸਾਹਮਣਾ ਸੱਚਾਈ ਨਾਲ ਹੁੰਦਾ ਹੈ। ਜਦੋਂ ਮਨ ਨਹੀਂ ਹੁੰਦਾ, ਉਸ ਵੇਲੇ ਜੋ ਹੁੰਦਾ ਉਹ ਧਿਆਨ ਹੈ। ਇਸ ਲਈ ਮਨ ਰਾਹੀਂ ਕਦੇ ਵੀ ਧਿਆਨ ਤੱਕ ਨਹੀਂ ਪਹੁੰਚਿਆ ਜਾ ਸਕਦਾ। ਧਿਆਨ ਇਸ ਗੱਲ ਦਾ ਪ੍ਰਤੀਕ ਹੈ ਕਿ ਮੈਂ ਮਨ ਨਹੀਂ ਹਾਂ। ਜਿਵੇਂ-ਜਿਵੇਂ ਇਹ ਪ੍ਰਤੀਕ ਡੂੰਘਾ ਹੁੰਦਾ ਜਾਂਦਾ ਹੈ, ਕੁਝ ਝਲਕੀਆਂ ਮਿਲਣ ਲਗਦੀਆਂ ਹਨ—ਮੌਨ ਦੀਆਂ, ਸ਼ਾਂਤੀ ਦੀਆਂ। ਜਦੋਂ ਸਭ ਕੁਝ ਰੁਕ ਜਾਂਦਾ ਹੈ ਅਤੇ ਮਨ ਵਿਚ ਕੁਝ ਨਹੀਂ ਚਲਦਾ ਤਾਂ ਉਨ੍ਹਾਂ ਪਲਾਂ ਵਿਚ ਹੀ ਸਾਨੂੰ ਖੁਦ ਦੀ ਸੱਤਾ ਦਾ ਅਹਿਸਾਸ ਹੁੰਦਾ ਹੈ। ਹੌਲੀ-ਹੌਲੀ ਇਕ ਦਿਨ ਆਉਂਦਾ ਹੈ, ਇਕ ਬੜੇ ਭਾਗਾਂ ਵਾਲਾ ਦਿਨ ਆਉਂਦਾ ਹੈ ਜਦੋਂ ਧਿਆਨ ਸਾਡੀ ਸਹਿਜ ਅਵਸਥਾ ਬਣ ਜਾਂਦਾ ਹੈ।
ਮਨ ਅਸਹਿਜ ਅਵਸਥਾ ਹੈ। ਇਹ ਸਾਡੀ ਸਹਿਜ-ਸੁਭਾਵਿਤ ਅਵਸਥਾ ਕਦੇ ਨਹੀਂ ਬਣ ਸਕਦਾ। ਧਿਆਨ ਸਾਡੀ ਸਹਿਜ ਅਵਸਥਾ ਹੈ ਪਰ ਅਸੀਂ ਉਸ ਨੂੰ ਗੁਆ ਦਿੱਤਾ ਹੈ। ਅਸੀਂ ਉਸ ਸਵਰਗ ਵਿਚੋਂ ਬਾਹਰ ਆ ਗਏ ਹਾਂ ਪਰ ਇਹ ਸਵਰਗ ਮੁੜ ਹਾਸਲ ਕੀਤਾ ਜਾ ਸਕਦਾ ਹੈ। ਕਿਸੇ ਬੱਚੇ ਦੀਆਂ ਅੱਖਾਂ ਵਿਚ ਦੇਖੋ। ਉਥੇ ਤੁਹਾਨੂੰ ਅਨੋਖਾ ਮੌਨ ਨਜ਼ਰ ਆਏਗਾ, ਅਨੋਖੀ ਮਾਸੂਮੀਅਤ ਦਿਸੇਗੀ। ਹਰ ਬੱਚਾ ਧਿਆਨ ਲਈ ਪੈਦਾ ਹੁੰਦਾ ਹੈ ਪਰ ਉਸ ਨੂੰ ਸਮਾਜ ਦੇ ਰੰਗ-ਢੰਗ ਸਿੱਖਣੇ ਹੀ ਪੈਂਦੇ ਹਨ। ਉਸ ਨੂੰ ਵਿਚਾਰ ਕਰਨਾ, ਦਲੀਲ ਦੇਣਾ, ਹਿਸਾਬ-ਕਿਤਾਬ ਸਭ ਸਿੱਖਣਾ ਪੈਂਦਾ ਹੈ। ਉਸ ਨੂੰ ਸ਼ਬਦ, ਭਾਸ਼ਾ, ਵਿਆਕਰਣ ਸਿੱਖਣਾ ਪੈਂਦਾ ਹੈ। ਹੌਲੀ-ਹੌਲੀ ਉਹ ਆਪਣੀ ਮਾਸੂਮੀਅਤ ਤੋਂ ਦੂਰ ਹੁੰਦਾ ਜਾਵੇਗਾ। ਉਸ ਦੀ ਕੋਰੀ ਸਲੇਟ ਸਮਾਜ ਦੀ ਲਿਖਾਈ ਨਾਲ ਗੰਦੀ ਹੁੰਦੀ ਜਾਵੇਗੀ। ਉਹ ਸਮਾਜ ਦੇ ਢਾਂਚੇ ਵਿਚ ਇਕ ਮਾਹਿਰ ਯੰਤਰ ਬਣ ਜਾਵੇਗਾ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY