ਭਾਵੇਂ ਉਹ ਨਿਰਾਹਾਰੀ ਰਹਿਣ ਜਾਂ ਪਉਣਾਹਾਰੀ ਵੀ ਰਹਿਣ, ਉਹ ਸਦਾ ਹੀ ਤ੍ਰਿਪਤ ਤੇ ਮਸਤ ਰਹਿੰਦੇ ਹਨ, ਪ੍ਰਮਾਤਮੀ ਜੋਤਿ ਤੇ ਸ਼ਕਤੀ ਦੀ ਅਖੰਡ ਧਾਰਾ ਉਨ੍ਹਾਂ ਦੇ ਤਨ, ਮਨ, ਪ੍ਰਾਣਾਂ 'ਚ ਪ੍ਰਵਾਹਿਤ ਹੀ ਰਹਿੰਦੀ ਹੈ। ਇਹੋ ਜਿਹੇ ਅਲੌਕਿਕ ਮਹਾਪੁਰਖ ਬ੍ਰਹਮਗਿਆਨੀ ਹੋਏ ਹਨ, ਇਤਿਹਾਸ ਵਿਚ ਜਿਨ੍ਹਾਂ ਨੇ ਇਹ ਦੁਰਲੱਭ ਸਥਿਤੀ ਪ੍ਰਾਪਤ ਕੀਤੀ ਹੈ। ਇਸ ਅਲੌਕਿਕ ਸਥਿਤੀ ਦਾ ਦੂਜਾ ਪੱਖ ਪੇਸ਼ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ 'ਦਇਆ ਭੰਡਾਰਣਿ'। ਇਸ ਗਿਆਨ ਰੂਪੀ ਭੋਜਨ ਦੀ ਭੰਡਾਰਣਿ ਹੈ ਦਇਆ। ਜੇ ਪ੍ਰਾਣੀ 'ਚ ਦਇਆ ਨਾ ਹੋਵੇ ਤਾਂ ਨਾ ਤਾਂ ਗਿਆਨ ਰੂਪੀ ਭੋਜਨ ਖਾਣ ਦੀ ਭੁੱਖ ਲੱਗੇਗੀ, ਨਾ ਹੀ ਗਿਆਨ ਰੂਪੀ ਭੋਜਨ (ਜੇ ਥੋੜ੍ਹਾ-ਬਹੁਤ ਮਿਲ ਵੀ ਜਾਵੇ ਤਾਂ) ਜੇ ਖਾਧਾ ਵੀ ਜਾਵੇ ਤਾਂ ਹਜ਼ਮ ਹੋਵੇਗਾ ਅਤੇ ਨਾ ਹੀ ਇਸ ਨੂੰ ਜਗਿਆਸੂ ਸਿੱਖਾਂ 'ਚ ਵਰਤਾਇਆ ਜਾ ਸਕੇਗਾ।
ਦਇਆ ਕੀ ਹੈ? ਦਇਆ ਮਨ ਦੀ ਉਹ ਸਤੋਗੁਣੀ ਬਿਰਤੀ ਹੈ, ਜਿਸ ਰਾਹੀਂ ਇਕ ਸਾਧਕ ਸਿੱਖ ਆਪਣੀ ਕਮਾਈ ਦੀ ਸਾਂਝ ਬੜੇ ਪਿਆਰ ਤੇ ਸਤਿਕਾਰ ਨਾਲ ਕਿਸੇ ਵੀ ਦੂਜੇ ਪ੍ਰਾਣੀ ਨਾਲ ਪਾਉਣ ਵਾਸਤੇ ਤਿਆਰ ਰਹਿੰਦਾ ਹੈ। ਇਹ ਕਮਾਈ ਭਾਵੇਂ ਧਨ, ਮਾਣ, ਮਕਾਨ ਆਦਿ ਕੋਈ ਦੁਨਿਆਵੀ ਪਦਾਰਥ ਹੋਵੇ, ਭਾਵੇਂ ਵੇਦ, ਉਪਨਿਸ਼ਦ ਤੇ ਗੁਰਬਾਣੀਆਂ ਦਾਤੇ ਭਾਵੇਂ ਸਾਧਨਾ ਦੇ ਗੂੜ੍ਹ ਰਹੱਸਾਂ ਦਾ ਗਿਆਨ ਹੋਵੇ। ਜੇ ਉਸ ਦਾ ਮੋਖ ਦੁਆਰਾ ਵੀ ਖੁੱਲ੍ਹ ਰਿਹਾ ਹੋਵੇ ਤਾਂ ਉਹ ਇਹ ਚਾਹੇਗਾ ਕਿ ਸਭ ਦਾ ਮੋਖ ਦੁਆਰਾ ਖੁੱਲ੍ਹ ਜਾਵੇ। ਜੇ ਉਸ ਨੂੰ ਬਹੁਤ ਆਨੰਦ ਤੇ ਮਸਤੀ ਮਿਲ ਜਾਵੇ ਤਾਂ ਉਹ ਇਹ ਚਾਹੇਗਾ ਕਿ ਮੇਰੇ ਮਿੱਤਰ ਜਾਂ ਸ਼ਤਰੂ ਨਾਲ ਵੀ ਮੈਂ ਇਹ ਆਨੰਦ ਵੰਡ ਸਕਾਂ। ਇਹ ਵੀ ਦਇਆ ਭਾਉ ਹੈ। ਕਿਹਾ ਵੀ ਗਿਆ ਹੈ 'ਦਇਆ ਬਿਨ ਸਿੱਧ ਕਸਾਈ'। ਭਾਉ ਜਿਸ ਵਿਚ ਦਇਆ ਨਹੀਂ, ਉਹ ਭਾਵੇਂ ਕੋਈ ਵੱਡਾ ਸਿੱਧ ਵੀ ਹੋਵੇ ਪਰ ਉਹ ਕਸਾਈ ਹੀ ਹੈ। ਗੁਰੂਆਂ ਦਾ ਫੁਰਮਾਨ 'ਕਿਰਤ ਕਰੋ ਤੇ ਵੰਡ ਕੇ ਛਕੋ' ਵਿਚ ਦਇਆ ਭਾਉ ਦਾ ਹੀ ਵਿਸਥਾਰ ਹੈ। ਦਇਆ ਹੀ ਧਰਮ ਦਾ ਮੂਲ ਵੀ ਹੈ। ਜਦੋਂ ਤਕ ਕਿਸੇ ਪ੍ਰਾਣੀ ਵਿਚ ਸੁਆਰਥ ਤੇ ਅਹੰ ਹੈ, ਉਦੋਂ ਤਕ ਉਸ ਨੂੰ ਰੱਜ ਕੇ ਭੁੱਖ ਨਹੀਂ ਲੱਗ ਸਕਦੀ। ਸੁਆਰਥ ਤੇ ਸਰੀਰ 'ਚ ਅਹੰ ਬੁੱਧ ਕਾਰਨ ਮਨ ਤੇ ਪ੍ਰਾਣਾਂ ਨੂੰ ਵੀ ਤ੍ਰਿਪਤ ਕਰਨ ਵਾਲੀ ਭੁੱਖ ਨਹੀਂ ਲੱਗ ਸਕਦੀ। ਉਹ ਜੋ ਕੁਝ ਵੀ ਖਾਵੇਗਾ, ਭਾਵੇਂ ਇੰਦਰੀਆਂ ਰਾਹੀਂ, ਭਾਵੇਂ ਮਨ ਤੇ ਪ੍ਰਾਣਾਂ ਰਾਹੀਂ, ਉਸ ਦਾ ਸੰਬੰਧ ਦਸਮ ਦੁਆਰ ਤੋਂ ਪਾਰ ਪ੍ਰਮਾਤਮੀ ਜੋਤਿ ਨਾਲ ਨਹੀਂ ਬਣ ਸਕੇਗਾ। ਖਾਧਾ-ਪੀਤਾ ਸਭ ਕੁਝ ਹਉਮੈ ਦੀ ਕੰਧ ਨਾਲ ਟਕਰਾ ਕੇ, ਉਲਟੀ ਵਾਂਗ ਇੰਦਰੀ ਛਿੱਦਰਾਂ ਰਾਹੀਂ ਬਾਹਰ ਹੀ ਨਿਕਲ ਜਾਵੇਗਾ।
ਕੋਈ ਵੀ ਇਕ ਪਲ ਲਈ ਵੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ
NEXT STORY