ਪਿਆਰੇ ਪਾਠਕੋ! ਸ੍ਰੀ ਆਨੰਦਪੁਰ ਸਾਹਿਬ ਜੀ ਦੀ ਸਥਾਪਨਾ ਦੇ 350 ਸਾਲ ਪੂਰੇ ਹੋਣ 'ਤੇ ਇਸ ਸਾਲ 17 ਤੋਂ 19 ਜੂਨ ਤਕ ਵਿਸ਼ੇਸ਼ ਸਥਾਪਨਾ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਕਾਇਦਾ ਆਨੰਦਪੁਰ ਸਾਹਿਬ ਜੀ ਵਿਖੇ ਇਕ ਕੈਂਪ ਆਫਿਸ ਸਥਾਪਿਤ ਕਰਕੇ ਇਕ ਮੀਤ ਸਕੱਤਰ ਪੱਧਰ ਦੇ ਅਧਿਕਾਰੀ ਨੂੰ ਇਥੇ ਬਿਠਾਇਆ ਗਿਆ ਹੈ ਤਾਂ ਜੋ ਸ੍ਰੀ ਆਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਏ ਜਾ ਸਕਣ। ਸ੍ਰੀ ਆਨੰਦਪੁਰ ਸਾਹਿਬ ਜੀ ਦੀਆਂ ਜਿੰਨੀਆਂ ਵੀ ਇਮਾਰਤਾਂ ਹਨ ਤੇ ਸਾਰੇ ਹੀ ਦਫਤਰਾਂ, ਹੋਟਲਾਂ, ਘਰਾਂ ਆਦਿ ਨੂੰ ਸਫੈਦ ਰੰਗ ਕੀਤਾ ਜਾ ਰਿਹਾ ਹੈ। ਸਫੈਦੀ ਕਰਨ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਭਾਈ ਜਾ ਰਹੀ ਹੈ। ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹਨ, ਉਨ੍ਹਾਂ ਇਮਾਰਤਾਂ ਨੂੰ ਸਫੈਦ ਰੰਗ ਵਿਚ ਰੰਗਣ ਦੀ ਸੇਵਾ ਗੁਰਦੁਆਰਾ ਲੰਗਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਵਲੋਂ ਕੀਤੀ ਜਾ ਰਹੀ ਹੈ। ਇਸੇ ਸੰਬੰਧ ਵਿਚ ਅਦਾਰਾ ਜਗ ਬਾਣੀ ਵਲੋਂ ਪਾਠਕਾਂ ਦੀ ਨਜ਼ਰ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਇਤਿਹਾਸ ਲੜੀਵਾਰ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਪਾਠਕਾਂ ਨੂੰ ਯਾਦ ਕਰਵਾ ਦੇਈਏ ਕਿ ਜਦੋਂ ਜਗ ਬਾਣੀ 'ਚ 1998 ਵਿਚ ਇਹ 'ਸਾਡੇ ਗੁਰਧਾਮ' ਬਾਰੇ ਲੇਖ ਲੜੀ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਇਹ ਕਾਰਜ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਹੀ ਸ਼ੁਰੂ ਕੀਤਾ ਗਿਆ ਸੀ। ਉਸ ਵੇਲੇ 1999 'ਚ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ।
ਸ੍ਰੀ ਆਨੰਦਪੁਰ ਸਾਹਿਬ ਜੀ ਦਾ ਪਹਿਲਾ ਨਾਮ ਚੱਕ ਨਾਨਕੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਗਰ ਦੀ ਨੀਂਹ ਬਾਬਾ ਬੁੱਢਾ ਜੀ ਦੀ ਪੀੜ੍ਹੀ ਵਿਚੋਂ ਬਾਬਾ ਗੁਰਦਿੱਤਾ ਜੀ ਕੋਲੋਂ 1665 ਈਸਵੀ 'ਚ ਰਖਵਾਈ ਸੀ। ਇਸ ਨਗਰ ਦੀ ਨੀਂਹ ਰੱਖੇ ਜਾਣ ਪਿੱਛੇ ਵੀ ਇਕ ਖਾਸ ਤੇ ਦਿਲਚਸਪ ਕਾਰਨ ਹੈ। ਨੇੜੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਹੱਥੋਂ ਕੀਰਤਪੁਰ ਸਾਹਿਬ ਜੀ ਨਗਰ ਵਸਾਇਆ ਸੀ, ਜਿਥੇ ਕਿ ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤਕ ਰਹਿੰਦੇ ਰਹੇ। ਫਿਰ ਸੁਆਲ ਪੈਦਾ ਹੋ ਸਕਦਾ ਹੈ ਕਿ ਇੰਨੀ ਨੇੜੇ ਹੀ ਪਹਾੜਾਂ 'ਚ ਦੂਜਾ ਵੱਡਾ ਨਗਰ ਵਸਾਉਣ ਦੀ ਕੀ ਜ਼ਰੂਰਤ ਪੈ ਗਈ ਸੀ। ਇਸ ਪਿੱਛੇ ਇਕ ਦਿਲਚਸਪ ਤੇ ਸ਼ਰਧਾ ਭਾਵ ਦਾ ਵੱਡਾ ਤੱਥ ਛੁਪਿਆ ਹੋਇਆ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਅਪ੍ਰੈਲ 1665 ਈਸਵੀ ਨੂੰ ਆਏ ਹੋਏ ਸਨ, ਉਸ ਵੇਲੇ ਬਿਲਾਸਪੁਰ ਦਾ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ ਸੀ। ਇਹ ਗੱਲ 27 ਅਪ੍ਰੈਲ 1665 ਦੀ ਹੈ। ਰਾਜਾ ਦੀਪ ਚੰਦ ਦੀ ਰਾਣੀ ਚੰਪਾ ਨੇ ਆਪਣਾ ਇਕ ਵਜ਼ੀਰ ਗੁਰੂ ਜੀ ਕੋਲ ਕੀਰਤਪੁਰ ਸਾਹਿਬ ਵਿਖੇ ਭੇਜਿਆ ਤੇ ਉਸ ਰਾਹੀਂ ਬੇਨਤੀ ਕੀਤੀ ਕਿ ਰਾਜੇ ਦੀ ਸਤਾਰ੍ਹਵੀਂ ਦੀ ਰਸਮ, ਜੋ ਕਿ 13 ਮਈ ਨੂੰ ਹੋਣੀ ਹੈ, ਉਸ ਵਿਚ ਜ਼ਰੂਰ ਸ਼ਾਮਿਲ ਹੋਣ ਤੇ ਬਿਲਾਸਪੁਰ ਵਿਖੇ ਪੁੱਜਣ ਦੀ ਖੇਚਲ ਕਰਨ। ਗੁਰੂ ਜੀ ਨੇ ਰਾਣੀ ਦੀ ਅਰਜ਼ ਸਵੀਕਾਰ ਕਰ ਲਈ ਤੇ 10 ਮਈ ਨੂੰ ਬਿਲਾਸਪੁਰ ਪੁੱਜ ਗਏ।
13 ਮਈ ਨੂੰ ਸਤਾਰ੍ਹਵੀਂ ਦੀ ਰਸਮ ਹੋਈ ਤੇ ਗੁਰੂ ਜੀ ਉਥੋਂ 14 ਮਈ ਨੂੰ ਵਾਪਸ ਕੀਰਤਪੁਰ ਸਾਹਿਬ ਵਿਖੇ ਆਉਣ ਲਈ ਤਿਆਰ ਹੋ ਗਏ। ਗੁਰੂ ਜੀ ਦੇ ਮਾਤਾ ਨਾਨਕੀ ਜੀ ਤੇ ਮਹਿਲ ਮਾਤਾ ਗੁਜਰੀ ਜੀ ਵੀ ਨਾਲ ਸਨ। ਗੁਰੂ ਜੀ ਦਾ ਪ੍ਰੋਗਰਾਮ ਸੀ ਕਿ ਕੀਰਤਪੁਰ ਸਾਹਿਬ ਤੋਂ ਚੱਲ ਕੇ ਬਾਂਗਰ ਦੇਸ਼ ਦੇ ਨਗਰ ਧਮਧਾਨ ਸਾਹਿਬ ਵਿਖੇ ਜਾ ਕੇ ਆਪਣਾ ਨਿਵਾਸ ਕਰਨਾ ਹੈ। ਜਦੋਂ ਰਾਣੀ ਚੰਪਾ ਨੂੰ ਗੁਰੂ ਜੀ ਦੇ ਇਸ ਪ੍ਰੋਗਰਾਮ ਦਾ ਪਤਾ ਲੱਗਾ ਤਾਂ ਉਹ ਮਾਤਾ ਨਾਨਕੀ ਜੀ ਅੱਗੇ ਹੱਥ ਬੰਨ੍ਹ ਕੇ ਖਲ੍ਹੋ ਗਈ ਤੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਦੀ ਸ਼ਰਣ ਵਿਚ ਰਹਿਣਾ ਚਾਹੁੰਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਘਰ ਨਿਆਸਰਿਆਂ ਦਾ ਆਸਰਾ ਹੈ। ਉਹ ਆਪਣੇ ਆਪ ਨੂੰ ਗੁਰੂ ਜੀ ਦੀ ਸ਼ਰਣ ਵਿਚ ਹੀ ਸੁਰੱਖਿਅਤ ਸਮਝਦੀ ਸੀ। ਰਾਣੀ ਨੇ ਅਰਜ਼ ਕੀਤੀ ਕਿ ਗੁਰੂ ਜੀ ਉਸ ਦੀ ਕਹਿਲੂਰ ਰਿਆਸਤ 'ਚ ਹੀ ਰਹਿਣ। ਉਸ ਨੇ ਇਹ ਵੀ ਕਿਹਾ ਕਿ ਜੇਕਰ ਗੁਰੂ ਜੀ ਕੀਰਤਪੁਰ ਸਾਹਿਬ ਦੀ ਥਾਂ 'ਤੇ ਇਸ ਰਿਆਸਤ 'ਚ ਕੋਈ ਨਵਾਂ ਨਗਰ ਵਸਾਉਣਾ ਚਾਹੁੰਦੇ ਹਨ, ਤਦ ਵੀ ਉਸ ਜਗ੍ਹਾ ਅਰਦਾਸ ਕਰਵਾਉਣ ਲਈ ਤਿਆਰ ਹੈ। ਮਾਤਾ ਜੀ ਰਾਣੀ ਦੀ ਗੁਰੂ ਘਰ ਪ੍ਰਤੀ ਸ਼ਰਧਾ ਨੂੰ ਦੇਖਦਿਆਂ ਪਸੀਜ ਗਏ ਤੇ ਗੁਰੂ ਜੀ ਨੂੰ ਇਥੇ ਹੀ ਰਹਿਣ ਲਈ ਮਨਾ ਲਿਆ। ਗੁਰੂ ਜੀ ਮਾਤਾ ਜੀ ਦੀ ਆਗਿਆ ਟਾਲ ਨਾ ਸਕੇ ਤੇ ਇਥੇ ਹੀ ਰਹਿਣਾ ਮੰਨ ਗਏ। ਗੁਰੂ ਜੀ ਨੇ ਆਪਣੀ ਮਨਪਸੰਦ ਥਾਂ ਪਿੰਡਾਂ ਲੋਦੀਪੁਰ, ਮੀਆਂਪੁਰ ਤੇ ਸਹੋਟਾ 'ਚ ਵੇਖੀ ਤੇ ਇਹ ਜਗ੍ਹਾ ਨਵੇਂ ਨਗਰ ਲਈ ਪਸੰਦ ਕੀਤੀ। ਇਹ ਥਾਂ ਬਹੁਤ ਹੀ ਰਮਣੀਕ ਸੀ ਤੇ ਪਹਾੜਾਂ ਦੀ ਗੋਦ 'ਚ ਸੀ।
ਗੁਰੂ ਜੀ ਨੇ ਮੁਫਤ ਜ਼ਮੀਨ ਲੈਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਹ ਇਸ ਜ਼ਮੀਨ ਦਾ ਮੁੱਲ ਤਾਰ ਕੇ ਹੀ ਜ਼ਮੀਨ ਲੈਣਗੇ। ਰਾਣੀ ਨੇ ਵੀ ਬਹੁਤੀ ਜ਼ਿੱਦ ਨਾ ਕੀਤੀ ਤੇ ਟੋਕਨ ਵਜੋਂ ਕੁਝ ਮਾਇਆ ਗੁਰੁ ਜੀ ਦਾ ਆਸ਼ੀਰਵਾਦ ਸਮਝ ਕੇ ਸਵੀਕਾਰ ਕਰ ਲਈ। 19 ਜੂਨ 1665 ਨੂੰ ਗੁਰੂ ਜੀ ਨੇ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿਚੋਂ ਬਾਬਾ ਗੁਰਦਿੱਤਾ ਜੀ ਨੂੰ ਬੁਲਾ ਕੇ ਇਸ ਨਵੇਂ ਨਗਰ ਚੱਕ ਨਾਨਕੀ ਜੀ ਦੀ ਮੋੜ੍ਹੀ ਗਡਵਾਈ। ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੇ ਪੋਤਰੇ ਦੇ ਪੋਤਰੇ ਸਨ। ਆਪਣੀ ਮਾਤਾ ਜੀ ਦੇ ਨਾਂ 'ਤੇ ਇਸ ਨਗਰ ਦਾ ਨਾਂ ਰੱਖਿਆ ਗਿਆ। ਜਿਸ ਥਾਂ 'ਤੇ ਅੱਜਕਲ ਗੁਰਦੁਆਰਾ ਗੁਰੂ ਕੇ ਮਹੱਲ ਬਣਿਆ ਹੋਇਆ ਹੈ, ਇਹ ਇਸ ਨਗਰ ਦੀ ਸਭ ਤੋਂ ਪਹਿਲੀ ਇਮਾਰਤ ਸੀ। ਇਹ ਗੁਰੂ ਜੀ ਦਾ ਨਿਵਾਸ ਅਸਥਾਨ ਸੀ।
ਬਾਣੀ ਭਗਤ ਕਬੀਰ ਜੀ
NEXT STORY