ਜਦੋਂ ਜ਼ੋਰ, ਜਬਰ, ਈਰਖਾ ਤੇ ਸੁਆਰਥ ਦੀਆਂ ਅਸੁਰੀ ਸ਼ਕਤੀਆਂ ਨੇ ਆਪਣੀਆਂ ਪਸ਼ੂ ਬਿਰਤੀਆਂ ਨਾਲ ਸਿਦਕ, ਸੰਤੋਖ, ਸਮਾਨਤਾ ਆਦਿ ਵਰਗੇ ਸਦਗੁਣਾਂ ਨਾਲ ਭਰਪੂਰ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਪੰਚਮ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤਾਂ ਉਸ ਵੇਲੇ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 'ਦਲਿ ਭੰਜਨ ਗੁਰੁ ਸੂਰਮਾ' ਦੇ ਰੂਪ ਵਿਚ ਪ੍ਰਗਟ ਹੋਏ। ਸਤਿਗੁਰੂ ਜੀ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ। ਜੋਤ ਵੀ ਉਹੀ ਸੀ ਤੇ ਜੁਗਤੀ ਵੀ ਉਹੀ ਸੀ, ਫਰਕ ਕੇਵਲ ਸਰੂਪ ਦਾ ਸੀ।
ਛੇਵੇਂ ਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਕੀ ਵਡਾਲੀ, ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਤਾਏ ਪ੍ਰਿਥੀ ਚੰਦ ਤੇ ਤਾਈ ਕਰਮੋਂ ਨੇ ਈਰਖਾ ਵੱਸ ਹੋ ਕੇ ਬਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 'ਤੇ ਕਈ ਵਾਰ ਕੀਤੇ ਪਰ ਅਕਾਲ ਪੁਰਖ ਨੇ ਰੱਖਿਆ ਕੀਤੀ। ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ 'ਤੇ ਬਿਠਾਉਣ ਦੀ ਰਸਮ ਪੂਰੀ ਕੀਤੀ।
ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਗੁਰੂ ਜੀ ਨੇ ਪੂਜਨੀਕ ਪਿਤਾ ਜੀ ਦੇ ਹੁਕਮਾਂ 'ਤੇ ਵਿਉਂਤਬੰਦੀ ਦੀ ਪੈਰਵੀ ਕਰਦਿਆਂ ਹੋਇਆਂ ਸਿੱਖ ਸੰਗਤਾਂ ਨੂੰ ਆਪਣੇ ਨਾਲ ਵਧੀਆ ਘੋੜੇ ਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ। ਸਿੱਖ ਕੌਮ ਵਿਚ ਬੀਰ ਰਸ ਜਗਾਉਣ ਲਈ ਇਹ ਇਕ ਲੋੜੀਂਦਾ ਸਾਧਨ ਸੀ।
ਸਮੇਂ ਦੀ ਮੰਗ ਵੀ ਇਹੀ ਸੀ ਕਿ ਲੋਕਾਂ ਨੂੰ ਅਣਖ ਨਾਲ ਜੀਵਨ ਜਿਊਣ ਤੇ ਮਰਨ ਦੀ ਜਾਚ ਸਿਖਾਈ ਜਾਵੇ ਅਤੇ ਸਹੀ ਤੇ ਸਫਲ ਜੀਵਨ ਦਾ ਭੇਦ ਸਮਝਾਇਆ ਜਾਵੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ-ਘਰ ਦੇ ਦੋਖੀਆਂ ਚੰਦੂ ਅਤੇ ਮਿਹਰਬਾਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਿਲਾਫ ਜਹਾਂਗੀਰ ਦੇ ਕੰਨ ਭਰੇ ਅਤੇ ਗੁਰੂ ਜੀ ਦੀ ਨਵੀਂ ਨੀਤੀ ਬਾਰੇ ਦੱਸਿਆ ਜਿਸ ਕਾਰਨ ਬਾਦਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ। ਜਦੋਂ ਹਜ਼ਰਤ ਮੀਆਂ ਮੀਰ ਤੇ ਵਜ਼ੀਰ ਖਾਂ ਦੇ ਸਮਝਾਉਣ 'ਤੇ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ ਤਾਂ ਗੁਰੂ ਜੀ ਨੇ ਇਕੱਲਿਆਂ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ। ਇਸ ਨਾਲ ਜਹਾਂਗੀਰ ਨੂੰ ਕਿਲੇ ਵਿਚ ਕੈਦ 52 ਰਾਜੇ ਵੀ ਰਿਹਾਅ ਕਰਨੇ ਪਏ। ਇਸ ਤਰ੍ਹਾਂ ਸਤਿਗੁਰੂ ਜੀ 'ਬੰਦੀ ਛੋੜ ਦਾਤਾ' ਅਖਵਾਏ।
ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਜਿੱਥੇ ਮੀਰੀ-ਪੀਰੀ ਅਰਥਾਤ ਰੂਹਾਨੀਅਤ ਦਾ ਸ੍ਰੋਤ ਹੈ ਉਥੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਅਰਥਾਤ ਧਰਮ ਅਨੁਸਾਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਮਸਲਿਆਂ 'ਤੇ ਵਿਚਾਰਾਂ ਕਰਨ ਲਈ ਅਗਵਾਈ ਦਾ ਸਰੋਤ ਹੈ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਦੀ ਰਚਨਾ ਹੋਈ ਅਤੇ ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ।
ਸਤਿਗੁਰਾਂ ਨੇ ਜੰਗੀ ਰੁਝੇਵਿਆਂ ਦੇ ਬਾਵਜੂਦ ਸਿੱਖੀ ਦੇ ਪ੍ਰਚਾਰ ਲਈ ਵੀ ਵਿਸ਼ਾਲ ਦੌਰੇ ਕੀਤੇ। ਕਸ਼ਮੀਰ ਤੋਂ ਲੈ ਕੇ ਨਾਨਕਮਤਾ ਸਾਹਿਬ (ਉਤਰਾਖੰਡ) ਆਦਿ ਦੂਰ-ਦੁਰਾਡੇ ਇਲਾਕਿਆਂ ਤੱਕ ਪੁੱਜ ਕੇ ਸਿੱਖੀ ਦੀ ਸਾਰ ਲਈ ਤੇ ਸਤਿਨਾਮ ਦਾ ਉਪਦੇਸ਼ ਦਿੱਤਾ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾਏ ਸਨ। ਗੁਰੂ ਜੀ ਨੂੰ ਸਤਿਕਾਰ ਵਜੋਂ ਬੰਦੀ ਛੋੜ ਦਾਤਾ, ਮੀਰੀ ਪਾਰੀ ਦੇ ਮਾਲਕ ਅਤੇ ਗੁਰਭਾਰੀ ਕਹਿ ਕੇ ਯਾਦ ਕੀਤਾ ਜਾਂਦਾ ਹੈ।
—ਡਾ. ਮਨਮੋਹਨ ਸਿੰਘ
ਸ੍ਰੀ ਆਨੰਦਪੁਰ ਸਾਹਿਬ ਜੀ ਦੇ ਗੁਰਦੁਆਰੇ
NEXT STORY