ਸਦਗੁਰੂ ਕਬੀਰ ਸਾਹਬ ਪਹਿਲੀ ਵਾਰ ਪਾਲਣਹਾਰੀ ਮਾਤਾ ਨੀਮਾ ਨੂੰ ਕਮਲ ਫੁੱਲ ਦੇ ਗੁੱਛੇ 'ਤੇ ਲਹਿਰਤਾਰਾ ਦੇ ਪਾਵਨ ਸਰੋਵਰ 'ਚ ਦਿਸੇ ਸਨ। ਉਸੇ ਸਥਾਨ 'ਤੇ ਕਬੀਰ ਚੌਰਾਮਠ ਵਲੋਂ ਪਿੱਛੋਂ ਇਕ ਮੰਦਰ ਬਣਵਾਇਆ ਗਿਆ ਹੈ। ਇਹ ਪ੍ਰਾਚੀਨ ਮੰਦਰ ਹੀ ਕਬੀਰ ਸਾਹਬ ਦਾ ਪ੍ਰਗਟ ਅਸਥਾਨ ਹੈ। ਅੱਜ ਇਹ ਪਵਿੱਤਰ ਅਸਥਾਨ ਅਤੇ ਕਬੀਰ ਜੀ ਨੂੰ ਸਮਝਣ ਤੇ ਜਾਣਨ ਲਈ ਮਹਾਤੀਰਥ ਬਣ ਗਿਆ ਹੈ। ਮੂਲਗਾਦੀ ਕਬੀਰ ਸਾਹਬ ਦੀ ਕਰਮਭੂਮੀ ਹੈ ਤੇ ਲਹਿਰਤਾਰਾ ਦਾ ਇਹ ਮੰਦਰ ਉਨ੍ਹਾਂ ਦੀ ਪ੍ਰਗਟਭੂਮੀ। ਲਹਿਰਤਾਰਾ ਖੇਤਰ ਨੂੰ ਕਬੀਰ ਸਾਹਬ ਦੇ ਆਗਮਨ ਨੇ ਪਰਮ ਸਿੱਧ ਤੇ ਮਹਾਤੀਰਥ ਬਣਾ ਦਿੱਤਾ। ਗੰਗਾ ਜੀ ਸਦੀਆਂ ਪਹਿਲਾਂ ਇਥੋਂ ਹੀ ਵਹਿੰਦੀ ਹੁੰਦੀ ਸੀ ਤੇ ਸਮੇਂ ਦੇ ਨਾਲ ਗੰਗਾ ਦਾ ਵਹਿਣ ਤਾਂ ਬਦਲ ਗਿਆ ਪਰ ਜਿਹੜੀਆਂ ਉਸਦੀਆਂ ਲਹਿਰਾਂ ਪਿੱਛੇ ਛੁੱਟ ਗਈਆਂ, ਉਨ੍ਹਾਂ ਨਾਲ ਇਹ ਇਕ ਤਲਾਬ ਬਣਿਆ ਲਹਿਰਤਾਰਾ। ਕਬੀਰ ਸਾਹਿਬ ਦਾ ਆਗਮਨ 1456 ਈਸਵੀ ਸੰਨ 1398 ਨੂੰ ਜੇਠ ਦੀ ਪੂਰਨਮਾਸ਼ੀ ਦੇ ਦਿਨ ਸੋਮਵਾਰ ਵਾਲੇ ਦਿਨ ਹੋਇਆ। ਇਸੇ ਦਿਨ ਕਾਸ਼ੀ ਦੇ ਜੁਲਾਹੇ ਨੀਰੂ ਆਪਣੀ ਨਵ-ਵਿਆਹੁਤਾ ਨੀਮਾ ਦਾ ਗੌਣਾ (ਮੁਕਲਾਵਾ) ਕਰਵਾ ਕੇ ਆਪਣੇ ਘਰ ਪਰਤ ਰਹੇ ਸਨ। ਲਹਿਰਤਾਰਾ ਸਰੋਵਰ ਕੋਲੋਂ ਲੰਘਦਿਆਂ ਨੀਮਾ ਨੂੰ ਪਿਆਸ ਲੱਗੀ ਅਤੇ ਪਾਣੀ ਪੀਣ ਲਈ ਤਲਾਬ 'ਤੇ ਗਈ। ਨੀਮਾ ਅਜੇ ਪਾਣੀ ਦੀ ਚੂਲੀ ਨੂੰ ਆਪਣੇ ਬੁੱਲ੍ਹਾਂ 'ਤੇ ਛੁਹਾਉਣ ਹੀ ਲੱਗੀ ਸੀ ਕਿ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਦੇਖਿਆ ਤਾਂ ਨਵਜੰਮਿਆ ਬੱਚਾ ਸੀ, ਜੋ ਅੱਗੇ ਜਾ ਕੇ ਕਬੀਰ ਬਣੇ।
ਇਹੀ ਜਗ੍ਹਾ ਅੱਜ ਕਬੀਰ ਪ੍ਰਗਟ ਅਸਥਾਨ ਹੈ, ਜਿਸ ਦੇ ਦਰਸ਼ਨ ਕਰਨ ਲਈ ਹਰ ਵਰਗ, ਹਰ ਧਰਮ ਤੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਨੀਰੂ ਟਿੱਲੇ 'ਤੇ ਕਬੀਰ ਜੀ ਦਾ ਪਾਲਣ-ਪੋਸ਼ਣ ਹੋਇਆ, ਜੋ ਨੀਰੂ ਨੀਮਾ ਦਾ ਨਿਵਾਸ ਸਥਾਨ ਸੀ ਤੇ ਜਿਸ ਨੂੰ ਕਬੀਰ ਦਾ ਘਰ ਵੀ ਕਿਹਾ ਜਾਂਦਾ ਹੈ। ਨੀਰੂ ਨੀਮਾ, ਕੱਪੜਾ ਬੁਣਨ ਦਾ ਕੰਮ ਕਰਨ ਲੱਗੇ। ਕਬੀਰ ਜੀ ਸਤਿਸੰਗ ਦੀ ਪਾਠਸ਼ਾਲਾ ਵੀ ਚਲਾਉਂਦੇ ਸਨ ਤੇ ਸ਼ਰਧਾਲੂ ਉਨ੍ਹਾਂ ਦਾ ਸਤਿਸੰਗ ਸੁਣਨ ਲਈ ਬਿਹਬਲ ਰਹਿੰਦੇ ਸਨ। ਕਬੀਰ ਸਾਹਬ ਨੇ ਆਪਣੀ ਬਾਣੀ ਦੇ ਉਪਦੇਸ਼ ਨੂੰ ਸਾਖੀ ਕਿਹਾ ਹੈ। ਸਾਖੀ ਦੇ ਬਿਨਾਂ ਅਸੀਂ ਅਗਿਆਨਤਾ ਦੇ ਹਨੇਰੇ 'ਚ ਡੁੱਬੇ ਰਹਿੰਦੇ ਹਾਂ। ਸਾਖੀ ਅਗਿਆਨਤਾ ਦੇ ਹਨੇਰੇ ਨੂੰ ਰੋਸ਼ਨੀ 'ਚ ਬਦਲ ਦਿੰਦੀ ਹੈ। ਸਾਖੀ ਅੰਦਰ ਦੀ ਅਗਿਆਨਤਾ ਨੂੰ ਦੂਰ ਕਰਦੀ ਹੈ। ਸੰਸਾਰ ਜੋ ਬੰਧਨਾਂ 'ਚ ਬੱਝਾ ਹੋਇਆ ਹੈ ਅਤੇ ਇਨ੍ਹਾਂ ਨੂੰ ਹੀ ਸੱਚ ਮੰਨ ਕੇ ਆਪਣੇ ਆਪ ਨੂੰ ਗੁੰਮਰਾਹ ਕਰ ਰਿਹਾ ਹੈ। ਕਬੀਰ ਸਾਹਬ ਨੇ ਆਪਣੇ ਸ਼ਲੋਕਾਂ 'ਚ ਕਿਹਾ ਹੈ ਕਿ ਸੱਚ ਤਕ ਪਹੁੰਚਣ ਲਈ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।
ਪੋਥੀ ਪੜਿ-ਪੜਿ ਜਗ ਮੁਆ, ਪੰਡਿਤ ਹੁਆ ਨਾ ਕੋਇ
ਢਾਈ ਅਕਸ਼ਰ ਪ੍ਰੇਮ ਕੇ, ਪੜੇ ਸੋ ਪੰਡਿਤ ਹੋਏ
ਪੋਥੀ ਪੜ੍ਹ-ਪੜ੍ਹ ਕੇ ਸਾਰਾ ਸੰਸਾਰ ਮਰ ਗਿਆ ਪਰ ਕੋਈ ਗਿਆਨੀ ਨਹੀਂ ਬਣਿਆ ਪਰ ਜੋ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਅੱਖਰ ਪੜ੍ਹ ਲੈਂਦਾ ਹੈ ਉਹੀ ਪੰਡਿਤ ਹੈ :
ਪ੍ਰੇਮੀ ਢੂੰਢਤ ਮੈਂ ਫਿਰੂੰ, ਪ੍ਰੇਮੀ ਮਿਲੈ ਨਾ ਕੋਇ
ਪ੍ਰੇਮੀ ਕੋ ਪ੍ਰੇਮੀ ਮਿਲੈ, ਤਬ ਸਬ ਅੰਮ੍ਰਿਤ ਹੋਇ
ਕਬੀਰ ਸਾਹਿਬ ਕਹਿੰਦੇ ਹਨ ਮੈਂ ਈਸ਼ਵਰ- ਪ੍ਰੇਮੀ ਨੂੰ ਲੱਭਦਾ ਫਿਰਦਾ ਹਾਂ ਪਰ ਮੈਨੂੰ ਸੱਚਾ ਈਸ਼ਵਰ-ਪ੍ਰੇਮੀ ਕੋਈ ਨਹੀਂ ਮਿਲਿਆ। ਜਦੋਂ ਇਕ ਈਸ਼ਵਰ-ਪ੍ਰੇਮੀ ਦੂਜੇ ਨੂੰ ਮਿਲ ਜਾਂਦਾ ਹੈ ਤਾਂ ਵਿਸ਼ ਪ੍ਰੇਮ ਰੂਪੀ ਅੰਮ੍ਰਿਤ 'ਚ ਬਦਲ ਜਾਂਦਾ ਹੈ।
ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀ ਕਹ ਕਬੀਰ ਪਿਡ ਪਾਈਏ, ਮਨਹੀਂ ਕੀ ਪ੍ਰਤੀਤ
ਮਨੁੱਖ ਦੀ ਮਨ ਦੇ ਹਾਰਨ ਨਾਲ ਹਾਰ ਹੁੰਦੀ ਹੈ ਅਤੇ ਮਨ ਦੇ ਜਿੱਤਣ 'ਤੇ ਮਨੁੱਖ ਦੀ ਜਿੱਤ ਹੁੰਦੀ ਹੈ। ਕਬੀਰ ਸਾਹਬ ਕਹਿੰਦੇ ਹਨ ਕਿ ਮਨ 'ਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ ਤਾਂ ਹੀ ਪ੍ਰਮਾਤਮਾ ਰੂਪੀ ਪਿਆਰਾ ਮਿਲਦਾ ਹੈ।
ਸਬ ਧਰਤੀ ਕਾਗਦ ਕਰੂੰ, ਲੇਖਨਿ ਸਬ ਬਨਰਾਏ
ਸਤ ਸਮੁੰਦਰ ਕੀ ਮਸਿ ਕਰੂੰ, ਹਰਿ ਗੁਣ ਲਿਖਾ ਨਾ ਜਾਏ
ਸਾਰੀ ਧਰਤੀ ਨੂੰ ਕਾਗਜ਼ ਬਣਾ ਦਿਆਂ ਅਤੇ ਸਾਰੇ ਵਣ-ਬਿਰਖਾਂ ਨੂੰ ਕਲਮ ਬਣਾ ਦਿਆਂ ਅਤੇ ਸੱਤ ਸਮੁੰਦਰਾਂ ਨੂੰ ਸਿਆਹੀ ਬਣਾ ਕੇ ਵੀ ਜੇ ਮੈਂ ਹਰਿ ਦੇ ਗੁਣਾਂ ਨੂੰ ਲਿਖਣਾ ਸ਼ੁਰੂ ਕਰਾਂ ਤਾਂ ਹਰਿ ਦੇ ਗੁਣਾਂ ਨੂੰ ਲਿਖਿਆ ਨਹੀਂ ਜਾ ਸਕਦਾ।
ਕਬੀਰ ਬਾਦਲ ਪ੍ਰੇਮ ਕਾ, ਹਮ ਪਰਿ ਬਰਸਿਆ ਆਏ
ਅੰਤਰਿ ਭੀਗੀ ਆਤਮਾ, ਹਰੀ ਭਈ ਵਣਰਾਈ
ਕਬੀਰ ਸਾਹਬ ਉਪਦੇਸ਼ ਦਿੰਦੇ ਹਨ ਕਿ ਈਸ਼ਵਰੀ ਕਿਰਪਾ ਦਾ ਬੱਦਲ ਸਾਡੇ 'ਤੇ ਵਰ੍ਹਿਆ ਅਤੇ ਅਥਾਹ ਕਿਰਪਾ ਹੋਈ। ਉਸ ਕਿਰਪਾ ਦੀ ਬਾਰਿਸ਼ ਨਾਲ ਅੰਤਰ-ਆਤਮਾ ਪੂਰੀ ਤਰ੍ਹਾਂ ਭਿੱਜ ਗਈ। ਉਹ ਵਣਰਸ਼ੀ (ਸਰੀਰ) ਹਰੀ-ਭਰੀ ਹੋ ਗਈ ਅਰਥਾਤ ਜੀਵਨ 'ਚ ਆਨੰਦ ਹੀ ਆਨੰਦ ਛਾ ਗਿਆ ਅਤੇ ਸਾਰਾ ਸੰਸਾਰ ਆਨੰਦਮਈ ਮਹਿਸੂਸ ਹੋਣ ਲੱਗਾ। ਕਬੀਰ ਸੋਈ ਪੀਰ ਹੈ ਜੋ ਜਾਨੈ ਪਰ ਪੀਰ ਜੋ ਪਰ ਪੀਰ ਨਾ ਜਾਨਈ, ਸੋ ਕਾਫਿਰ ਬੇਪੀਰ
ਕਬੀਰ ਸਾਹਬ ਉਪਦੇਸ਼ ਦਿੰਦੇ ਹਨ ਕਿ ਉਹੀ ਪੀਰ ਹੈ, ਜੋ ਦੂਜੇ ਵਿਅਕਤੀ ਦੀ ਪੀੜ ਨੂੰ ਜਾਣਦਾ ਹੈ, ਜੋ ਦੂਜਿਆਂ ਦੀ ਪੀੜ ਨੂੰ ਨਹੀਂ ਜਾਣਦਾ ਅਰਥਾਤ ਦੂਜੇ ਪ੍ਰਾਣੀਆਂ ਪ੍ਰਤੀ ਪ੍ਰੇਮ-ਭਾਵਨਾ ਨਹੀਂ ਰੱਖਦਾ ਤਾਂ ਉਹ ਨਿਰਦਈ ਅਖਵਾਉਂਦਾ ਹੈ।
- ਰਾਜੇਸ਼ ਕੁਮਾਰ ਭਗਤ
ਛੇਵੇਂ ਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
NEXT STORY