ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ਲਈ ਇਹ ਦਿਨ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਦਰਅਸਲ ਫ਼ਿਲਮ ਦੇ ਗੀਤ ‘ਬੇਸ਼ਰਮ ਰੰਗ’ ’ਚ ਦੀਪਿਕਾ ਪਾਦੁਕੋਣ ਵਲੋਂ ਪਹਿਨੀ ਗਈ ‘ਭਗਵਾ ਬਿਕਨੀ’ ’ਤੇ ਕਈ ਲੋਕ ਇਤਰਾਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਮਾਨਸਿਕਤਾ ਨੂੰ ਭ੍ਰਿਸ਼ਟ ਕਰ ਰਿਹਾ ਹੈ। ਨਾਲ ਹੀ ਫ਼ਿਲਮ ’ਚ ਕੁਝ ਡਾਇਲਾਗਸ ਵੀ ਹਨ, ਜਿਨ੍ਹਾਂ ਨੂੰ ਜਾਂ ਤਾਂ ਬਦਲਣ ਜਾਂ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ, ‘ਪਠਾਨ’ ’ਚ ਦੀਪਿਕਾ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਬਜਰੰਗ ਦਲ ਦੇ ਕਾਰਕੁੰਨ ਵੀ ਹੰਗਾਮਾ ਕਰ ਰਹੇ ਹਨ। ਇਸ ਸਬੰਧੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ‘ਪਠਾਨ’ ਦੇ ਪੂਰੇ ਵਿਵਾਦ ’ਤੇ ਪ੍ਰਤੀਕਿਰਿਆ ਕਰਨ ਲਈ ਕਿਹਾ ਗਿਆ ਸੀ, ਜਿਸ ਦੇ ਬਦਲੇ ’ਚ ਸੀ. ਐੱਮ. ਥੋੜ੍ਹਾ ਨਾਰਾਜ਼ ਸਨ। ਸ਼ਨੀਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਕੁਝ ਪੱਤਰਕਾਰਾਂ ਨੇ ਉਨ੍ਹਾਂ ਨੂੰ ‘ਪਠਾਨ’ ’ਤੇ ਬਜਰੰਗ ਦਲ ਵਲੋਂ ਕੀਤੇ ਜਾ ਰਹੇ ਵਿਵਾਦ ’ਤੇ ਸਵਾਲ ਕੀਤੇ। ਹਿਮੰਤ ਬਿਸਵਾ ਸਰਮਾ ਨੇ ਕਿਹਾ, ‘‘ਕੌਣ ਸ਼ਾਹਰੁਖ ਖ਼ਾਨ? ਮੈਂ ਉਸ ਬਾਰੇ ਕੁਝ ਨਹੀਂ ਜਾਣਦਾ ਤੇ ਨਾ ਹੀ ਮੈਨੂੰ ਫ਼ਿਲਮ ‘ਪਠਾਨ’ ਬਾਰੇ ਕੁਝ ਪਤਾ ਹੈ।’’
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ
ਦਰਅਸਲ, ਪਿਛਲੇ ਸ਼ੁੱਕਰਵਾਰ ਨੂੰ ਬਜਰੰਗ ਦਲ ਦੇ ਕੁਝ ਲੋਕਾਂ ਨੇ ਫ਼ਿਲਮ ਨੂੰ ਲੈ ਕੇ ਨਾਰੇਂਗੀ (ਅਸਾਮ) ’ਚ ਸਿਨੇਮਾਘਰਾਂ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ ਤੇ ਪੋਸਟਰ ਵੀ ਸਾੜੇ। ਇਸ ’ਤੇ ਜਦੋਂ ਪੱਤਰਕਾਰਾਂ ਨੇ ਸੀ. ਐੱਮ. ਹਿਮੰਤ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ‘‘ਖ਼ਾਨ ਨੇ ਮੈਨੂੰ ਫੋਨ ਨਹੀਂ ਕੀਤਾ ਪਰ ਜਦੋਂ ਵੀ ਕੋਈ ਸਮੱਸਿਆ ਆਈ ਹੈ ਤਾਂ ਬਾਲੀਵੁੱਡ ਦੇ ਕਈ ਲੋਕਾਂ ਨੇ ਮੈਨੂੰ ਸਮੇਂ-ਸਮੇਂ ’ਤੇ ਫੋਨ ਕੀਤਾ ਹੈ। ਜੇਕਰ ਖ਼ਾਨ ਨੇ ਮੈਨੂੰ ਫੋਨ ਕੀਤਾ ਹੋਵੇਗਾ ਤਾਂ ਹੀ ਮੈਂ ਇਸ ਮਾਮਲੇ ਦੀ ਜਾਂਚ ਕਰਾਂਗਾ। ਜੇਕਰ ਕੁਝ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ।’’
ਜਦੋਂ ਪੱਤਰਕਾਰਾਂ ਨੇ ਕਿਹਾ ਕਿ ਖ਼ਾਨ ਬਾਲੀਵੁੱਡ ਦੇ ਸੁਪਰਸਟਾਰ ਹਨ। ਇਸ ’ਤੇ ਮੁੱਖ ਮੰਤਰੀ ਹਿਮੰਤ ਨੇ ਜਵਾਬ ਦਿੱਤਾ, ‘‘ਲੋਕਾਂ ਨੂੰ ਆਪਣੇ ਖੇਤਰ ਦੀ ਚਿੰਤਾ ਹੋਣੀ ਚਾਹੀਦੀ ਹੈ ਨਾ ਕਿ ਹਿੰਦੀ ਫ਼ਿਲਮਾਂ ਦੀ। ਅਸਾਮੀ ਫ਼ਿਲਮ ‘ਡਾਕਟਰ ਬੇਜ਼ਬਰੁਆ’ ਭਾਗ 2 ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਉਸ ਨੂੰ ਦੇਖਣਾ ਚਾਹੀਦਾ ਹੈ। ਇਹ ਮਰਹੂਮ ਨਿਪੁਨ ਗੋਸਵਾਮੀ ਦੀ ਪਹਿਲੀ ਨਿਰਦੇਸ਼ਿਤ ਫ਼ਿਲਮ ਹੈ। ਇਸ ਬਾਰੇ ਸੋਚੋ ਤੇ ਇਸ ਨੂੰ ਦੇਖੋ। ਹਿੰਦੀ ਫ਼ਿਲਮਾਂ ਬਾਰੇ ਗੱਲਾਂ ਨਾ ਕਰੋ।
ਇਹ ਖ਼ਬਰ ਵੀ ਪੜ੍ਹੋ : ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣੀ ‘ਅਵਤਾਰ 2’, ‘ਐਂਡਗੇਮ’ ਨੂੰ ਛੱਡਿਆ ਪਿੱਛੇ
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਪਠਾਨ’ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਫ਼ਿਲਮ ’ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਹੈ। ‘ਪਠਾਨ’ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਸਿਰਫ ਤਿੰਨ ਦਿਨ ਬਾਕੀ ਹਨ ਤੇ ਫ਼ਿਲਮ ਦੀ ਐਡਵਾਂਸ ਬੁਕਿੰਗ ਹਾਊਸਫੁੱਲ ਹੋ ਗਈ ਹੈ। ਪ੍ਰਸ਼ੰਸਕ ਕਿੰਗ ਖ਼ਾਨ ਦੇ ਚਾਰ ਸਾਲ ਬਾਅਦ ਪਰਦੇ ’ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਸੰਭਾਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਰਾਂ ਤੋਂ ਛਬੜਾ ਜਾ ਰਹੀ ਮਾਲ ਗੱਡੀ ਦੋ ਹਿੱਸਿਆਂ ’ਚ ਵੰਡੀ ਗਈ
NEXT STORY