ਨੰਗਲ (ਗੁਰਭਾਗ)- ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਭਨੁਪਲੀ ਕਸਬੇ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਲੋਕਾਂ ਨੂੰ ਗੰਭੀਰ ਜ਼ਖਮੀ ਹੋਣ ’ਤੇ ਭਾਈ ਜੈਤਾ ਸਿਵਲ ਹਸਪਤਾਲ ਸ੍ਰੀ ਅੰਨਦਪੁਰ ਸਾਹਿਬ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਬਲੈਰੋ ਅਤੇ ਸ਼ਰਧਾਲੂਆਂ ਨਾਲ ਭਰੇ ਕੈਂਟਰ ਵਿਚਕਾਰ ਹੋਇਆ। ਮਿਲੀ ਜਾਣਕਾਰੀ ਦੇ ਮੁਤਾਬਿਕ ਨੈਸ਼ਨਲ ਹਾਈਵੇ ਦੇ ਕੰਢੇ ਵਸੇ ਪਿੰਡ ਭਨੁਪਲੀ-ਬਿਲਾਸਪੁਰ ਰੇਲ ਮਾਰਗ ਦੀ ਉਸਾਰੀ ਵਿਚ ਜੁਟੀ ਇਕ ਕੰਪਨੀ ਦੇ ਤਿੰਨ ਕਰਮਚਾਰੀ ਬਲੈਰੋ ਵਿਚ ਸਵਾਰ ਹੋ ਕੇ ਸ੍ਰੀ ਅੰਨਦਪੁਰ ਸਾਹਿਬ ਵੱਲ ਜਾ ਰਹੇ ਸਨ ਕਿ ਅਚਾਨਕ ਇਨ੍ਹਾਂ ਦੀ ਗੱਡੀ ਦੇ ਅੱਗੇ ਸੁੱਕੇ ਬੂਟੇ ਦਾ ਇਕ ਹਿੱਸਾ ਡਿੱਗਿਆ। ਜਿਸਦੇ ਨਾਲ ਗੱਡੀ ਦੇ ਚਾਲਕ ਤੋਂ ਗੱਡੀ ਬੇਕਾਬੂ ਹੋ ਗਈ ਅਤੇ ਗੱਡੀ ਨੰਗਲ ਵੱਲ ਨੂੰ ਜਾ ਰਹੇ ਇਕ ਕੈਂਟਰ ਨਾਲ ਜਾ ਟਕਰਾਈ। ਜਿਸ ਕਾਰਨ ਬੈਲਰੋ ਸਵਾਰ ਅਸ਼ਰਫ ਭੱਟ (32) ਦੀ ਮੌਤ ਹੋ ਗਈ ਅਤੇ ਸੰਜੇ ਠਾਕੁਰ ਅਤੇ ਵਿਮੇਸ਼ ਨਾਮਕ ਵਿਅਕਤੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ।
ਇਹ ਵੀ ਪੜ੍ਹੋ: ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ
ਜ਼ਖਮੀਆਂ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ, ਸ੍ਰੀ ਅੰਨਦਪੁਰ ਸਾਹਿਬ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਹ ਦੋਨੋ ਜ਼ਖ਼ਮੀ ਨੌਜਵਾਨ ਅਤੇ ਮ੍ਰਿਤਕ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਚੰਬੇ ਖੇਤਰ ਦੇ ਨਿਵਾਸੀ ਦੱਸੇ ਗਏ ਹਨ। ਉੱਧਰ ਜਿਸ ਕੈਂਟਰ ਦੇ ਨਾਲ ਇਹ ਹਾਦਸਾ ਹੋਇਆ ਉਹ ਕਾਰਸੇਵਾ ਦਾ ਕੈਂਟਰ ਸੀ ਅਤੇ ਫਤਿਹਗੜ੍ਹ ਦੇ ਗੁਰਦੁਆਰਾ ਗੰਢੂਆ ਸਾਹਿਬ ਤੋਂ ਸੰਗਤਾਂ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਬਿਭੌਰ ਸਾਹਿਬ ਵੱਲ ਆ ਰਹੇ ਸਨ। ਇਸ ਕੈਂਟਰ ਵਿਚ ਸਵਾਰ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।
ਇਹ ਵੀ ਪੜ੍ਹੋ: ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ
ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਬਲੈਰੋ ਦੀਆਂ ਤਾਕੀਆਂ ਨੂੰ ਗੈਸ ਕਟਰ ਦੀ ਮਦਦ ਨਾਲ ਕੱਟ ਕੇ ਉਸ ’ਚੋਂ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਨੰਗਲ ਪੁਲਸ ਨੇ ਮੌਕੇ ’ਤੇ ਪੰਹੁਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸਦੀ ਪੁਸ਼ਟੀ ਥਾਣਾ ਮੁਖੀ ਇੰਸਪੈਕਟਰ ਪਵਨ ਚੌਧਰੀ ਨੇ ਕੀਤੀ। ਦੱਸਣਾ ਇਹ ਵੀ ਜ਼ਰੂਰੀ ਹੈ ਕਿ ਉਕਤ ਮਾਰਗ ਫੋਰਲੈਨ ਨਾ ਹੋਣ ਕਾਰਨ ਇਸ ਰਸਤੇ ’ਤੇ ਆਏ ਦਿਨ ਦਰਦਨਾਕ ਹਾਦਸੇ ਵਾਪਰਦੇ ਰਹਿੰਦੇ ਹਨ। ਕੁਝ ਅਖਬਾਰਾਂ ’ਚ ਤਾਂ ਉਕਤ ਸੜਕ ਨੂੰ ਖ਼ੂਨੀ ਸੜਕ ਦੇ ਨਾਂ ਵੱਜੋਂ ਵੀ ਲਿਖਿਆ ਜਾ ਚੁੱਕਾ ਹੈ।
ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ
NEXT STORY