ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਬੀਤੀ ਰਾਤ ਚੋਰਾਂ ਨੇ ਨੇੜਲੇ ਪਿੰਡ ਰਹੀਮਾਬਾਦ ਵਿਖੇ ਕਿਸਾਨ ਗਿਆਨ ਚੰਦ ਤੇ ਜੋਗਿੰਦਰ ਸਿੰਘ (ਪਿਓ-ਪੁੱਤਰ) ਦੇ ਵਾੜੇ 'ਚੋਂ 10 ਮੱਝਾਂ ਚੋਰੀ ਕਰ ਲਈਆਂ। ਕਿਸਾਨ ਗਿਆਨ ਚੰਦ ਰਹੀਮਾਬਾਦ ਨੇ ਦੱਸਿਆ ਕਿ ਉਨ੍ਹਾਂ ਘਰ ਨੇੜੇ ਵਾੜੇ 'ਚ ਪਸ਼ੂ ਬੰਨ੍ਹੇ ਹੋਏ ਸਨ ਕਿ ਰਾਤ 2.30 ਵਜੇ 2 ਟਾਟਾ ਮਿੰਨੀ-407 ਟਰੱਕਾਂ 'ਤੇ ਸਵਾਰ ਹੋ ਕੇ ਚੋਰ ਆਏ ਤੇ ਉਸ ਦੀਆਂ 2 ਮੱਝਾਂ ਤੇ 1 ਝੋਟਾ ਚੋਰੀ ਕਰਕੇ ਲੈ ਗਏ, ਨਾਲ ਹੀ ਉਸਦੇ ਪੁੱਤਰ ਜੋਗਿੰਦਰ ਸਿੰਘ ਦਾ ਵਾੜਾ ਸੀ ਜਿਸ 'ਚੋਂ ਚੋਰਾਂ ਨੇ 7 ਮੱਝਾਂ ਚੋਰੀ ਕਰਕੇ ਟਰੱਕ 'ਚ ਲੱਦ ਲਈਆਂ। ਮੱਝਾਂ ਦੀ ਆਵਾਜ਼ ਸੁਣ ਕੇ ਜਦੋਂ ਉਹ ਵਾੜੇ 'ਚ ਗਏ ਤਾਂ ਚੋਰ ਇਹ ਗੱਡੀਆਂ ਭਜਾ ਕੇ ਲੈ ਗਏ। ਉਨ੍ਹਾਂ ਮੋਟਰਸਾਈਕਲ ਰਾਹੀਂ ਚੋਰਾਂ ਦਾ ਪਿੱਛਾ ਵੀ ਕੀਤਾ ਪਰ ਰਾਹੋਂ ਰੋਡ 'ਤੇ ਉਨ੍ਹਾਂ ਨੇ ਫੇਟ ਮਾਰ ਕੇ ਮੋਟਰਸਾਈਕਲ ਨੂੰ ਸੁੱਟ ਦਿੱਤਾ ਤੇ ਫਰਾਰ ਹੋ ਗਏ।
ਇਸੇ ਤਰ੍ਹਾਂ ਮਿਲਕੋਵਾਲ ਪਿੰਡ ਦੇ ਨਿਵਾਸੀ ਫਤਿਹ ਸਿੰਘ ਅਨੁਸਾਰ ਉਸਨੇ ਆਪਣੇ ਘਰ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਪਸ਼ੂਆਂ ਦਾ ਵਾੜਾ ਬਣਾਇਆ ਹੋਇਆ ਹੈ, ਜਿਸ ਨੂੰ ਉਸਨੇ ਜਿੰਦਰਾ ਲਾਇਆ ਹੋਇਆ ਸੀ। ਬੀਤੀ ਰਾਤ ਚੋਰ ਵਾੜੇ ਦਾ ਜਿੰਦਰਾ ਤੋੜ ਕੇ ਮੱਝਾਂ ਨੂੰ ਖੋਲ੍ਹਣ ਲੱਗ ਪਏ, ਜਿਸ ਦੌਰਾਨ ਉਸਦੀ ਅੱਖ ਖੁੱਲ੍ਹ ਗਈ। ਜਦੋਂ ਉਸਨੇ ਪਸ਼ੂਆਂ ਦੇ ਵਾੜੇ 'ਚ ਦੇਖਿਆ ਤਾਂ ਚੋਰ ਮੱਝਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸਨੂੰ ਦੇਖ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਏ।
ਦੋਵਾਂ ਹੀ ਵਿਅਕਤੀਆਂ ਵਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੱਖ-ਵੱਖ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਧਰਮਸੌਤ ਨੂੰ ਦਿੱਤੇ ਮੰਗ-ਪੱਤਰ
NEXT STORY