ਫਰੀਦਕੋਟ (ਜਗਤਾਰ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਜਿੱਥੇ ਸਖ਼ਤੀ ਦਿਖਾਈ ਜਾ ਰਹੀ ਹੈ ਉੱਥੇ ਹੀ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ ਪਰ ਨਸ਼ੇ ਨੇ ਜਿਸ ਤਰ੍ਹਾਂ ਸੂਬੇ 'ਚ ਪੈਰ ਪਸਾਰੇ ਹੋਏ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਇਸ ਵਿੱਚ ਕਾਫ਼ੀ ਸਮਾਂ ਲੱਗੇਗਾ। ਜਾਣਕਾਰੀ ਮੁਤਾਬਕ ਹੁਣ ਤੱਕ ਸੂਬੇ ਭਰ 'ਚ ਨਸ਼ੇ ਦੀ ਓਵਰਡੋਜ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਦੇ ਪਿੰਡ ਬੇਗੁਵਾਲਾ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਪਿੰਡ ਦੇ 16 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੰਨੀ ਪੁੱਤਰ ਪਿਆਰਾ ਸਿੰਘ ਵਜੋਂ ਹੋਈ ਹੈ , ਜੋ ਕਿ 3 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ
ਪਰਿਵਾਰ ਵਾਲਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸੰਨੀ 10ਵੀਂ ਦੀ ਪੜ੍ਹਾਈ ਵਿਚਕਾਰ ਛੱਡ ਕੇ ਹੀ ਆਪਣੇ ਪਿਤਾ ਨਾਲ ਮਜ਼ਦੂਰੀ ਕਰਨ ਲੱਗ ਗਿਆ ਸੀ ਅਤੇ ਇਨੀਂ ਦਿਨੀਂ ਆਪਣੇ ਪਿਤਾ ਨਾਲ ਝੋਨਾ ਲਵਾਉਣ ਜਾਂਦਾ ਸੀ। ਘਟਨਾ ਵਾਲੇ ਦਿਨ ਉਹ ਆਪਣੇ ਪਿਤਾ ਤੋਂ 500 ਰੁਪਏ ਲੈ ਕੇ ਘਰੋਂ ਚਲਾ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਮੁੰਡੇ ਲਖਵਿੰਦਰ ਸਿੰਘ ਅਤੇ ਸੋਨੂੰ ਉਸ ਨੂੰ ਆਪਣੇ ਨਾਲ ਲੈ ਕੇ ਗਏ ਸਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦੋ ਮੁੰਡੇ 500 ਰੁਪਏ ਦਾ ਨਸ਼ਾ ਲੈ ਆਏ ਅਤੇ ਖ਼ੁਦ ਨੂੰ ਨਸ਼ੇ ਵਾਲੇ ਟੀਕਾ ਲਾ ਕੇ ਉਨ੍ਹਾਂ ਦੇ ਮੁੰਡੇ ਨੂੰ ਵੀ ਨਸ਼ੇ ਵਾਲਾ ਟੀਕਾ ਲਾ ਦਿੱਤਾ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਸਰਾਵਾਂ 'ਤੇ GST ਸਣੇ ਚੁੱਕੇ ਇਹ ਮੁੱਦੇ
ਜਿਸ ਤੋਂ ਬਾਅਦ ਨਸ਼ੇ ਕਾਰਨ ਸੰਨੀ ਬੇਸੁਰਤ ਹੋ ਗਿਆ ਅਤੇ ਉਹ ਮੁੰਡੇ ਕਿਸੇ ਨੂੰ ਦੱਸਣ ਦੀ ਬਜਾਏ ਉਸ ਨੂੰ ਆਪਣੇ ਘਰ ਲੈ ਗਏ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਸ ਨੂੰ ਹੋਸ਼ ਨਹੀਂ ਆਈ ਤਾਂ ਉਹ ਉਸ ਨੂੰ ਘਰ ਛੱਡਣ ਆ ਗਏ ਅਤੇ ਕਹਿਣ ਲੱਗੇ ਕਿ ਸੰਨੀ ਵਾਟਰਵਰਕਸ ਕੋਲ ਬੇਹੋਸ਼ ਪਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸੰਨੀ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕਿਹਾ ਕਿ ਉਸ ਦੀ ਮੌਤ ਕਈ ਘੰਟੇ ਪਹਿਲਾਂ ਹੀ ਹੋ ਗਈ ਹੈ। ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਦੋਵਾਂ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਕੇ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਭਾਵੇ ਸਰਕਾਰਾਂ ਬਦਲ ਗਈਆਂ ਹਨ ਪਰ ਪੰਜਾਬ 'ਚ ਨਸ਼ਿਆਂ ਦੀ ਹਾਲਤ ਉਹ ਹੈ ਜਿਸ ਨਾਲ ਨੌਜਵਾਨਾਂ ਦੀਆਂ ਜ਼ਿੰਦਗੀ ਖ਼ਰਾਬ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕਰਦਿਆਂ ਕਿਹਾ ਕਿ ਸੂਬੇ 'ਚੋਂ ਜਲਦ ਹੀ ਨਸ਼ਾ ਖ਼ਤਮ ਕੀਤਾ ਜਾਵੇ ਤਾਂ ਜੋ ਕਿਸੇ ਦੇ ਘਰ ਦਾ ਚਿਰਾਗ ਨਾ ਬੁੱਝੇ।
ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝੇ ਕਰੋ।
ਜਲੰਧਰ ’ਚ ਬੰਦੂਕ ਦੀ ਨੋਕ ’ਤੇ ਵੱਡੀ ਲੁੱਟ, ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ ਲੱਖਾਂ ਰੁਪਏ
NEXT STORY