ਆਦਮਪੁਰ, (ਕਮਲਜੀਤ)- ਭਾਰੀ ਬਰਸਾਤ ਕਾਰਨ ਤਿੰਨ ਪਿੰਡਾਂ ਧੁਦਿਆਲ, ਕੌਹਜਾ, ਕੋਟਲਾ ਦੀ ਪਿਛਲੇ 18 ਘੰਟੇ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਿੰਡ ਵਾਸੀਆਂ ਦਾ ਗੁੱਸਾ ਭੜਕ ਗਿਆ। ਇਸ ਸਬੰਧੀ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਤ 9 ਵਜੇ ਤੋਂ ਬਿਜਲੀ ਸਪਲਾਈ ਬੰਦ ਕੀਤੀ ਗਈ। ਸਾਰੀ ਰਾਤ ਤੇ ਅੱਧਾ ਦਿਨ ਬੀਤਣ ਤੱਕ ਤਿੰਨਾਂ ਪਿੰਡਾਂ ਵਿਚ ਬਿਜਲੀ ਬੰਦ ਰਹੀ। ਲੋਕਾਂ ਨੇ ਬਿਜਲੀ ਨਾ ਆਉਣ ਕਾਰਨ ਐਤਵਾਰ ਦੀ ਛੁੱਟੀ ਦਾ ਆਨੰਦ ਵਿਭਾਗ ਵਲੋਂ ਖਰਾਬ ਕਰਨ ਦੀ ਵੀ ਗੱਲ ਕਹੀ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਰਾਤ 1 ਵਜੇ ਸ਼ਾਮਚੁਰਾਸੀ ਬਿਜਲੀ ਘਰ 'ਚ ਬਿਜਲੀ ਬੰਦ ਹੋਣ ਦੀ ਸ਼ਿਕਾਇਤ ਲੈ ਕੇ ਗਏ ਪਰ ਉੱਥੇ ਉਨ੍ਹਾਂ ਦੀ ਕਿਸੇ ਨਾ ਸੁਣੀ। ਸਬੰਧਤ ਜੇ. ਈ. ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਕੋਈ ਪੁਖਤਾ ਜਵਾਬ ਨਾ ਮਿਲਿਆ। ਸ਼ਿਕਾਇਤ ਦਫ਼ਤਰ ਚੰਡੀਗੜ੍ਹ 1912 ਨੰਬਰ 'ਤੇ ਵੀ ਸ਼ਿਕਾਇਤ ਕਰਨ ਕੋਸ਼ਿਸ਼ ਕੀਤੀ ਗਈ ਪਰ ਫੋਨ 'ਤੇ ਸੰਪਰਕ ਨਹੀਂ ਹੋ ਸਕਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਹੀ ਵਿਭਾਗ ਉਨ੍ਹਾਂ ਦੇ ਪਿੰਡਾਂ ਦੀ ਸਪਲਾਈ ਕੱਟ ਦਿੰਦਾ ਹੈ, ਜਿਸ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਨੁਕਸ ਨੂੰ ਦੂਰ ਕਰਨ ਲਈ ਵਿਭਾਗ ਕੋਲ ਮੈਨ ਪਾਵਰ ਦੀ ਕਮੀ ਹੋਣ ਦਾ ਬਹਾਨਾ ਅਕਸਰ ਹੀ ਬਿਜਲੀ ਅਫ਼ਸਰਾਂ ਵਲੋਂ ਲਾਇਆ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੀ ਸਹੂਲਤ ਯਕੀਨੀ ਬਣਾਈ ਜਾਵੇ।
ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਲਾਇਆ ਜਾਂਦਾ ਬਿਜਲੀ ਕੱਟ : ਵਿਭਾਗ
ਜਦ ਇਸ ਸਬੰਧੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਮੁੱਖ ਲਾਈਨਾਂ ਦੇ ਆਸ-ਪਾਸ ਕਈ ਜਗ੍ਹਾ ਦਰੱਖ਼ਤ ਹੋਣ ਕਾਰਨ ਬਿਜਲੀ ਦਾ ਕੱਟ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਲਾਇਆ ਜਾਂਦਾ ਹੈ। ਜਿਉਂ ਹੀ ਮੌਸਮ ਸਾਫ਼ ਹੁੰਦਾ ਹੈ ਤਾਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ।
2 ਨਸ਼ਾ ਸਮੱਗਲਰ ਗ੍ਰਿਫਤਾਰ
NEXT STORY