ਹੈਰੋਇਨ, ਅਸਲੇ ਤੇ ਡਰੱਗ ਮਨੀ ਸਮੇਤ 2 ਗ੍ਰਿਫਤਾਰ
ਮੋਹਾਲੀ, (ਕੁਲਦੀਪ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਦੋ ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥ ਹੈਰੋਇਨ, ਅਸਲੇ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਨਾਂ ਰਾਜ ਕੁਮਾਰ ਉਰਫ ਰਾਜਾ ਨਿਵਾਸੀ ਪਿੰਡ ਢੰਡਾ (ਜਲੰਧਰ) ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਨਿਵਾਸੀ ਬੜਾ ਪਿੰਡ ਗੋਰਾਇਆ (ਜਲੰਧਰ) ਦੱਸੇ ਜਾਂਦੇ ਹਨ।
ਅੱਜ ਦੋਵਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਦੋਵਾਂ ਨੂੰ ਦੋ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਤੋਂ 290 ਗ੍ਰਾਮ ਹੈਰੋਇਨ, ਇਕ ਦੇਸੀ ਪਿਸਤੌਲ 7.65, 8 ਜ਼ਿੰਦਾ ਕਾਰਤੂਸ ਤੇ 2 ਲੱਖ 5 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਟਾਟਾ ਸਫਾਰੀ ’ਚ ਸਨ ਸਵਾਰ
ਉਨ੍ਹਾਂ ਦੱਸਿਆ ਕਿ ਐੱਸ. ਟੀ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਮੁਲਜ਼ਮ ਇਕ ਟਾਟਾ ਸਫਾਰੀ ਵਿਚ ਆ ਰਹੇ ਹਨ। ਐੱਸ. ਟੀ. ਐੱਫ. ਦੇ ਏ. ਐੱਸ. ਆਈ. ਮਲਕੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਫੇਜ਼-6 ਵਿਚ ਵੇਰਕਾ ਚੌਕ ਦੇ ਨੇੜੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਰਾਜ ਕੁਮਾਰ ਉਰਫ ਰਾਜਾ ਤੋਂ 260 ਗ੍ਰਾਮ ਹੈਰੋਇਨ, ਇਕ ਪਿਸਤੌਲ ਸਮੇਤ 8 ਜ਼ਿੰਦਾ ਕਾਰਤੂਸ ਤੇ 2 ਲੱਖ 5 ਹਜ਼ਾਰ ਰੁਪਏ ਡਰੱਗ ਮਨੀ ਅਤੇ ਇਕ ਟਾਟਾ ਸਫਾਰੀ ਬਰਾਮਦ ਹੋਈ, ਜਦੋਂ ਕਿ ਦੂਜੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨਾ ਤੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਖਿਲਾਫ ਐੱਸ. ਟੀ. ਐੱਫ. ਦੇ ਪੁਲਸ ਸਟੇਸ਼ਨ ਫੇਜ਼-4 ਵਿਚ ਕੇਸ ਦਰਜ ਕੀਤਾ ਗਿਆ।
ਪਤਨੀ ਨਾਲ ਮਿਲ ਕੇ ਇਮੀਗ੍ਰੇਸ਼ਨ ਕੰਪਨੀ ਤੇ ਜਿਮ ਚਲਾਉਂਦਾ ਸੀ ਮੁਲਜ਼ਮ ਰਾਜਾ
ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਪਤਾ ਲੱਗਾ ਕਿ ਰਾਜ ਕੁਮਾਰ ਉਰਫ ਰਾਜਾ ਕੁਝ ਸਮਾਂ ਪਹਿਲਾਂ ਦੋ ਜਿਮ ਚਲਾਉਂਦਾ ਸੀ। ਇਸ ਦਾ ਇਕ ਭਰਾ ਅਸ਼ਵਨੀ ਕੁਮਾਰ ਤਿਹਾਡ਼ ਜੇਲ ਦਿੱਲੀ ਵਿਚ ਡਰੱਗ ਸਮੱਗਲਿੰਗ ਦੇ ਕੇਸ ਵਿਚ ਸਜਾ ਕੱਟ ਰਿਹਾ ਹੈ, ਜੋ ਕਿ ਦੋ ਮਹੀਨੇ ਪਹਿਲਾਂ 15 ਦਿਨਾਂ ਦੀ ਪੈਰੋਲ ’ਤੇ ਛੁੱਟੀ ਆਇਆ ਸੀ, ਜੋ ਕਿ ਰਾਜਾ ਨੂੰ ਇਕ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਦੇ ਗਿਆ ਸੀ। ਅਸ਼ਵਨੀ ਇਹ ਪਿਸਤੌਲ ਪਹਿਲਾਂ ਇਸ ਧੰਦੇ ਵਿਚ ਖੁਦ ਇਸਤੇਮਾਲ ਕਰਦਾ ਸੀ। ਰਾਜਾ ਨੇ ਪੁਲਸ ਕੋਲ ਮੰਨਿਆ ਕਿ ਉਹ ਹੈਰੋਇਨ ਦਿੱਲੀ ਨਿਵਾਸੀ ਇਕ ਨਾਈਜੀਰੀਅਨ ਤੋਂ 1 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਉਂਦਾ ਸੀ ਅਤੇ ਇਥੇ 2800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਰਾਜਾ ਇਸ ਸਮੇਂ ਗੋਰਾਇਆ ਵਿਚ ਆਪਣੀ ਪਤਨੀ ਦੇ ਨਾਲ ਮਿਲ ਕੇ ਇਮੀਗ੍ਰੇਸ਼ਨ ਕੰਪਨੀ ਵੀ ਚਲਾ ਰਿਹਾ ਸੀ। ਰਾਜਾ ਖਿਲਾਫ ਪਹਿਲਾਂ ਵੀ ਪੁਲਸ ਸਟੇਸ਼ਨ ਫਿਲੌਰ ਵਿਚ ਕੇਸ ਦਰਜ ਹੈ। ਜਿਹੜੀ ਟਾਟਾ ਸਫਾਰੀ ਗੱਡੀ ਵਿਚੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੂੰ ਕਿਸ਼ਤਾਂ ’ਤੇ ਲਿਅਾ ਸੀ ਪਰ ਉਸ ਨੇ ਬਾਅਦ ਵਿਚ ਗੱਡੀ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ।
ਮੁਲਜ਼ਮ ਮਨਪ੍ਰੀਤ ਕਰਦਾ ਹੈ ਮੋਬਾਇਲ ਫੋਨਾਂ ਦੀ ਦੁਕਾਨ
ਦੂਜਾ ਮੁਲਜ਼ਮ ਮਨਪ੍ਰੀਤ ਸਿਰਫ ਉਰਫ ਮੰਨਾ ਮੋਬਾਇਲ ਫੋਨਾਂ ਦੀ ਦੁਕਾਨ ਕਰਦਾ ਹੈ। ਉਸ ਦੇ ਖਿਲਾਫ ਪਹਿਲਾਂ ਵੀ ਹੁਸ਼ਿਆਰਪੁਰ ਵਿਚ ਡਰੱਗ ਸਮੱਗਲਿੰਗ ਦਾ ਕੇਸ ਦਰਜ ਹੈ।
ਸਕੂਲ ਖਿਲਾਫ ਕਾਰਵਾਈ ਨਾ ਹੋਣ ਕਰ ਕੇ 'ਆਪ' ਆਗੂ ਟੈਂਕੀ 'ਤੇ ਚੜ੍ਹਿਆ
NEXT STORY