ਫਤਿਹਗਡ਼੍ਹ ਸਾਹਿਬ, (ਜੱਜੀ, ਟਿਵਾਣਾ, ਜਗਦੇਵ)– ਸਰਹਿੰਦ ਨੇੜਲੇ ਕਈ ਪਿੰਡਾਂ ’ਚ ਹਨੇਰੀ-ਤੂਫਾਨ ਆਉਣ ਕਾਰਨ ਜਿੱਥੇ ਸੈਂਕਡ਼ੇ ਦਰੱਖਤ ਟੁੱਟ ਗਏ, ਉੱਥੇ ਕਈ ਦਰੱਖਤ ਪਿੰਡ ਰਿਉਣਾ ਨੇਡ਼ੇ ਨਰਵਾਣਾ ਨਹਿਰ ’ਚ ਡਿੱਗ ਜਾਣ ਕਾਰਨ ਨਹਿਰ ਦਾ ਪਾਣੀ ਰੁਕ ਗਿਆ ਤੇ ਪਾਣੀ ਨਹਿਰ ਦੇ ਕੰਢਿਆ ਤੱਕ ਪਹੁੰਚ ਗਿਆ, ਜਿਸ ਨਾਲ ਕਈ ਪਿੰਡਾਂ ’ਚ ਹਡ਼੍ਹ ਆਉਣ ਦਾ ਖਤਰਾ ਬਣ ਗਿਆ ਸੀ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮਦਦ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਕਾਰਨ ਆਲੇ-ਦੁਆਲੇ ਦੇ ਦਰਜਨਾਂ ਪਿੰਡਾ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਲਾ ਪ੍ਰਸ਼ਾਸ਼ਨ ਪੁਰੀ ਤਰਾਂ ਚੌਕਸ ਹੈ ਤੇ ਹਰ ਪਲ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ।
ਕੀ ਕਹਿਣਾ ਹੈ ਅੈੱਮ. ਡੀ. ਅੈੱਮ. ਦਾ: ਇਸ ਸਬੰਧੀ ਅੈੱਸ. ਡੀ. ਐੱਮ. ਮਨਜੀਤ ਸਿੰਘ ਚੀਮਾ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹਨੇਰੀ-ਝੱਖਡ਼ ਆਉਣ ਕਰ ਕੇ ਪਿੰਡ ਰਿਉਣਾ ਕੋਲ ਬਣੇ 4 ਸਾਈਫਨਾਂ ’ਚੋਂ 2 ਸਾਈਫਨ ਬਲੌਕ ਹੋ ਗਏ, ਜਿਸ ਕਰ ਕੇ ਪਾਣੀ ਰੁਕਣ ਨਾਲ ਪਾਣੀ ਨਹਿਰ ਦੇ ਕੰਢਿਆਂ ਤੱਕ ਪੁੱਜ ਗਿਆ ਸੀ। ਉਹ ਮੌਕੇ ’ਤੇ ਪਹੁੰਚੇ ਤੇ ਇਕ ਕਰੇਨ ਤੇ ਲੋਕਾਂ ਦੀ ਸਹਾਇਤਾ ਨਾਲ ਸਾਈਫਨ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਗੋਤਾਖੋਰ ਵੀ ਫੇਲ੍ਹ ਹੋ ਗਏ। ਇਸ ਲਈ ਨਹਿਰੀ ਵਿਭਾਗ ਦੇ ਅਫਸਰ ਵੀ ਮੌਕੇ ਤੇ ਬੁਲਾਏ ਤੇ ਨਹਿਰੀ ਵਿਭਾਗ ਨੂੰ ਡਿਪਟੀ ਕਮਿਸ਼ਨਰ ਕੰਵਲਜੀਤ ਬਰਾਡ਼ ਰਾਹੀ ਪਾਣੀ ਘੱਟ ਕਰਨ ਦੀ ਬੇਨਤੀ ਕੀਤੀ, ਜਿਸ ’ਤੇ ਨਹਿਰੀ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਣੀ 3986 ਕਿਉਸਿਕ ਤੋਂ ਘਟਾ ਕੇ 2600 ਕਿਉਸਿਕ ਕਰ ਦਿੱਤਾ, ਜਿਸ ਨਾਲ ਪਾਣੀ ਨਹਿਰ ਦੀ ਪਟਡ਼ੀ ਤੋਂ ਕਰੀਬ 1 ਫੁੱਟ ਹੇਠਾਂ ਹੋ ਗਿਆ ਹੈ। ਫਿਰ ਵੀ ਉਕਤ ਸਾਈਫਨ ਨੂੰ ਖੋਲਣ ਲਈ ਪਾਣੀ ਬੰਦ ਕਰਵਾਉਣਾ ਜ਼ਰੂਰੀ ਹੈ, ਜਿਸ ਲਈ ਡਿਪਟੀ ਕਮਿਸ਼ਨਰ ਨੇ ਵਿਭਾਗ ਨੂੰ ਲਿਖਤ ਬੇਨਤੀ ਕਰ ਦਿੱਤੀ ਹੈ। ਪਾਣੀ ਬੰਦ ਕਰਨ ਦੀ ਮਨਜੂਰੀ ਮਿਲਣ ਉਪਰੰਤ 8 ਤੋਂ 10 ਘੰਟਿਆ ’ਚ ਪਾਣੀ ਘੱਟ ਹੋਵੇਗਾ ਤੇ ਸਾਈਫਨ ਨੂੰ ਖੋਲਿਆ ਜਾਵੇਗਾ। ਇਸ ਲਈ ਉੱਥੇ ਮੌਕੇ ’ਤੇ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਹਾਲੇ ਸਥਿਤੀ ਕਾਬੂ ’ਚ ਹੈ। ਉਨ੍ਹਾਂ ਕਿਹਾ ਕਿ ਇਹ ਨਰਵਾਣਾ ਨਹਿਰ ਦਾ ਪਾਣੀ ਹਰਿਆਣਾ ’ਚ ਵੀ ਜਾਂਦਾ ਹੈ ਤੇ ਉਥੇ ਲੋਕ ਇਸ ਪਾਣੀ ਨੂੰ ਪੀਣ ਲਈ ਵੀ ਵਰਤਦੇ ਹਨ। ਇਸ ਲਈ ਇਸ ਨੂੰ ਬੰਦ ਕਰਨ ਦੀ ਮਨਜੂਰੀ ਲੈਣ ’ਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ ਹੈ, ਡਰਨ ਵਾਲੀ ਕੋਈ ਗੱਲ ਨਹੀ ਹੈ। ਇਸ ਮੌਕੇ ਮਨਦੀਪ ਕੌਰ ਨਾਗਰਾ, ਥਾਣਾ ਮੂਲੇਪੁਰ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ, ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਚੰਦਰ ਮੋਹਨ ਸ਼ਰਮਾ, ਐੱਸ. ਡੀ. ਓ. ਜਸਦੀਪ ਕੌਰ, ਵਧੀਕ ਇੰਜ. ਬਚਨ ਸਿੰਘ, ਥਾਣਾ ਸਰਹਿੰਦ ਦੇ ਐਸ. ਐੱਚ. ਓ. ਸਰਬਜੀਤ ਸਿੰਘ ਤੇ ਪੁਲਸ ਚੌਕੀ ਨਬੀਪੁਰ ਦੇ ਇੰਚਾਰਜ ਸਾਹਿਬ ਸਿੰਘ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਲਖਵੀਰ ਸਿੰਘ ਰਾਏ
ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਹਿਰ ਦਾ ਪਾਣੀ ਰੁਕ ਜਾਣ ਕਾਰਨ ਆਸ-ਪਾਸ ਦੇ ਕਰੀਬ ਦਰਜਨ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਸਬੰਧਤ ਵਿਭਾਗ ਜ਼ਿੰਮੇਵਾਰ ਹੈ। ਜਿਨ੍ਹਾਂ ਨੇ ਕਦੇ ਨਹਿਰ ਦੀ ਸਫਾਈ ਕੀਤੀ ਹੀ ਨਹੀਂ, ਜਦਕਿ ਗੁਆਂਢੀ ਰਾਜ ਹਰਿਆਣਾ ਵਲੋਂ ਹਰ ਸਾਲ ਇਸ ਨਹਿਰ ਦੀ ਸਫਾਈ ਲਈ ਕਰੀਬ 12 ਕਰੋਡ਼ ਰੁਪਏ ਸਫਾਈ ਲਈ ਦਿੱਤੇ ਜਾਂਦੇ ਹਨ। ਨਹਿਰੀ ਵਿਭਾਗ ਵਲੋਂ ਨਹਿਰ ਦੀ ਸਫਾਈ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਹਿਰ ’ਚ ਬਹੁਤ ਵੱਡੇ-ਵੱਡੇ ਦਰੱਖਤ ਉੱਗ ਗਏ ਹਨ, ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਨਹਿਰ ਦੇ ਅੰਦਰਲੇ ਕਿਨਾਰਿਆਂ ’ਤੇ ਝਾਡ਼ ਤੇ ਦਰੱਖਤ ਉੱਗ ਗਏ ਹਨ, ਜੋ ਜੰਗਲ ਦਾ ਰੂਪ ਧਾਰ ਰਹੇ ਹਨ, ਦਰੱਖਤਾਂ ਦੀਆ ਜਡ਼੍ਹਾਂ ਫੈਲਣ ਕਾਰਨ ਇੱਟਾਂ ਵੀ ਉੱਖਡ਼ ਰਹੀਆਂ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਦੇ ਵੇਲਦਾਰ ਲਗਾ ਕੇ ਨਹਿਰ ਦੀ ਸਫਾਈ ਕਰਵਾਈ ਜਾਵੇ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਨਾਲ ਪ੍ਰਭਾਵਿਤ ਹੋਈਆਂ ਬਿਜਲੀ ਸੇਵਾਵਾਂ ਵੀ ਜਲਦ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਨਹਿਰ ’ਚੋਂ ਦਰੱਖਤ ਕੱਢਣ ਤੇ ਨਹਿਰ ਦੇ ਕੰਢੇ ਮਿੱਟੀ ਨਾਲ ਹੋਰ ਵਧੇਰੇ ਮਜ਼ਬੂਤ ਕਰਨ ’ਚ ਸਹਿਯੋਗ ਕੀਤਾ। ਇਸ ਮੌਕੇ ਰਣਜੀਤ ਸਿੰਘ, ਸੁਖਚੈਨ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਮਾਲਵ ਟਿਵਾਣਾ ਤੇ ਹੋਰ ਹਾਜ਼ਰ ਸਨ।
ਕੀ ਕਹਿਣਾ ਹੈ ਬਲਜੀਤ ਸਿੰਘ ਭੱੁਟਾ ਦਾ
ਇਸ ਮੌਕੇ ਜ਼ਿਲਾ ਪ੍ਰੀਸ਼ਦ ਫਤਿਹਗਡ਼੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸਬੰਧਤ ਵਿਭਾਗ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸਮੇਂ-ਸਮੇਂ ਤੇ ਨਹਿਰਾਂ ’ਚ ਵੀ ਖਡ਼੍ਹੇ ਦਰੱਖਤਾਂ ਦੀ ਸਫਾਈ ਕੀਤੀ ਜਾਂਦੀ ਰਹੇ ਤਾਂ ਵੱਡੀਆਂ ਘਟਨਾਵਾਂ ਵਾਪਰਨ ਤੋਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਵਿਚ ਪਾਣੀ ਦਾ ਵਹਾਅ ਇੰਨਾ ਕੁ ਤੇਜ਼ ਸੀ ਕਿ ਜੇਕਰ ਪਿੰਡ ਨਿਵਾਸੀ ਖੁਦ ਯਤਨ ਨਾ ਕਰਦੇ ਤਾਂ ਪਾਣੀ ਨਹਿਰਾਂ ਨੂੰ ਤੋਡ਼ ਕੇ ਕਈ-ਕਈ ਪਿੰਡਾਂ ਤੱਕ ਮਾਰ ਕਰ ਸਕਦਾ ਸੀ, ਜਿਸ ਨਾਲ ਕਾਫੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ।
ਜ਼ਿਲਾ ਪੱਧਰੀ ਹਸਪਤਾਲ ਦੀ ਕੰਟੀਨ ਨੂੰ ਜਿੰਦਰਾ ਲੱਗਣ ਨਾਲ ਮਰੀਜ਼ ਪ੍ਰੇਸ਼ਾਨ
NEXT STORY