ਹੁਸ਼ਿਆਰਪੁਰ, (ਜ.ਬ.)- ਜ਼ਹਿਰੀਲੀ ਦਵਾਈ ਖਾ ਲੈਣ ਨਾਲ ਵੱਖ-ਵੱਖ ਮਾਮਲਿਆਂ 'ਚ ਇਕ ਨੌਜਵਾਨ ਤੇ ਇਕ ਲੜਕੀ ਦੀ ਮੌਤ ਹੋ ਗਈ। ਅਤਿੰਦਰ ਸਿੰਘ (19) ਪੁੱਤਰ ਸਤਨਾਮ ਸਿੰਘ ਵਾਸੀ ਛਾਉਣੀ ਕਲਾਂ ਥਾਣਾ ਸਦਰ ਦੀ ਕੋਈ ਜ਼ਹਿਰੀਲੀ ਦਵਾਈ ਖਾ ਲੈਣ ਨਾਲ ਮੌਤ ਹੋ ਗਈ, ਜਦਕਿ ਇਕ ਹੋਰ ਮਾਮਲੇ ਵਿਚ ਰਵਿੰਦਰ ਕੌਰ ਪੁੱਤਰੀ ਸੰਤੋਖ ਦਾਸ ਵਾਸੀ ਪਿੰਡ ਸਾਰੰਗੋਵਾਲ ਦੀ ਮੌਤ ਹੋ ਗਈ।
ਕੀ ਹਨ ਮਾਮਲੇ : ਥਾਣਾ ਸਦਰ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਤਿੰਦਰ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ, ਜੋ ਕਿ ਸ਼ਿਮਲਾ ਪਹਾੜੀ ਚੌਕ 'ਚ ਇਕ ਨਿੱਜੀ ਫੈਕਟਰੀ ਵਿਚ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ, ਬੀਤੇ ਦਿਨੀਂ ਸਵੇਰੇ 8 ਵਜੇ ਦੇ ਕਰੀਬ ਕੰਮ 'ਤੇ ਗਿਆ ਸੀ ਅਤੇ ਰਾਤ 9 ਵਜੇ ਉਸ ਦੇ ਮੋਬਾਇਲ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਪ੍ਰਲਾਹਦ ਨਗਰ ਰੋਡ 'ਤੇ ਸੜਕ ਕੰਢੇ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਅਤਿੰਦਰ ਉਲਟੀਆਂ ਕਰ ਰਿਹਾ ਸੀ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਅੱਜ ਸਵੇਰੇ ਉਸ ਨੇ ਦਮ ਤੋੜ ਦਿੱਤਾ। ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਅਤਿੰਦਰ ਸਿੰਘ ਦੇ ਪਿਤਾ ਸਤਨਾਮ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੀ ਲੋੜੀਂਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਲੜਕੀ ਦੇ ਪਿਤਾ ਸੰਤੋਖ ਦਾਸ ਨੇ ਦੱਸਿਆ ਕਿ ਉਸ ਦੀ ਲੜਕੀ ਰਵਿੰਦਰ ਕੌਰ (20) ਜੋ ਕਿ ਕੰਨ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਬੀਤੀ 30 ਜੁਲਾਈ ਨੂੰ ਘਰ 'ਚ ਰੱਖੀ ਫਿਨਾਈਲ ਪੀ ਲਈ ਸੀ, ਜਿਸ ਦੀ ਅੱਜ ਜ਼ੇਰੇ ਇਲਾਜ ਮੌਤ ਹੋ ਗਈ। ਇਸ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਨੇ ਮ੍ਰਿਤਕਾ ਰਵਿੰਦਰ ਕੌਰ ਦੇ ਪਿਤਾ ਸੰਤੋਖ ਦਾਸ ਦੇ ਬਿਆਨਾਂ 'ਤੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਮਹਾਤਮਾ ਗਾਂਧੀ ਦੀ ਯਾਦਗਾਰ ਤੋੜਨ 'ਤੇ ਯੂਥ ਕਾਂਗਰਸ ਨੇ ਜਤਾਇਆ ਰੋਸ
NEXT STORY