ਬਠਿੰਡਾ (ਸੁਖਵਿੰਦਰ) : ਫ਼ਿਰੌਤੀ ਮੰਗਣ ਵਾਲੇ ਦਵਿੰਦਰ ਬੰਬੀਹਾ ਗਰੁੱਪ ਦੇ 2 ਵਿਅਕਤੀਆਂ ਨੂੰ ਸੀ. ਆਈ. ਏ.-1 ਸਟਾਫ਼ ਦੀ ਪੁਲਸ ਵਲੋਂ ਕਾਬੂ ਕਰਕੇ ਉਨ੍ਹਾਂ ਕੋਲੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਕਰਕੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 16 ਸਤੰਬਰ ਨੂੰ ਕਰੀਬ 2.57 ਵਜੇ ਇਕ ਵਿਅਕਤੀ ਦੇ ਮੋਬਾਇਲ 'ਤੇ ਵਟਸਐਪ ਕਾਲ ਕਰਕੇ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ।
ਫ਼ਿਰੌਤੀ ਮੰਗਣ ਵਾਲਾ ਵਿਅਕਤੀ ਖ਼ੁਦ ਨੂੰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਦੱਸ ਰਿਹਾ ਸੀ। ਫ਼ਿਰੌਤੀ ਮੰਗਣ ਦੌਰਾਨ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਹਰਮਨ ਕੁਲਚੇ ਵਾਲੇ ਦਾ ਕਤਲ ਕੀਤਾ ਗਿਆ ਹੈ ਅਤੇ ਜੇਕਰ ਉਸਨੇ ਪੈਸੇ ਨਾਂ ਦਿੱਤੇ ਤਾਂ ਉਸ ਨੂੰ ਵੀ ਜਾਨੋਂ ਮਾਰ ਦੇਣਗੇ। ਇਸ ਦੇ ਆਧਾਰ 'ਤੇ ਪੁਲਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ. ਆਈ. ਏ ਸਟਾਫ਼-1 ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ।
ਪੁਲਸ ਵਲੋਂ ਟੈਕਨੀਕਲ ਅਤੇ ਖ਼ੁਫ਼ੀਆ ਸੂਤਰਾਂ ਦੇ ਆਧਾਰ 'ਤੇ ਪਰਮਿੰਦਰ ਸਿੰਘ ਉਰਫ਼ ਗੋਲੂ ਪੁੱਤਰ ਅਮਰ ਸਿੰਘ ਵਾਸੀ ਦੋਦੀਆ ਗਿੱਦੜਬਾਹਾ ਅਤੇ ਸੁਸ਼ੀਲ ਕੁਮਾਰ ਉਰਫ਼ ਟਿਕੋਲ ਪੁੱਤਰ ਸ਼ੰਕਰ ਲਾਲ ਵਾਸੀ ਢਾਹਣੀ ਚੌਟਾਲਾ ਨੂੰ ਨਾਮਜ਼ਦ ਕੀਤਾ ਗਿਆ। ਸੀ. ਆਈ. ਏ-1 ਦੀ ਟੀਮ ਵਲੋਂ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪਿਸਤੌਲ 32 ਬੋਰ ਦੇਸੀ ਸਮੇਤ 4 ਜ਼ਿੰਦਾ ਰੌਂਦ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੰਨਾ ਮੁਲਜ਼ਮਾਂ ਵਲੋਂ ਅੱਜ ਮੁੱਦਈ ਦੇ ਗੇਟ 'ਤੇ ਫਾਇਰਿੰਗ ਕਰਨੀ ਸੀ। ਪੁਲਸ ਵਲੋਂ ਮੁਲਜ਼ਮਾਂ ਪਾਸੋਂ ਫ਼ਿਰੌਤੀ ਮੰਗਣ ਸਮੇਂ ਵਰਤਿਆ ਮੋਬਾਇਲ ਵੀ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾ ਜੋ ਅਹਿਮ ਖ਼ੁਲਾਸੇ ਹੋ ਸਕਣ।
ਹਰ ਸਹੂਲਤ ਨਾਲ ਲੈਸ ਆਮ ਆਦਮੀ ਕਲੀਨਿਕ, ਲੋਕ ਫਰੀ ਕਰਵਾ ਰਹੇ ਇਲਾਜ
NEXT STORY