ਬਠਿੰਡਾ/ਮਾਨਸਾ, (ਵਰਮਾ, ਮਨਜੀਤ ਕੌਰ)- ਜ਼ਿਲ੍ਹੇ ’ਚ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਥੇ ਹੀ ਕੋਰੋਨਾ ਦੇ 40 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹੈ, ਜਦੋਂਕਿ ਰਾਹਤ ਵਾਲੀ ਗੱਲ ਇਹ ਹੈ ਕਿ 529 ਕੇਸ ਨੈਗੇਟਿਵ ਮਿਲੇ ਹਨ। ਉਥੇ ਹੀ ਮਾਨਸਾ ਜ਼ਿਲੇ ’ਚ ਸੋਮਵਾਰ ਕੋਰੋਨਾ ਸਬੰਧੀ 11 ਨਵੇਂ ਮਰੀਜ਼ ਸਾਹਮਣੇ ਆਏ ਹਨ ਉਥੇ ਹੀ ਠੀਕ ਹੋਣ ’ਤੇ 3 ਮਰੀਜ਼ ਆਪਣੇ ਘਰਾਂ ਨੂੰ ਚਲੇ ਗਏ। ਸਿਹਤ ਵਿਭਾਗ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਸੈਂਪਲਿੰਗ ਤਹਿਤ 473 ਮਰੀਜ਼ਾਂ ਦੇ ਸੈਂਪਲ ਲਏ ਗਏ। ਹੁਣ ਤੱਕ ਕੋਰੋਨਾ ਕਾਰਣ ਮਾਨਸਾ ਜ਼ਿਲੇ ’ਚ 37 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਸੋਮਵਾਰ ਨੂੰ ਬਠਿੰਡਾ ਦੀ ਗੁਰੂ ਦੀ ਨਗਰੀ ਦੇ ਰਹਿਣ ਵਾਲੇ ਇਕ 72 ਸਾਲਾ ਵਿਅਕਤੀ ਦੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ’ਚ ਹੋਈ ਹੈ। ਮ੍ਰਿਤਕ ਨੂੰ ਪਿਛਲੀ 7 ਨਵੰਬਰ ਨੂੰ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਬਠਿੰਡਾ ਡੀ. ਡੀ. ਆਰ. ਸੀ. ਸੈਂਟਰ ’ਚ ਦਾਖਲ ਸੀ ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਵੱਲੋਂ ਸਥਾਨਕ ਦਾਣਾ ਮੰਡੀ ਵਾਲੇ ਰਾਮਬਾਗ ’ਚ ਪਰਿਵਾਰ ਦੀ ਹਾਜ਼ਰੀ ’ਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਤੋਂ ਇਲਾਵਾ ਬਠਿੰਡਾ ਦੇ ਪਿੰਡ ਮੇਹਮਾ ਸਰਜਨਾ ਦੀ ਰਹਿਣ ਵਾਲੀ ਇਕ ਔਰਤ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਇਨ੍ਹਾਂ ਨੂੰ ਵੀ ਪਿਛਲੇ 7 ਨਵੰਬਰ ਨੂੰ ਚੰਡੀਮੰਦਰ ਮਿਲਿਟਰੀ ਹਸਪਤਾਲ ਚੰਡੀਗੜ੍ਹ ’ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਦੀ 8 ਨਵੰਬਰ ਦੀ ਦੇਰ ਰਾਤ ਨੂੰ ਮੌਤ ਹੋ ਗਈ।
ਹੁਣ ਤੱਕ ਜ਼ਿਲ੍ਹੇ ’ਚ ਲਈ ਗਏ 87702 ਲੋਕਾਂ ਦੇ ਸੈਂਪਲ
ਜ਼ਿਲਾ ਪ੍ਰਸ਼ਾਸਨ ਮੁਤਾਬਕ ਜ਼ਿਲੇ ’ਚ 7 ਮਹੀਨਿਆਂ ’ਚ ਜ਼ਿਲੇ ’ਚ 87702 ਲੋਕਾਂ ਦੇ ਕੋਵਿਡ ਸੈਂਪਲ ਲਏ ਗਏ, ਜਿਸ ’ਚ 7448 ਪਾਜ਼ੇਟਿਵ ਆਏ ਅਤੇ ਹੁਣ ਤੱਕ 154 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਤੇਜ਼ੀ ਨਾਲ ਲੋਕ ਇਸ ਰੋਗ ਤੋਂ ਉਭਰ ਵੀ ਰਹੇ ਹਨ ਅਤੇ ਠੀਕ ਹੋ ਕੇ ਆਪਣੇ ਘਰ ਜਾ ਰਹੇ ਹਨ। ਜ਼ਿਲੇ ਦੇ 5993 ਲੋਕ ਕੋਰੋਨਾ ਵਾਇਰਸ ਤੋਂ ਆਜ਼ਾਦ ਹੋ ਚੁੱਕੇ ਹਨ। ਉਥੇ ਹੀ ਪਿਛਲੇ 213 ਦਿਨਾਂ ’ਚ ਰੋਜ਼ਾਨਾ 100 ਜਾਂ 50 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਸਨ ਪਰ ਐਤਵਾਰ ਨੂੰ ਜ਼ਿਲੇ ’ਚ ਇਕ ਵੀ ਕੋਰੋਨਾ ਪੀੜਤ ਨਵਾਂ ਕੇਸ ਸਾਹਮਣੇ ਨਹੀਂ ਆਇਆ। ਉਥੇ ਹੀ, ਹੁਣ ਬਠਿੰਡਾ ’ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 379 ਹੈ।
ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਸਹਿਮ ਦਾ ਮਾਹੌਲ
ਮਾਨਸਾ, (ਮਨਜੀਤ ਕੌਰ)-ਸਥਾਨਕ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਦੇ ਸਟਾਫ ਦੇ ਇਕ ਟੀਚਰ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲਾ ਸੈਂਪਲਿੰਗ ਅਧਿਕਾਰੀਆਂ ਵੱਲੋਂ ਸਟਾਫ ਦੇ ਲਏ ਗਏ ਸੈਂਪਲਾਂ ’ਚ ਇਕ ਔਰਤ ਦੇ ਵੀ ਪਾਜ਼ੇਟਿਵ ਆਉਣ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਟਾਫ ਦੇ ਪਾਜ਼ੇਟਿਵ ਪਾਏ ਜਾਣ ਨਾਲ ਬੱਚਿਆਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ‘ਕੋਵਿਡ-19’ ਕਾਰਣ ਸਕੂਲਾਂ ਨੂੰ ਕੁਝ ਸਮੇਂ ਲਈ ਹੋਰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਧਰ ਜ਼ਿਲਾ ਸੈਂਪਲਿੰਗ ਅਫਸਰ ਡਾ. ਰਣਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ‘ਕੋਵਿਡ-19’ ਦੀ ਰਫਤਾਰ ਘਟਣ ਨਾਲ ਲੋਕ ਆਪ ਮੁਹਾਰੇ ਸੈਂਪਲਿੰਗ ਲਈ ਅੱਗੇ ਆ ਰਹੇ ਹਨ।
ਸਿਰਸਾ ’ਚ ਕੋਰੋਨਾ ਨਾਲ 2 ਦੀ ਮੌਤ
ਸਿਰਸਾ, (ਲਲਿਤ)-ਸਿਰਸਾ ’ਚ ਇਕ ਵਾਰ ਫਿਰ ਕੋਰੋਨਾ ਨੇ ਰਫਤਾਰ ਫਡ਼ ਲਈ ਹੈ। ਜ਼ਿਲੇ ’ਚ ਕੋਰੋਨਾ ਨਾਲ 2 ਮੌਤਾਂ ਹੋ ਗਈਆਂ ਅਤੇ 97 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਰਸਾ ਸ਼ਹਿਰ ਦੇ ਚਤਰਗਡ਼੍ਹਪੱਟੀ ਵਾਸੀ 76 ਸਾਲਾ ਵਿਅਕਤੀ ਅਤੇ ਰਾਣੀਆਂ ਚੁੰਗੀ ਵਾਸੀ 40 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਡਿਪਟੀ ਸਿਵਿਲ ਸਰਜਨ ਵਿਰੇਸ਼ ਭੂਸ਼ਨ ਨੇ ਦੱਸਿਆ ਕਿ ਸਿਰਸਾ ਸ਼ਹਿਰ ’ਚ 57, ਡਬਵਾਲੀ ’ਚ 16, ਏਲਨਾਬਾਦ ’ਚ 5, ਰਾਣੀਆਂ ’ਚ 3 ਸਣੇ ਹੋਰ ਨਵੇਂ ਕੋਰੋਨਾ ਮਰੀਜ਼ ਮਿਲੇ ਹਨ।
ਨਾਜਾਇਜ਼ ਸ਼ਰਾਬ ਤੇ ਹੈਰੋਇਨ ਪਾਊਡਰ ਸਮੇਤ 3 ਸਮੱਗਲਰ ਕਾਬੂ
NEXT STORY