ਡੇਰਾਬੱਸੀ (ਵਿਕਰਮਜੀਤ) : ਪਿੰਡ ਗੁਲਾਬਗੜ੍ਹ ਸੜਕ ’ਤੇ ਪਾਰਕ ’ਚ ਉਦੋਂ ਦਹਿਸ਼ਤ ਫੈਲ ਗਈ, ਜਦੋਂ ਆਪਸ ’ਚ ਗੱਲਾਂ ਕਰ ਰਹੇ ਮੁੰਡਿਆਂ ’ਤੇ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ’ਚ 2 ਨਾਬਾਲਗ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਵੇਖਦਿਆਂ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਰਾਤ ਕਰੀਬ 8 ਵਜੇ ਜਦੋਂ ਇਹ ਘਟਨਾ ਵਾਪਰੀ ਤਾਂ ਲੋਕ ਬੱਚਿਆਂ ਨਾਲ ਪਾਰਕ ’ਚ ਸੈਰ ਕਰ ਰਹੇ ਸਨ। ਹਮਲੇ ਕਰਕੇ ਲੋਕਾਂ ’ਚ ਦਹਿਸ਼ਤ ਫੈਲ ਗਈ। ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਹਮਲਾਵਰਾਂ ਦੇ ਹੌਂਸਲੇ ਬੁਲੰਦ ਹਨ। ਭੱਜਦੇ ਹੋਏ ਹਮਲਾਵਰ ਮੌਕੇ ’ਤੇ ਹਥਿਆਰ ਵੀ ਛੱਡ ਗਏ। ਜ਼ਖ਼ਮੀਆਂ ਦੀ ਪਛਾਣ 17 ਸਾਲਾ ਨਵਜੋਤ ਤੇ 16 ਸਾਲਾ ਹਰਸ਼ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵਜੋਤ ਤੇ ਹਰਸ਼ ਪਾਰਕ ’ਚ ਬੈਠੇ ਸਨ। ਇਸ ਦੌਰਾਨ ਕੁੱਝ ਨੌਜਵਾਨ ਹਥਿਆਰਾਂ ਸਮੇਤ ਉਨ੍ਹਾਂ ਕੋਲ ਆਏ ਤੇ ਹਮਲਾ ਕਰ ਦਿੱਤਾ। ਦੋਹਾਂ ਦੇ ਸਿਰ ’ਤੇ ਸੱਟ ਲੱਗੀ ਅਤੇ ਉੱਥੇ ਹੀ ਡਿੱਗ ਪਏ। ਪਾਰਕ ’ਚ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ।
ਹਮਲਾਵਰ ਅਜਿਹੇ ਹਥਿਆਰ ਲੈ ਕੇ ਆਏ ਹੋਏ ਹਨ, ਜੋ ਸਪੈਸ਼ਲ ਤਿਆਰ ਕਰਵਾਏ ਗਏ ਸਨ। ਲੋਹੇ ਦੀ ਪਾਈਪ ’ਤੇ ਸਾਈਕਲ ਦੀ ਗਰਾਰੀ ਵੈਲਡਿੰਗ ਕਰਵਾ ਕੇ ਹਥਿਆਰ ਤਿਆਰ ਕੀਤੇ ਗਏ ਹਨ। ਪਰਿਵਾਰਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਉਹੀ ਨੌਜਵਾਨ ਹਨ, ਜਿਨ੍ਹਾਂ ਨੇ ਪਹਿਲਾਂ ਵੀ ਕਈ ਨੌਜਵਾਨਾਂ ’ਤੇ ਹਮਲਾ ਕਰ ਕੇ ਜ਼ਖ਼ਮੀ ਕੀਤਾ ਹੈ। ਪੁਲਸ ਕੋਲ ਇਨ੍ਹਾਂ ਖ਼ਿਲਾਫ਼ ਕਈ ਸ਼ਿਕਾਇਤਾਂ ਦਰਜ ਹਨ, ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਕਿਹਾ ਕਿ ਸ਼ਰੇਆਮ ਜਨਤਕ ਪਾਰਕ ’ਚ ਹੋਈ ਅਜਿਹੀ ਗੁੰਡਾਗਰਦੀ ਵੇਖ ਕੇ ਜਾਪਦਾ ਹੈ ਕਿ ਪੁਲਸ ਦਾ ਇਨ੍ਹਾਂ ਨੂੰ ਕੋਈ ਡਰ ਨਹੀਂ ਰਿਹਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਾਕਿਸਤਾਨ ਤੋਂ ਭਾਰਤ ਘੁੰਮਣ ਆਈ ਔਰਤ ਨੇ ਅਟਾਰੀ ਸਰਹੱਦ 'ਤੇ ਦਿੱਤਾ ਬੱਚੀ ਨੂੰ ਜਨਮ, ਨਾਮ ਰੱਖਿਆ...
NEXT STORY