ਸ੍ਰੀ ਮੁਕਤਸਰ ਸਾਹਿਬ,(ਪਵਨ)— ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਗਮ 'ਚ ਤਬਦੀਲ ਹੋ ਗਈਆਂ, ਜਦੋਂ ਆਪਣੀ ਭੈਣ ਨੂੰ ਦੀਵਾਲੀ ਦੇਣ ਜਾ ਰਹੇ ਇਕ ਭਰਾ ਅਤੇ ਉਸ ਦੇ ਨਾਲ ਇਕ ਹੋਰ ਔਰਤ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਬਰਕੰਦੀ ਨਿਵਾਸੀ ਗੁਰਵਿੰਦਰ ਸਿੰਘ (44) ਪੁੱਤਰ ਨਿਰਮਲ ਸਿੰਘ ਪਿੰਡ ਕਾਉਣੀ ਨਿਵਾਸੀ ਆਪਣੀ ਰਿਸ਼ਤੇਦਾਰ ਜਸਪਾਲ ਕੌਰ ਪਤਨੀ ਬਸੰਤ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਪਿੰਡ ਰੁਪਾਣਾ ਵਿਖੇ ਆਪਣੀ ਭੈਣ ਨੂੰ ਦੀਵਾਲੀ ਦੇਣ ਜਾ ਰਿਹਾ ਸੀ। ਅਜੇ ਉਹ ਪਿੰਡ ਰੁਪਾਣਾ ਦੇ ਕੋਲ ਹੀ ਪਹੁੰਚੇ ਸਨ ਕਿ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਦੋਵੇਂ ਸੜਕ 'ਤੇ ਡਿੱਗ ਪਏ ਅਤੇ ਟਰੱਕ ਹੇਠਾਂ ਆ ਗਏ।
ਇਸ ਹਾਦਸੇ 'ਚ ਮੋਟਰਸਾਈਕਲ ਚਾਲਕ ਗੁਰਵਿੰਦਰ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਜਸਪਾਲ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ।
ਪਿੰਡ ਦੂਹੇਵਾਲਾ ਪੁਲਸ ਚੌਕੀ ਦੇ ਇੰਚਾਰਜ ਜਗਦੀਸ਼ ਸਿੰਘ ਨੇ ਦੱਸਿਆ ਕਿ ਮਲੋਟ ਨਿਵਾਸੀ ਟਰੱਕ ਚਾਲਕ ਪ੍ਰਗਟ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਦੀ ਫੇਟ ਵੱਜਣ ਨਾਲ ਪੁਲਸ ਮੁਲਾਜ਼ਮ ਦੀ ਮੌਤ, ਚਾਲਕ ਖਿਲਾਫ਼ ਮਾਮਲਾ ਦਰਜ
NEXT STORY