ਚੰਡੀਗੜ੍ਹ : ਸਰਕਾਰੀ ਅਨਾਜ ਏਜੰਸੀ ਦੇ ਗੋਦਾਮ 'ਚ ਚੌਂਕੀਦਾਰੀ ਕਰਦੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ 2 ਸਾਲ ਬਾਅਦ ਵੀ ਇਸ ਮਾਮਲੇ ਦੀ ਐੱਫ. ਆਈ. ਆਰ. ਤੱਕ ਦਰਜ ਨਹੀਂ ਕੀਤੀ ਗਈ ਹੈ, ਜਿਸ ਕਾਰਨ ਮ੍ਰਿਤਕ ਦਾ ਪਰਿਵਾਰ ਦਰ-ਦਰ ਇਨਸਾਫ ਲਈ ਭਟਕ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰਾਜ ਕੁਮਾਰ 'ਤੇ ਮੁੱਲਾਂਪੁਰ 'ਚ ਸਥਿਤ ਪਨਸਪ ਦੇ ਗੋਦਾਮ 'ਚ ਚੋਰੀ ਕਰਨ ਦਾ ਦੋਸ਼ ਲਾਇਆ ਗਿਆ, ਇਸ ਤੋਂ ਬਾਅਦ ਉਸ ਦੀ ਲਾਸ਼ ਭਨੌਰ ਪਿੰਡ 'ਚੋਂ 15 ਜੂਨ, 2014 ਨੂੰ ਬਰਾਮਦ ਕੀਤੀ ਗਈ।
ਰਾਜਕੁਮਾਰ ਦੀ ਮੌਤ ਤੋਂ ਬਾਅਦ ਇਨਸਾਫ ਪਾਉਣ ਲਈ ਉਸ ਦੇ ਪਰਿਵਾਰ ਵਾਲੇ ਪੁਲਸ ਅਤੇ ਮੀਡੀਆ ਤੱਕ ਪੁੱਜੇ ਪਰ ਜਦੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਇਸ ਮਾਮਲੇ ਦੀ ਜਾਂਚ 9 ਸਤੰਬਰ, 2015 ਨੂੰ ਲੁਧਿਆਣਾ ਦੇ ਡੀ. ਆਈ. ਜੀ. ਐੱਸ. ਕੇ. ਮਿੱਤਲ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਐੱਸ. ਪੀ. ਜੇ. ਐੱਸ. ਸਿੱਧੂ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਬਣਾਈ।
ਇਸ ਦੇ ਬਾਵਜੂਦ ਵੀ ਪੀੜਤ ਪਰਿਵਾਰ ਦੀ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ, ਜਦੋਂ ਕਿ ਜੇ. ਐੱਸ. ਸਿੱਧੂ ਦਾ ਕਹਿਣਾ ਹੈ ਕਿ ਜਿੱਥੇ ਰਾਜ ਕੁਮਾਰ ਦਾ ਪੋਸਟ ਮਾਰਟਮ ਕੀਤਾ ਗਿਆ, ਉਨ੍ਹਾਂ ਦੀ ਟੀਮ ਜਾਂਚ ਲਈ ਉੱਥੇ ਵੀ ਪੁੱਜੀ ਹੈ ਅਤੇ ਉਸ ਦੀ ਤਾਜ਼ਾ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਮ੍ਰਿਤਕ ਦੇ ਪਿਤਾ ਚਮਨ ਲਾਲ ਦਾ ਕਹਿਣਾ ਹੈ ਕਿ ਉਸ ਦੇ ਬੇਟੇ 'ਤੇ ਗੋਦਾਮ ਦੇ ਇੰਸਪੈਕਟਰ ਅਤੇ ਸਟਾਫ ਮੈਂਬਰਾਂ ਨੇ ਚੋਰੀ ਦਾ ਦੋਸ਼ ਲਾ ਕੇ ਉਸ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਇਸ ਸਾਲ ਜਨਵਰੀ 'ਚ ਲੁਧਿਆਣਾ 'ਚ ਡੀ. ਐੱਸ. ਪੀ. ਵਜੋਂ ਤਾਇਨਾਤ ਹੋਏ ਅਜੇ ਸਿੰਘ ਨੇ ਮ੍ਰਿਤਕ ਦੇ ਪਿਤਾ ਚਮਨ ਲਾਲ ਦੇ ਬਿਆਨ ਦਰਜ ਕੀਤੇ ਸਨ। ਇਸ ਮਾਮਲੇ ਸੰਬੰਧੀ ਡੀ. ਆਈ. ਜੀ. ਲੁਧਿਆਣਾ ਦਾ ਕਹਿਣਾ ਹੈ ਕਿ ਤਾਜ਼ਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
'ਉੜਤਾ ਪੰਜਾਬ' 'ਤੇ ਬੋਲੀ ਅਦਾਲਤ, 'ਕੀ ਪੰਜਾਬ ਸਿਰਫ ਡਰੱਗਜ਼ ਲਈ ਜਾਣਿਆ ਜਾਂਦੈ'
NEXT STORY