ਮੋਗਾ(ਆਜ਼ਾਦ)-ਫਰੀਦਕੋਟ ਜ਼ਿਲੇ ਦੇ ਪਿੰਡ ਢੁੱਡੀ ਹਾਲ ਆਬਾਦ ਮੋਗਾ ਨਿਵਾਸੀ ਸੁਖਦੀਪ ਸਿੰਘ ਸੰਧੂ ਨੇ ਮੋਗਾ ਨਿਵਾਸੀ ਅਮਰੀਕਾ ਰਹਿੰਦੀ ਔਰਤ 'ਤੇ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਆਪਣੀ ਅਪਾਹਜ ਬੇਟੀ ਨਾਲ ਉਸ ਦਾ ਵਿਆਹ ਕਰਵਾ ਕੇ ਪੱਕੇ ਤੌਰ 'ਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੁਖਦੀਪ ਸਿੰਘ ਸੰਧੂ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਸ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਅਤੇ ਉਹ ਸ੍ਰੀ ਹੇਮਕੁੰਟ ਮੋਟਰ ਲੁਧਿਆਣਾ ਰੋਡ ਮੋਗਾ 'ਤੇ ਬਤੌਰ ਮੈਨੇਜਰ ਤਾਇਨਾਤ ਹੈ। ਉਸ ਨੇ ਦੱਸਿਆ ਕਿ ਸਾਲ 2014 ਵਿਚ ਇਕਬਾਲ ਸਿੰਘ ਨਿਵਾਸੀ ਮੋਗਾ ਹਾਲ ਆਬਾਦ ਕੈਨੇਡਾ ਨੇ ਮੇਰਾ ਵਿਆਹ ਨਿਮਰਤ ਸੂਦ, ਜੋ ਅਮਰੀਕਾ ਦੀ ਸਿਟੀਜ਼ਨ ਹੈ, ਦੇ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਅਤੇ ਉਸ ਨੇ ਸਾਡੀ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਵਾ ਦਿੱਤੀ।
ਸਾਲ 2015 'ਚ ਨਿਮਰਤ ਸੂਦ, ਉਸ ਦੀ ਮਾਤਾ ਪਰਮਜੀਤ ਸੂਦ ਨਿਵਾਸੀ ਅਕਾਲਸਰ ਰੋਡ ਮੋਗਾ ਨੇ ਸਾਨੂੰ ਕਿਹਾ ਕਿ ਅਸੀਂ ਅਮਰੀਕਾ ਵਿਚ ਮਕਾਨ ਖਰੀਦਣਾ ਹੈ। ਇਸ ਲਈ 10 ਲੱਖ ਰੁਪਏ ਚਾਹੀਦੇ ਹਨ, ਜੋ ਮੈਂ ਦੇ ਦਿੱਤੇ। ਉਸ ਨੇ ਦੱਸਿਆ ਕਿ 14 ਫਰਵਰੀ, 2016 ਨੂੰ ਸ਼ਗਨ ਦੀਆਂ ਸਾਰੀਆਂ ਰਸਮਾਂ ਸਾਡੇ ਪਿੰਡ ਢੁੱਡੀ (ਫਰੀਦਕੋਟ) ਵਿਖੇ ਹੋਈਆਂ, ਜਿਸ 'ਤੇ ਸਾਰਾ ਖਰਚਾ ਮੈਂ ਕੀਤਾ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ 7 ਲੱਖ ਰੁਪਏ ਹੋਰ ਦੇ ਦਿੱਤੇ।
ਇਸ ਤਰ੍ਹਾਂ ਸ਼ਗਨ ਆਦਿ ਦੀ ਰਸਮ 'ਤੇ ਕੀਤੇ ਗਏ ਖਰਚੇ ਸਮੇਤ ਮੇਰਾ ਕੁਲ 20 ਲੱਖ ਰੁਪਏ ਦਾ ਖਰਚਾ ਹੋ ਗਿਆ। ਪੈਸਿਆਂ ਦਾ ਲੈਣ-ਦੇਣ ਨਿਮਰਤ ਦਾ ਚਚੇਰਾ ਭਰਾ ਦੋਸ਼ੀ ਉਦੇਸ਼ ਸੂਦ ਨਿਵਾਸੀ ਮੁਹੱਲਾ ਸੋਢੀਆਂ ਵਾਲਾ ਪੁਰਾਣਾ ਮੋਗਾ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ 17 ਫਰਵਰੀ, 2016 ਨੂੰ ਨਿਮਰਤ ਸੂਦ ਵਾਪਸ ਅਮਰੀਕਾ ਚਲੀ ਗਈ, ਜਿਸ ਨੂੰ ਮੈਂ ਅਤੇ ਮੇਰਾ ਪਰਿਵਾਰ ਦਿੱਲੀ ਛੱਡ ਕੇ ਆਏ ਅਤੇ ਮੇਰੀ ਉਸ ਦੇ ਨਾਲ ਮੋਬਾਇਲ 'ਤੇ ਵੀ ਗੱਲਬਾਤ ਹੁੰਦੀ ਰਹੀ। ਨਿਮਰਤ ਸੂਦ ਅਤੇ ਉਸ ਦੀ ਮਾਤਾ ਨੇ ਮੈਨੂੰ ਕਿਹਾ ਕਿ ਉਹ ਉਸ ਨੂੰ ਜਲਦ ਹੀ ਅਮਰੀਕਾ ਬੁਲਾ ਲਵੇਗੀ।
ਅਮਰੀਕਾ ਅੰਬੈਸੀ ਵੱਲੋਂ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ, ਜਿਨ੍ਹਾਂ ਨੇ ਮੇਰੇ ਸਾਰੇ ਦਸਤਾਵੇਜ਼ ਚੈੱਕ ਰਰਨ ਤੋਂ ਇਲਾਵਾ ਫਿੰਗਰ ਪ੍ਰਿੰਟਸ ਵੀ ਲਏ ਅਤੇ ਦੁਬਾਰਾ 23 ਅਗਸਤ, 2016 ਨੂੰ ਅੰਬੈਸੀ ਨੇ ਮੈਨੂੰ ਬੁਲਾਇਆ, ਜਦੋਂ ਮੈਂ ਅੰਬੈਸੀ ਗਿਆ ਤਾਂ ਉਨ੍ਹਾਂ ਮੈਨੂੰ ਕਿਹਾ ਕਿ ਨਿਮਰਤ ਸੂਦ ਨੇ ਤੈਨੂੰ ਅਮਰੀਕਾ ਬੁਲਾਉਣ ਦੀ ਪਟੀਸ਼ਨ ਵਾਪਸ ਲੈ ਲਈ ਹੈ, ਜਦੋਂ ਮੈਂ ਨਿਮਰਤ ਸੂਦ ਅਤੇ ਉਸ ਦੀ ਮਾਤਾ ਪਰਮਜੀਤ ਸੂਦ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਉਹ 30-35 ਹਜ਼ਾਰ ਡਾਲਰ ਹੋਰ ਦੇਵੇਗਾ ਤਾਂ ਅਸੀਂ ਤੈਨੂੰ ਨਿਮਰਤ ਨਾਲ ਵਿਆਹ ਕਰਵਾ ਕੇ ਅਮਰੀਕਾ ਬੁਲਾ ਲਵਾਂਗੇ, ਜਿਸ 'ਤੇ ਮੈਂ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਮੇਰੇ ਨਾਲ ਮੋਬਾਇਲ 'ਤੇ ਗੱਲ ਕਰਨੀ ਵੀ ਬੰਦ ਕਰ ਦਿੱਤੀ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਆਈ. ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਸਮੇਂ ਪਤਾ ਲੱਗਾ ਕਿ ਨਿਮਰਤ ਸੂਦ, ਉਸ ਦੀ ਮਾਂ ਪਰਮਜੀਤ ਸੂਦ ਨਿਵਾਸੀ ਅਕਾਲਸਰ ਰੋਡ ਮੋਗਾ ਅਤੇ ਉਦੇਸ਼ ਸੂਦ ਨਿਵਾਸੀ ਮੁਹੱਲਾ ਸੋਢੀਆਂ ਨੇ ਮਿਲੀਭੁਗਤ ਕਰ ਕੇ ਸੁਖਦੀਪ ਸਿੰਘ ਸੰਧੂ ਨੂੰ ਨਿਮਰਤ ਸੂਦ ਦੇ ਨਾਲ ਵਿਆਹ ਕਰਵਾ ਕੇ ਅਮਰੀਕਾ ਭੇਜਣ ਦੇ ਨਾਂ 'ਤੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਬਾਰੇ ਥਾਣਾ ਸਿਟੀ ਮੋਗਾ ਵੱਲੋਂ ਉਕਤ ਤਿੰਨਾਂ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਗੁਰਬਖਸ਼ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਰਾਸ਼ਟਰੀ ਲੋਕ ਅਦਾਲਤਾਂ ਦੌਰਾਨ ਜ਼ਿਲੇ 'ਚ 550 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਕੀਤਾ ਨਿਪਟਾਰਾ
NEXT STORY