ਨਾਭਾ (ਰਾਹੁਲ ਖੁਰਾਣਾ) : ਪਿੰਡ ਬੌੜਾਂ ਕਲਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗਮ ’ਚ ਤਬਦੀਲ ਹੋ ਗਈਆਂ ਜਦੋਂ ਜਨਮ ਦਿਨ ਮੌਕੇ ਇਕਲੌਤੇ ਪੁੱਤ ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ 'ਚ ਬੀਤੀ ਰਾਤ ਨੌਜਵਾਨ ਕਰਨਪ੍ਰੀਤ ਸਿੰਘ (20) ਆਪਣੇ ਜਨਮਦਿਨ ਮੌਕੇ ਪਰਿਵਾਰ ਨਾਲ ਆਪਣੀ ਭੂਆ ਘਰ ਗਿਆ ਹੋਇਆ ਸੀ ਅਤੇ ਖ਼ੁਸ਼ੀ-ਖ਼ੁਸ਼ੀ ਜਨਮਦਿਨ ਮਨਾਂ ਕੇ ਵਾਪਸ ਪਰਤ ਆਇਆ। ਜਿਸ ਤੋਂ ਬਾਅਦ ਕਰਨਪ੍ਰੀਤ ਆਪਣੇ ਖੇਤ 'ਚ ਮੋਟਰ ਚਲਾਉਣ ਲਈ ਆਇਆ। ਜਿਸ ਤੋਂ ਬਾਅਦ ਜਦੋਂ ਉਹ ਸਵਿਫਟ ਕਾਰ 'ਤੇ ਸਵਾਰ ਹੋ ਕੇ ਘਰ ਵਾਪਸ ਜਾਣ ਲੱਗਾ ਤਾਂ ਅਚਾਨਕ ਉਸ ਦੀ ਕਾਰ ਦਾ ਸੰਤੁਲਣ ਵਿਗੜ ਗਿਆ ਅਤੇ ਕਾਰ ਖੇਤ 'ਚ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਰਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਸਵੇਰੇ 9 ਵਜੇ ਮਿਲੀ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਫ਼ੈਸਲੇ ਤੋਂ ਪਹਿਲਾਂ ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
ਦੱਸ ਦੇਈਏ ਕਿ ਕਰਨਪ੍ਰੀਤ ਪਰਿਵਾਰ ਦਾ ਇਕਲੌਤਾ ਮੁੰਡਾ ਸੀ ਅਤੇ ਪਿਤਾ ਨਾਲ ਖੇਤੀ ਦਾ ਕੰਮ ਵੀ ਕਰਵਾਉਂਦਾ ਸੀ। ਮ੍ਰਿਤਕ ਕਰਨਪ੍ਰੀਤ ਬੀ. ਏ. ਫਾਇਨਲ ਦਾ ਵਿਦਿਆਰਥੀ ਸੀ ਅਤੇ ਉਸ ਦੀ ਭੈਣ ਵਿਦੇਸ਼ ਗਈ ਹੋਈ ਹੈ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਕਰਨਪ੍ਰੀਤ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਘਰ ਆਪਣੇ ਮੁੰਡੇ ਦਾ ਜਨਮਦਿਨ ਮਨਾਇਆ ਅਤੇ ਉਹ ਉੱਥੇ ਰਹਿ ਪਏ ਪਰ ਕਰਨਪ੍ਰੀਤ ਘਰ ਵਾਪਸ ਆ ਗਿਆ ਅਤੇ ਰਾਤ ਵੇਲੇ ਖੇਤ 'ਚ ਮੋਟਰ ਚਲਾ ਕੇ ਘਰ ਜਾਂਦੇ ਸਮੇਂ ਉਸ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- DGP ਯਾਦਵ ਦੇ ਹੁਕਮਾਂ ਮਗਰੋਂ ਐਕਸ਼ਨ 'ਚ ਪੰਜਾਬ ਪੁਲਸ, ਸ਼ਿਕਾਇਤਾਂ ਦਾ ਹੋ ਰਿਹੈ ਫੌਰੀ ਨਿਪਟਾਰਾ
ਮ੍ਰਿਤਕ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਕਰਨਪ੍ਰੀਤ ਬਹੁਤ ਹੋਣਹਾਰ ਸੀ, ਕਦੇ ਵੀ ਉਸ ਨੇ ਕਿਸੇ ਕੰਮ ਨੂੰ ਨਾ ਨਹੀਂ ਕੀਤੀ ਸੀ ਤੇ ਹਮੇਸ਼ਾ ਸਭ ਦਾ ਕੰਮ 'ਚ ਹੱਥ ਵਟਾਉਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਉਨ੍ਹਾਂ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਕਰਨਪ੍ਰੀਤ ਨੂੰ ਲਹੂ-ਲੂਹਾਣ ਹਾਲਤ 'ਚ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦੇ ਲਾਡਲੇ ਪੁੱਤ ਦੀ ਅਜਿਹੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਨਾਭਾ ਦੇ ਐਸ. ਐਚ. ਓ. ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਮਿਲੀ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਮੌਕੇ 'ਤੇ ਆ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਇਸ ਮਾਮਲੇ 'ਚ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਨਹੀਂ , ਜਿਸ ਤੋਂ ਬਾਅਦ ਪੁਲਸ ਨੇ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੰਗੀ ਖ਼ਬਰ : ਪੰਜਾਬ ਸਰਕਾਰ ਨੇ ਮਾਨਸਿਕ ਰੋਗੀਆਂ ਦੇ MR ਹੋਮਜ਼ ਲਈ ਜਾਰੀ ਕੀਤੇ 267 ਲੱਖ ਰੁਪਏ
NEXT STORY