ਸੁਲਤਾਨਪੁਰ ਲੋਧੀ (ਧੀਰ)-ਦਰਿਆ ਬਿਆਸ ਕਾਰਨ ਮੰਡ ਖੇਤਰ ’ਚ ਆਏ ਹੜ੍ਹ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ, ਉੱਥੇ ਹੀ ਘਰ-ਤਬੇਲੇ ਆਦਿ ਵੀ ਪਾਣੀ ਦੀ ਭੇਟ ਚੜ੍ਹ ਗਏ। ਮੰਡ ਨਿਵਾਸੀਆਂ ਦੀ 'ਜ਼ਿੰਦਗੀ' ਪੱਟੜੀ ਤੋਂ ਪੂਰੀ ਤਰ੍ਹਾਂ ਲਹਿ ਚੁੱਕੀ ਹੈ। ਦਰਦ ਭਰੀ ਕਹਾਣੀ ਸੁਣਾਉਂਦੇ ਮੰਡ ਖੇਤਰ ਦੇ ਕਿਸਾਨ ਆਗੂ ਦੇ ਸਮਾਜ ਸੇਵੀ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਮੰਡ ਖੇਤਰ ’ਚ ਆਇਆ ਹੜ੍ਹ 1947 ਦੇ ਉਜਾੜੇ ਵਾਂਗ ਦ੍ਰਿਸ਼ ਪੇਸ਼ ਕਰ ਰਿਹਾ ਹੈ। ਜਦੋਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਇਥੇ ਆਏ ਸਨ, ਜਿਨ੍ਹਾਂ ਆਪਣੀ ਹੱਡਤੋੜਵੀਂ ਮਿਹਨਤ ਨਾਲ ਇਸ ਖੇਤਰ ਨੂੰ ਆਬਾਦ ਕੀਤਾ ਪਰ ਸਰਕਾਰਾਂ ਦੀਆਂ ਨਾਕਾਮੀਆਂ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਆਜ਼ਾਦੀ ਤੋਂ ਬਾਅਦ ਅੱਜ ਫਿਰ ਓਹੀ ਸਥਿਤੀ ਪੈਦਾ ਹੋ ਚੁੱਕੀ ਹੈ। ਹੱਸਦੇ-ਵੱਸਦੇ ਕਈ ਘਰ ਉਜੜ ਗਏ।
ਇਹ ਵੀ ਪੜ੍ਹੋ: Punjab: ਕਹਿਰ ਓ ਰੱਬਾ! 3 ਨੂੰ ਧੀ ਦਾ ਵਿਆਹ, ਹੜ੍ਹ 'ਚ ਹੋ ਗਿਆ ਸਭ ਕੁਝ ਤਬਾਹ

ਉਨ੍ਹਾਂ ਕਿਹਾ ਕਿ ਘਰਾਂ ਦੇ ਘਰ, ਘਰੇਲੂ ਸਾਮਾਨ, ਵ੍ਹੀਕਲ, ਖੇਤੀ ਸੰਦ, ਡੰਗਰ ਆਦਿ ਪਾਣੀ ’ਚ ਰੁੜ੍ਹ ਗਏ। ਫ਼ਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੜ ਪੈਰਾਂ ’ਤੇ ਖੜ੍ਹਾ ਹੋਣ ਲਈ ਕਾਫ਼ੀ ਸਮਾਂ ਲੱਗੇਗਾ। ਪਾਣੀ ਘਟਨ ’ਤੇ ਮੁਸੀਬਤਾਂ ਹੋਰ ਵਧਣਗੀਆਂ। ਕਿਸਾਨ ਆਗੂ ਬਾਊਪੁਰ ਨੇ ਸੂਬੇ ਦੇ ਲੋਕਾਂ ਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਇਸ ਸਮੇਂ ਅਰਦਾਸ ਕਰੋ ਕਿ ਜਿਨ੍ਹਾਂ ਵੀਰਾਂ ਦੇ ਘਰ ਰੁੜ੍ਹ ਗਏ ਹਨ, ਉਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਕਈ ਵੀਰਾਂ ਦਾ ਤਾਂ ਸਾਮਾਨ ਵੀ ਨਹੀਂ ਮਿਲਿਆ ਅਜਿਹੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਕਰ ਸਕੀਏ।

ਪਰਮਜੀਤ ਬਾਊਪੁਰ ਨੇ ਕਿਹਾ ਕਿ ਫ਼ਸਲਾਂ ਦਾ ਨੁਕਸਾਨ ਤਾਂ ਬਹੁਤ ਵੱਡੇ ਪੱਧਰ ’ਤੇ ਹੋਇਆ ਹੈ ਪਰ ਉਨ੍ਹਾਂ ਨੂੰ ਜ਼ਰੂਰਤ ਵਾਲਾ ਸਾਮਾਨ ਤੇ ਘਰ ਬਣਾ ਕੇ ਦਈਏ ਤਾਂ ਕਿ ਉਹ ਦੋਬਾਰਾ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਹੁਣ ਲੰਗਰ ਰਾਸ਼ਨ ਜਾਂ ਰਾਹਤ ਸਮੱਗਰੀ ਨਾ ਭੇਜੀ ਜਾਵੇ ਕਿਉਂਕਿ ਪਹਿਲਾਂ ਹੀ ਇਹ ਬਹੁਤ ਵੱਡੀ ਮਾਤਰਾ ਵਿਚ ਦਾਨੀ ਸੱਜਣਾਂ ਵੱਲੋਂ ਪਹੁੰਚਾਈ ਜਾ ਚੁੱਕੀ ਹੈ। ਇਸ ਲਈ ਉਹ ਅਪੀਲ ਕਰਦੇ ਹਨ ਕਿ ਆਓ ਅਸੀਂ ਸਾਰੇ ਮਿਲ ਕੇ ਅਜਿਹੇ ਪਰਿਵਾਰਾਂ ਦੀ ਬਾਂਹ ਫੜ੍ਹੀਏ ਤਾਂ ਕਿ ਉਸ ਨੂੰ ਇਸ ਦੁੱਖ ਦੀ ਘੜੀ ਵਿਚ ਰਾਹਤ ਮਿਲ ਸਕੇ। ਬੀਤੇ ਦਿਨ ਮੌਸਮ ਵਿਚ ਆਈ ਖ਼ਰਾਬੀ ਕਾਰਨ ਭਾਰੀ ਮੀਂਹ ਨੇ ਵਿਘਨ ਪਾਇਆ ਪਰ ਫਿਰ ਵੀ ਸੰਗਤਾਂ ਜੋਸ਼ ਨਾਲ ਡਟੀਆਂ ਰਹੀਆਂ। ਸੰਗਤਾਂ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਮੁਸੀਬਤ ਦੀ ਇਸ ਘੜੀ ’ਚ ਬਾਂਹ ਫੜ੍ਹਨ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਹਾਈਵੇਅ 'ਤੇ ਭਿਆਨਕ ਹਾਦਸਾ, ਕੁੜੀ ਦੀ ਦਰਦਨਾਕ ਮੌਤ, ਕੁਝ ਸਮੇਂ ਬਾਅਦ ਹੋਣਾ ਸੀ ਵਿਆਹ
ਦਾਨੀ ਸੱਜਣਾਂ ਵੱਲੋਂ ਦੂਰ-ਦੂਰ ਤੋਂ ਰਾਹਤ ਸਮੱਗਰੀ ਲਿਆਉਣਾ ਜਾਰੀ
ਹੜ੍ਹ ਪੀੜਤ ਕਿਸਾਨ ਕਮੇਟੀ ਵੱਲੋਂ ਦਾਨੀ ਸੱਜਣਾਂ ਤੇ ਸੰਸਥਾਵਾਂ ਨੂੰ ਰਾਸ਼ਨ ਸਮੱਗਰੀ ਲੰਗਰ ਜਾਂ ਹੋਰ ਰਾਹਤ ਸਮਗਰੀ ਹੁਣ ਨਾ ਲਿਆਉਣ ਦੇ ਬਾਵਜੂਦ ਦੂਰ-ਦੂਰ ਤੋਂ ਹਰਿਆਣਾ ਸੂਬਾ ਤੋਂ ਵੀ ਰਾਹਤ ਸਮੱਗਰੀ ਲਿਆਉਣ ਦਾ ਕਾਰਜ ਜਾਰੀ ਹੈ। ਹੜ੍ਹ ਪੀੜਤ ਕਮੇਟੀ ਦੇ ਕੁਲਦੀਪ ਸਿੰਘ ਸਾਗਰਾਂ ਦਾ ਕਹਿਣਾ ਹੈ ਕਿ ਹੁਣ ਲੰਗਰ ਰਾਹਤ ਸਮਗਰੀ ਬਹੁਤ ਵੱਡੀ ਗਿਣਤੀ ਵਿਚ ਪਹੁੰਚ ਗਈ ਹੈ ਅਤੇ ਹੁਣ ਜਦੋਂ ਪਾਣੀ ਘੱਟ ਹੋਵੇਗਾ ਤਾਂ ਉਸ ਸਮੇਂ ਲੋਕਾਂ ਨੂੰ ਸਾਮਾਨ ਦੀ ਜ਼ਰੂਰਤ ਹੋਵੇਗੀ ਅਤੇ ਉਹ ਸਾਮਾਨ ਉਸ ਸਮੇਂ ਲੈ ਕੇ ਆਉਣ।

ਗੁਰੂ ਅਮਰਦਾਸ ਐਡਵਾਂਸ ਬੰਨ੍ਹ ਨੂੰ ਬਚਾਉਣ ਲਈ ਸੰਗਤ ਸਮੇਤ ਵਿਧਾਇਕ ਰਾਣਾ ਡਟੇ
ਬੀਤੇ ਦਿਨ ਤੋਂ ਦਰਿਆ ਬਿਆਸ ਨਾਲ ਗੁਰੂ ਅਮਰਦਾਸ ਐਡਵਾਂਸ ਬੰਨ੍ਹ ਨੂੰ ਲੱਗੀ ਜਬਰਦਸਤ ਢਾਅ ਨੂੰ ਬਚਾਉਣ ਲਈ ਅੱਜ ਪਿੰਡ ਵਾਸੀਆਂ ਵੱਲੋਂ ਕੀਤੀ ਅਪੀਲ ਤੇ ਵਿਧਾਇਕ ਰਾਣਾਇੰਦਰ ਪ੍ਰਤਾਪ ਸਿੰਘ ਵੱਲੋਂ 3 ਪੋਕ ਲੇਨ ਮਸ਼ੀਨਾਂ ਮਿੱਟੀ ਦੇ ਬੋਰੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਨਾਲ ਮੌਕੇ ’ਤੇ ਪੁੱਜੇ ਅਤੇ ਢਾਅ ਲੱਗਦੇ ਬੰਨ੍ਹ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਤੁਰੰਤ ਇਕ ਹੋਰ ਆਰਜ਼ੀ ਬੰਨ੍ਹ ਨੂੰ ਪਹਿਲਾਂ ਵਾਲੇ ਬੰਨ੍ਹ ਨਾਲ ਲਗਾਉਣ ਦੀ ਸੇਵਾ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਹ ਬੰਨ੍ਹ ਨੂੰ ਬਚਾਉਣ ਵਿਚ ਕਾਮਯਾਬ ਹੁੰਦੇ ਹਾਂ ਤਾਂ ਕਰੀਬ 4500 ਏਕੜ ਫ਼ਸਲ ਦਾ ਨੁਕਸਾਨ ਹੋਣ ਤੋਂ ਬਚ ਜਾਵੇਗਾ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ 6 ਨਵੰਬਰ ਤੱਕ ਲੱਗ ਗਈਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਜਾਰੀ

ਰਾਵੀ ਦਰਿਆ ਦਾ ਟੁੱਟਾ ਬੰਨ੍ਹਣ ਲਈ 700 ਕਾਰ ਸੇਵਕਾਂ ਸਮੇਤ ਸੰਤ ਬਾਬਾ ਸੁੱਖਾ ਸਿੰਘ ਜੀ ਰਮਦਾਸ ਪਹੁੰਚੇ
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿਚ 700 ਕਾਰ ਸੇਵਕਾਂ ਦਾ ਜਥਾ ਰਾਵੀ ਦੇ ਕੰਢੇ ਰਮਦਾਸ ਨੇੜੇ ਪਿੰਡ ਘੋਨੇਵਾਲਾ ਵਿਖੇ ਪਹੁੰਚਿਆ, ਜਿੱਥੇ 27 ਅਗਸਤ ਨੂੰ ਬੰਨ੍ਹ ਟੁੱਟ ਗਿਆ ਸੀ। ਇੱਥੇ ਬੰਨ੍ਹ ਵਿਚ ਇਕ ਪਾਸੇ 200 ਫੁੱਟ ਅਤੇ ਦੂਜੇ ਪਾਸੇ 400 ਫੁੱਟ ਦਾ ਪਾੜ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਰਮਦਾਸ ਤੋਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਤੱਕ ਦੇ ਪਿੰਡਾਂ ਵਿਚ ਪਾਣੀ ਭਰ ਗਿਆ ਸੀ। ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੀਤੇ ਕੱਲ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਵਿਚਾਰ ਵਟਾਂਦਰਾ ਕਰਕੇ ਸੇਵਾ ਆਰੰਭ ਕਰਨ ਦੀ ਵਿਉਂਤਬੰਦੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ ਕਿ ਸਾਲ 2023 ਵਿਚ ਸੰਗਤਾਂ ਦੇ ਸਹਿਯੋਗ ਨਾਲ 10 ਥਾਵਾਂ ਦਰਿਆਵਾਂ ਦੇ ਬੰਨ੍ਹਾਂ ਦੀ ਸੇਵਾ ਕਰਵਾਈ ਗਈ ਸੀ। ਜਲਦੀ ਹੀ ਰਾਵੀ ਦਾ ਇਹ ਬੰਨ੍ਹ ਵੀ ਮੁੜ ਸੁਰਜੀਤ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਇਸ ਸੇਵਾ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ। ਇਸ ਮੌਕੇ ਸੰਗਤ ਵਿਚ ਕੁਲਦੀਪ ਸਿੰਘ ਧਾਲੀਵਾਲ ਤੇ ਨਵਜੋਤ ਕੌਰ ਸਿੱਧੂ ਵੀ ਪਹੁੰਚੇ। ਸੰਗਤਾਂ ’ਚ ਜਥੇਦਾਰ ਬਾਬਰ ਸਿੰਘ, ਜਥੇ. ਬਲਦੇਵ ਸਿੰਘ, ਜਥੇ. ਸੁਰ ਸਿੰਘ, ਜਥੇ. ਤਰਸੇਮ ਸਿੰਘ, ਜਥੇ. ਸਤਵਿੰਦਰ ਸਿੰਘ ਠੱਠਾ, ਜਥੇ. ਜਗਮੋਹਨ ਸਿੰਘ, ਜਥੇ. ਗੁਰਜੀਤ ਸਿੰਘ ਵਰਿਆਂ, ਲਾਲੀ ਸ਼ੇਰਪੁਰ, ਜਥੇ. ਹਰੀ ਸਿੰਘ ਰੱਤੋਕੇ, ਜਥੇ. ਪ੍ਰਿਤਪਾਲ ਸਿੰਘ ਭਾਈ, ਜਥੇ. ਥੱਲਬੀਰ ਸਿੰਘ, ਜਥੇ. ਹਿੰਮਤ ਸਿੰਘ, ਜਥੇ. ਜਰਨੈਲ ਸਿੰਘ ਰੂੜੀਵਾਲਾ, ਜਥੇ. ਬਿਕਰਮਜੀਤ ਸਿੰਘ ਰੂੜੀਵਾਲਾ, ਜਥੇ. ਹਰਪਾਲ ਸਿੰਘ ਕੋਟਬੁੱਢਾ, ਸਾਬਕਾ ਸਰਪੰਚ ਅਮੋਲਕਜੀਤ ਸਿੰਘ ਸਰਹਾਲੀ ਕਲਾਂ, ਸਾਬਕਾ ਸਰਪੰਚ ਸਾਹਿਬ ਸਿੰਘ ਸਰਹਾਲੀ ਕਲਾਂ, ਗੁਰਜੀਤ ਸਿੰਘ ਸ਼ਾਹ, ਬਖਸ਼ੀਸ਼ ਸਿੰਘ ਸਰਹਾਲੀ ਅਤੇ ਹੋਰ ਕਈ ਗੁਰਸਿੱਖ ਪਤਵੰਤੇ ਹਾਜ਼ਰ ਸਨ। ਸੇਵਾ ਕਰਦੀਆਂ ਸੰਗਤਾਂ ਲਈ ਗੁਰੂ ਕਾ ਲੰਗਰ ਸਰਹਾਲੀ ਸਾਹਿਬ ਤੋਂ ਤਿਆਰ ਕਰਕੇ ਲਿਆਂਦਾ ਗਿਆ।
ਇਹ ਵੀ ਪੜ੍ਹੋ: ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਆਈ ਵੱਡੀ ਅਪਡੇਟ, DC ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਨ ਦੀਆਂ ਕਿਸ਼ਤਾਂ ਤੋਂ ਅੱਕੇ ਨੌਜਵਾਨ ਨੇ ਦੇ ਦਿੱਤੀ ਜਾਨ
NEXT STORY