ਫਿਲੌਰ/ਅੱਪਰਾ (ਭਾਖੜੀ) : ਅੱਜ ਦੁਪਹਿਰ ਲਗਭਗ 2 ਵਜੇ ਕਰੀਬੀ ਪਿੰਡ ਭਾਰਸਿੰਘਪੁਰਾ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਲਗਭਗ 25 ਖੇਤ ਖੜ੍ਹੀ ਹੋਈ ਕਣਕ ਤੇ 50 ਖੇਤਾਂ ਦਾ ਨਾੜ ਸੜ ਕੇ ਰਾਖ ਹੋ ਗਏ। ਦੋਵਾਂ ਪਿੰਡਾਂ ਦੇ ਵਾਸੀਆਂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਗਭਗ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਸਤਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੋਵੇਂ ਵਾਸੀ ਪਿੰਡ ਭਾਰਸਿੰਘਪੁਰਾ ਨੇ ਦੱਸਿਆ ਕਿ ਅੱਜ ਕੰਬਾਈਨ ਦੁਆਰਾ ਕਣਕ ਦੀ ਫਸਲ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਕੰਬਾਈਨ ਦਾ ਡਰਾਈਵਰ ਜਦੋਂ ਕੰਬਾਈਨ ਨੂੰ ਪਿੱਛੇ ਮੋੜ ਰਿਹਾ ਸੀ ਤਾਂ ਕੰਬਾਈਨ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਬਿਜਲੀ ਦੀਆਂ ਤਾਰਾਂ ’ਚ ਨਿਕਲੀ ਚੰਗਿਆੜੀ ਕਾਰਨ ਅੱਗ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਗਈ ਤੇ ਕਈ ਖੇਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
ਇਹ ਵੀ ਪੜ੍ਹੋ : ਦੋਸਤ ਨਾਲ ਨਸ਼ਾ ਕਰਨ ਦੇ ਗਏ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ
ਅੱਗ ਲੱਗਣ ਕਾਰਨ ਕਿਸਾਨ ਸਿੰਘ ਦੇ 8 ਖੇਤ ਤੇ ਕਿਸਾਨ ਸਤਿੰਦਰ ਸਿੰਘ ਦੇ 7 ਖੇਤ ਪੱਕੀ ਹੋਈ ਕਣਕ ਦੀ ਫਸਲ ਦੇ ਸੜ ਕੇ ਸੁਆਹ ਹੋ ਗਏ। ਅੱਜ ਦੁਪਿਹਰ ਤੋਂ ਚੱਲ ਰਹੀ ਹਵਾ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਤੇ ਦੇਖਦੇ ਹੀ ਦੇਖਦੇ ਅੱਗ ਨਾਲ ਦੇ ਪਿੰਡ ਸੁਲਤਾਨਪੁਰ ਜਾ ਪਹੁੰਚੀ। ਇਥੇ ਵੀ ਅੱਗ ਕਾਰਨ ਕਿਸਾਨ ਰਛਪਾਲ ਸਿੰਘ ਦੇ 2 ਖੇਤ, ਕਿਸਾਨ ਸ਼ਿੰਦਰ ਦੇ 2 ਖੇਤ ਕਿਸਾਨ ਜਗਤਾਰ ਸਿੰਘ ਦੇ 3 ਖੇਤ ਤੇ 2 ਹੋਰ ਕਿਸਾਨਾਂ ਦੀ ਕਣਕ ਦੇ ਖੇਤ ਅੱਗ ਦੀ ਭੇਟ ਚੜ੍ਹ ਗਏ।
ਕਿਸਾਨ ਵੀਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਈ ਕਿਸਾਨਾਂ ਦਾ ਲਗਭਗ 50 ਖੇਤਾਂ ਦਾ ਨਾੜ ਵੀ ਸੜ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਦੋਵਾਂ ਪਿੰਡਾਂ ਤੋਂ ਇਲਾਵਾ ਇਲਾਕਾ ਵਾਸੀਆਂ ਨੇ ਇਕੱਤਰ ਹੋ ਕੇ ਟਰੈਕਟਰਾਂ ਦੇ ਨਾਲ ਕਣਕ ਦੀ ਪੱਕੀ ਹੋਈ ਫਸਲ ਨੂੰ ਅੱਗੇ ਤੋਂ ਵਾਹ ਕੇ ਲਗਭਗ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਕੱਤਰ ਲੋਕਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਹੁੰਦਾ ਤਾਂ ਅੱਗ ਨੇੜਲੇ ਪਿੰਡ ਰਾਏਪੁਰ ਅਰਾਈਆਂ ਪਹੁੰਚ ਜਾਣੀ ਸੀ ਤੇ ਹੋਰ ਵੱਡਾ ਮਾਲੀ ਨੁਕਸਾਨ ਹੋਣਾ ਸੀ। ਕਿਸਾਨ ਬਿੰਦਰ ਸਿੰਘ ਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਫਗਵਾੜਾ ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ’ਤੇ ਲਗਭਗ ਕਾਬੂ ਪਾ ਲਿਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਲਸਾੜਾ ਤੇ ਅੱਪਰਾ ਤੋਂ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਬਿਲਡਿੰਗ ਦੀ 21ਵੀਂ ਮੰਜ਼ਿਲ 'ਤੇ ਖੜ੍ਹੀ ਮਾਂ ਦੇ ਹੱਥੋਂ ਤਿਲਕ ਗਿਆ 7 ਮਹੀਨੇ ਦਾ ਮਾਸੂਮ ਬੱਚਾ, ਦਰਦਨਾਕ ਮੌਤ
ਪੀੜਤ ਕਿਸਾਨ ਵੀਰਾਂ ਨੇ ਸਰਕਾਰ ਕੋਲੋਂ ਕੀਤੀ ਮੁਆਵਜ਼ੇ ਦੀ ਮੰਗ-ਇਸ ਮੌਕੇ ਪੀੜਤ ਕਿਸਾਨ ਬਿੰਦਰ ਸਿੰਘ, ਸਤਿੰਦਰ ਸਿੰਘ ਤੇ ਪਿੰਡ ਸੁਲਤਾਨਪੁਰ ਦੇ ਕਿਸਾਨਾਂ ਨੇ ਕਿਹਾ ਕਿ ਵਧੀ ਹੋਈ ਮਹਿੰਗਾਈ ਕਾਰਨ ਉਹ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਤੇ ਆਰਥਿਕ ਬੋਝ ਝੱਲ ਰਹੇ ਹਨ। ਇਸ ਲਈ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਣ ਵਾਲੇ 3 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
NEXT STORY