ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਪੁਲਸ ਨੇ ਜਾਅਲੀ ਸੀਮੈਂਟ ਵੇਚਣ ਦੇ ਗੈਰ-ਕਾਨੂੰਨੀ ਧੰਦੇ ’ਤੇ ਸਖ਼ਤ ਕਾਰਵਾਈ ਕਰਦਿਆਂ 3 ਵਿਅਕਤੀਆਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਵੀ ਪ੍ਰਕਾਸ਼ ਅਸਧੀਰ ਵਾਸੀ ਵੇਰਕਾ ਅੰਮ੍ਰਿਤਸਰ, ਅਮਰਜੀਤ ਸਿੰਘ ਵਾਸੀ ਹਕੀਮਾ ਵਾਲਾ ਗੇਟ ਅਤੇ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਮੋਗਾ ਵਜੋਂ ਹੋਈ ਹੈ। ਥਾਣਾ ਘੱਲਖੁਰਦ ਵਿਖੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਐੱਸ. ਆਈ. ਮੇਜਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਸ਼ਤ ਦੌਰਾਨ ਮੁਖ਼ਬਰ ਤੋਂ ਸੂਹ ਮਿਲੀ ਸੀ ਕਿ ਦੋਸ਼ੀ ਸਸਤੇ ਸੀਮੈਂਟ ਨੂੰ ਅੰਬੁਜਾ, ਅਲਟਰਾ ਟੈੱਕ, ਅਤੇ ਏ. ਸੀ. ਸੀ. ਵਰਗੇ ਨਾਮੀ ਬ੍ਰਾਂਡਾਂ ਦੇ ਜਾਅਲੀ ਗੱਟਿਆਂ ’ਚ ਭਰ ਕੇ ਮਹਿੰਗੇ ਭਾਅ ਵੇਚ ਰਹੇ ਸਨ। ਇਹ ਗੈਰ-ਕਾਨੂੰਨੀ ਗਤੀਵਿਧੀ ਜੋੜੀਆਂ ਨਹਿਰਾਂ ਨੇੜੇ ਕਨਾਲ ਕਾਲੋਨੀ ਦੇ ਇਕ ਖ਼ਾਲੀ ਮਕਾਨ ’ਚ ਚੱਲ ਰਹੀ ਸੀ। ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਦੋਸ਼ੀਆਂ ਨੂੰ ਰੰਗੇ ਹੱਥੀਂ ਫੜ੍ਹ ਲਿਆ। ਛਾਪੇਮਾਰੀ ਦੌਰਾਨ ਪੁਲਸ ਨੇ ਇਕ ਟਰੱਕ ’ਚ ਲੋਡ ਸੀਮੈਂਟ ਦੀਆਂ ਬੋਰੀਆਂ, ਇਕ ਕੈਂਟਰ ਅਤੇ ਅੰਬੁਜਾ, ਏ. ਸੀ. ਸੀ. ਅਤੇ ਅਲਟਰਾ ਟੈੱਕ ਦੇ ਖ਼ਾਲੀ ਜਾਅਲੀ ਗੱਟੇ ਬਰਾਮਦ ਕੀਤੇ। ਪੁਲਸ ਅਨੁਸਾਰ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਸ ਵੱਲੋਂ ਬਦਮਾਸ਼ ਦਾ ਐਨਕਾਊਂਟਰ
NEXT STORY