ਫਗਵਾੜਾ (ਜਲੋਟਾ) - ਫਗਵਾੜਾ ਰੇਲਵੇ ਸਟੇਸ਼ਨ ਬਾਹਰ 3 ਠੱਗਾਂ ਨੇ ਆਪਣੀਆਂ ਗੱਲਾਂ ਤੇ ਝਾਂਸੇ ਵਿਚ ਲੈ ਕੇ 2 ਪ੍ਰਵਾਸੀ ਨੌਜਵਾਨਾਂ ਤੋਂ 17,000 ਰੁਪਏ ਦੀ ਨਕਦੀ ਠੱਗ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਮਾਹਿਲਪੁਰ ਤੋਂ ਆਪਣੇ ਗ੍ਰਹਿ ਰਾਜ ਬਿਹਾਰ ਜਾਣ ਲਈ ਫਗਵਾੜਾ ਰੇਲਵੇ ਸਟੇਸ਼ਨ ਪੁੱਜਾ ਸੀ। ਟ੍ਰੇਨ ਫੜਨ ਤੋਂ ਪਹਿਲਾਂ ਉਨ੍ਹਾਂ ਨੇ ਫਗਵਾੜਾ ਸਟੇਸ਼ਨ ਤੋਂ ਆਪਣੀਆਂ ਯਾਤਰਾ ਟਿਕਟਾਂ ਖਰੀਦ ਲਈਆਂ ਸਨ। ਇਸੇ ਦੌਰਾਨ ਰੇਲਵੇ ਸਟੇਸ਼ਨ ਦੇ ਨੇੜੇ ਉਨ੍ਹਾਂ ਨੂੰ ਤਿੰਨ ਅਣਪਛਾਤੇ ਵਿਅਕਤੀ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਝਾਂਸਾ ਦਿੱਤਾ ਅਤੇ ਸਟੇਸ਼ਨ ਤੋਂ ਬਾਹਰ ਇਕ ਸੁਨਸਾਨ ਸੜਕ ਵੱਲ ਲੈ ਗਏ। ਠੱਗਾਂ ਨੇ ਖੁਦ ਨੂੰ ਕਿਸੇ ਅਧਿਕਾਰੀ ਜਾਂ ਚੈਕਿੰਗ ਟੀਮ ਨਾਲ ਜੁੜਿਆ ਦੱਸ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਸੇ ਦਫ਼ਤਰ ਵਿਚ ਵੱਡੇ ਸਾਹਿਬ ਨਾਲ ਮਿਲਾਉਣ ਦਾ ਬਹਾਨਾ ਬਣਾਇਆ।
ਅੱਗੇ ਲੈ ਜਾ ਕੇ ਠੱਗਾਂ ਨੇ ਚੈਕਿੰਗ ਦੇ ਨਾਂ ’ਤੇ ਪੀੜਤਾਂ ਦੇ ਬੈਗ ਅਤੇ ਜੇਬਾਂ ਦੀ ਤਲਾਸ਼ੀ ਲਈ। ਉਨ੍ਹਾਂ ਨੇ ਨੌਜਵਾਨਾਂ ਨੂੰ ਡਰਾਇਆ ਅਤੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ ਆਪਣੇ ਕੋਲ ਮੌਜੂਦ ਸਾਰੀ ਨਕਦੀ ਕੱਢ ਕੇ ਗਿਣਵਾਉਣ। ਜਦੋਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ 17,000 ਰੁਪਏ ਹਨ (ਸੰਦੀਪ ਦੇ 7,000 ਰੁਪਏ ਅਤੇ ਉਸ ਦੇ ਸਾਥੀ ਦੇ 10,000 ਰੁਪਏ), ਤਾਂ ਠੱਗਾਂ ਨੇ ਪੈਸੇ ਸੁਰੱਖਿਅਤ ਪੈਕੇਟ ਵਿਚ ਪਾਉਣ ਦਾ ਨਾਟਕ ਕੀਤਾ। ਦੋਸ਼ੀਆਂ ਨੇ ਚਾਲਾਕੀ ਨਾਲ ਪੈਸਿਆਂ ਦਾ ਬੰਡਲ ਬਦਲ ਕੇ ਪੈਕੇਟ ਨੂੰ ਉਨ੍ਹਾਂ ਦੇ ਬੈਗ ਵਿਚ ਰੱਖ ਦਿੱਤਾ ਅਤੇ ਕਿਹਾ ਕਿ ਅੱਗੇ ਪੁਲਸ ਚੈਕਿੰਗ ਹੈ, ਉਹ ਉੱਥੇ ਹੀ ਮਿਲਣਗੇ।
ਦੋਸ਼ੀਆਂ ਦੇ ਉੱਥੋਂ ਜਾਣ ਤੋਂ ਬਾਅਦ ਜਦੋਂ ਪੀੜਤਾਂ ਨੇ ਸ਼ੱਕ ਹੋਣ ’ਤੇ ਆਪਣਾ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਨਕਦੀ ਦੀ ਜਗ੍ਹਾ ਰੱਦੀ ਕਾਗਜ਼ ਦੇ ਟੁਕੜੇ ਭਰੇ ਹੋਏ ਮਿਲੇ। ਆਪਣੀ ਮਿਹਨਤ ਦੀ ਗਾੜ੍ਹੀ ਕਮਾਈ ਗਵਾਉਣ ਤੋਂ ਬਾਅਦ ਪੀੜਤਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਸ ਪ੍ਰਸ਼ਾਸਨ ਨੂੰ ਕੀਤੀ।
ਪੀੜਤਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਇਨ੍ਹਾਂ ਅਣਪਛਾਤੇ ਠੱਗਾਂ ਦੀ ਪਛਾਣ ਕੀਤੀ ਜਾਵੇ, ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨਾਲ ਇਨਸਾਫ਼ ਕਰਦਿਆਂ ਲੁੱਟੇ ਗਏ ਪੈਸੇ ਵਾਪਸ ਦਿਵਾਏ ਜਾਣ।
ਸਨਟੈਕ ਸਿਟੀ ਮਾਮਲਾ: ਈਡੀ ਵੱਲੋਂ ਪੰਜਾਬ ਸਰਕਾਰ ਦੇ ਦੋ IAS ਅਧਿਕਾਰੀਆਂ ਨੂੰ ਸੰਮਨ ਜਾਰੀ
NEXT STORY