ਮੋਗਾ, (ਆਜ਼ਾਦ)- ਮੋਗਾ ਨਿਵਾਸੀ ਲੜਕੀ ਨੇ ਕੈਨੇਡਾ ਰਹਿੰਦੇ ਪਤੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਕਥਿਤ ਮਿਲੀਭੁਗਤ ਕਰ ਕੇ ਉਸ ਨੂੰ ਵਿਆਹ ਕਰਵਾਉਣ ਦੇ ਬਾਅਦ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ 33 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 12 ਮਾਰਚ, 2015 ਨੂੰ ਕਮਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਚੂਹੜਚੱਕ (ਮੋਗਾ) ਹਾਲ ਆਬਾਦ ਕੈਲਗਿਰੀ (ਕੈਨੇਡਾ) ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੇ 28 ਲੱਖ ਰੁਪਏ ਨਕਦੀ ਦੀ ਮੰਗ ਕੀਤੀ ਸੀ, ਜਿਸ 'ਤੇ ਮੇਰੇ ਪੇਕੇ ਵਾਲਿਆਂ ਨੇ ਵਿਆਹ ਸਮੇਂ 28 ਲੱਖ ਰੁਪਏ ਨਕਦੀ ਦੇ ਇਲਾਵਾ 5 ਲੱਖ ਰੁਪਏ ਵਿਆਹ 'ਤੇ ਵੀ ਖਰਚ ਕੀਤੇ। ਇਸ ਤਰ੍ਹਾਂ ਕੁੱਲ 33 ਲੱਖ ਰੁਪਏ ਦੇ ਕਰੀਬ ਖਰਚ ਹੋਇਆ। ਵਿਆਹ ਤੋਂ ਪਹਿਲਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੇ ਕਿਹਾ ਕਿ ਸੀ ਕਿ ਉਹ ਉਸ ਨੂੰ ਵਿਆਹ ਕਰਵਾਉਣ ਦੇ ਬਾਅਦ ਕੈਨੇਡਾ ਲੈ ਜਾਣਗੇ।
ਇਸ ਤੋਂ ਬਾਅਦ ਮੈਂ 2 ਮਹੀਨੇ ਦੇ ਕਰੀਬ ਆਪਣੇ ਸਹੁਰੇ ਘਰ 'ਚ ਰਹੀ। ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਸੱਸ ਇੰਦਰਜੀਤ ਕੌਰ, ਜਗਦੀਪ ਕੌਰ, ਸੁਖਦੀਪ ਸਿੰਘ ਕੈਲਗਿਰੀ (ਕੈਨੇਡਾ) ਚਲੇ ਗਏ ਅਤੇ ਜਾਣ ਤੋਂ ਪਹਿਲਾਂ ਮੈਨੂੰ ਕਹਿ ਕੇ ਗਏ ਕਿ ਉਹ ਉਸ ਨੂੰ ਜਲਦ ਕੈਨੇਡਾ ਬੁਲਾ ਲੈਣਗੇ ਪਰ ਉਨ੍ਹਾਂ ਵੱਲੋਂ ਲਾਈ ਗਈ ਅੰਬੈਸੀ 'ਚ ਫਾਈਲ ਰੱਦ ਹੋ ਗਈ, ਜਦ ਮੈਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਦੇ ਰਹੇ ਅਤੇ ਇਸ ਦੇ ਬਾਅਦ ਉਨ੍ਹਾਂ ਸਾਡੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਦੋਸ਼ੀ ਮੇਰੇ ਸਹੁਰੇ ਪਰਿਵਾਰ ਦੇ ਇਲਾਵਾ ਮੇਰੇ ਪਤੀ ਦੇ ਦੋਸਤ ਭੁਪਿੰਦਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਹਾਲ ਅਮਰੀਕਾ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 33 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ।
ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜਤਾ ਦੇ ਪਤੀ ਕਮਲਦੀਪ ਸਿੰਘ, ਉਸ ਦੀ ਸੱਸ ਇੰਦਰਜੀਤ ਕੌਰ, ਜਗਦੀਪ ਕੌਰ ਨਨਾਣ, ਸੁਖਦੀਪ ਸਿੰਘ ਦਿਓਰ ਨਿਵਾਸੀ ਪਿੰਡ ਚੂਹੜਚੱਕ ਹਾਲ ਆਬਾਦ ਕੈਲਗਿਰੀ (ਕੈਨੇਡਾ) ਅਤੇ ਭੁਪਿੰਦਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਹਾਲ ਅਮਰੀਕਾ ਖਿਲਾਫ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਅਧਿਆਪਕਾਂ ਤੇ ਕਰਮਚਾਰੀਆਂ ਦੀ ਤਨਖਾਹ ਨੂੰ ਸਰਕਾਰ ਨੇ ਮਾਰੀ ਕੈਂਚੀ
NEXT STORY