ਜਲੰਧਰ (ਵਰੁਣ) – ਲਾਡੋਵਾਲੀ ਰੋਡ ’ਤੇ ਪ੍ਰੀਤ ਨਗਰ ਦੀ ਸੀਵਰੇਜ ਲਾਈਨ ਠੀਕ ਕਰ ਰਹੇ ਸੀਵਰਮੈਨ ਨੂੰ ਗੱਡੀ ਘੜੀਸਦੀ ਲੈ ਗਈ। ਕਾਰ ਚਾਲਕ ਨੇ ਮੌਕੇ ਤੋਂ ਗੱਡੀ ਭਜਾ ਲਈ ਪਰ ਆਸ-ਪਾਸ ਦੇ ਲੋਕਾਂ ਨੇ ਜਦੋਂ ਸਾਰੀ ਘਟਨਾ ਦੇਖੀ ਤਾਂ ਸੀਵਰਮੈਨ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਵੇਂ ਹੀ ਸਫਾਈ ਯੂਨੀਅਨ ਅਤੇ ਨਗਰ ਨਿਗਮ ਦੀਆਂ ਹਰ ਯੂਨੀਅਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਨੇ ਰੋਡ ਜਾਮ ਕਰ ਦਿੱਤਾ ਅਤੇ ਮਾਮਲਾ ਉਦੋਂ ਹੋਰ ਵਿਗੜ ਗਿਆ, ਜਦੋਂ 2 ਘੰਟਿਆਂ ਤੋਂ ਬਾਅਦ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀ ਪਹੁੰਚੇ। ਨੋਕ-ਝੋਕ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸੀਵਰਮੈਨ ਦੇ ਇਲਾਜ ਦਾ ਸਾਰਾ ਖਰਚਾ ਨਿਗਮ ਕਰੇਗਾ।
ਜਾਣਕਾਰੀ ਅਨੁਸਾਰ ਸੀਵਰਮੈਨ ਨਰਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਪ੍ਰੀਤ ਨਗਰ ਰੋਡ ’ਤੇ ਹੇਠਾਂ ਝੁਕ ਕੇ ਕੰਮ ਕਰ ਰਿਹਾ ਸੀ ਕਿ ਰੋਡ ਤੋਂ ਯੂ-ਟਰਨ ਲੈ ਕੇ ਆਈ ਗੱਡੀ ਦਾ ਚਾਲਕ ਉਸ ਨੂੰ ਦੇਖ ਨਹੀਂ ਸਕਿਆ। ਲਾਪ੍ਰਵਾਹੀ ਇੰਨੀ ਸੀ ਕਿ ਗੱਡੀ ਦੀ ਲਪੇਟ ਵਿਚ ਆਉਣ ਤੋਂ ਬਾਅਦ ਵੀ ਉਸ ਨੂੰ ਪਤਾ ਨਹੀਂ ਲੱਗਾ ਅਤੇ ਉਸ ਨੇ ਗੱਡੀ ਦੀ ਸਪੀਡ ਤੇਜ਼ ਕਰ ਦਿੱਤੀ। ਗੱਡੀ ਸੀਵਰਮੈਨ ਨੂੰ ਕਾਫੀ ਦੂਰ ਤਕ ਘੜੀਸਦੀ ਲੈ ਗਈ।
ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਜਿਵੇਂ ਹੀ ਰਾਹਗੀਰਾਂ ਨੇ ਰੌਲਾ ਪਾਇਆ ਕਿ ਗੱਡੀ ਚਾਲਕ ਨੇ ਗੱਡੀ ਭਜਾ ਲਈ, ਜਿਸ ਤੋਂ ਬਾਅਦ ਲੋਕਾਂ ਨੇ ਗੰਭੀਰ ਜ਼ਖ਼ਮੀ ਹੋਏ ਸੀਵਰਮੈਨ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ। ਮੌਕੇ ’ਤੇ ਪਹੁੰਚੇ ਨਿਗਮ ਯੂਨੀਅਨਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਗੱਡੀ ਚਾਲਕ ਦੀ ਇਸ ਲਾਪ੍ਰਵਾਹੀ ਖ਼ਿਲਾਫ਼ ਰੋਡ ਜਾਮ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸੀਵਰਮੈਨ ਦੀ ਸੇਫਟੀ ਲਈ ਕੁਝ ਨਹੀਂ ਕੀਤਾ ਜਾਂਦਾ, ਸਿਰਫ 8 ਤੋਂ 9 ਹਜ਼ਾਰ ਰੁਪਏ ਦੀ ਸੈਲਰੀ ਲਈ ਉਹ ਆਪਣੀ ਜਾਨ ਜੋਖਮ ਵਿਚ ਪਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਰਿਟਾਇਰਡ ਹੋ ਚੁੱਕੇ ਅਧਿਕਾਰੀਆਂ ਨੂੰ ਲੱਖਾਂ ਰੁਪਏ ਦੀ ਸੈਲਰੀ ਦੇ ਕੇ ਰੱਖਿਆ ਜਾ ਰਿਹਾ ਹੈ ਪਰ ਸਫਾਈ ਕਰਮਚਾਰੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਨ ਡਿਊਟੀ ਸੀਵਰਮੈਨ ਨੂੰ ਪ੍ਰੋਟੈਕਸ਼ਨ ਲਈ ਕੋਈ ਸਾਜ਼ੋ-ਸਾਮਾਨ ਨਹੀਂ ਦਿੱਤਾ ਜਾਂਦਾ ਅਤੇ ਦੂਜੇ ਪਾਸੇ ਲੋਕ ਇੰਨੀ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹਨ ਕਿ ਹਰ ਸਮੇਂ ਸੀਵਰਮੈਨ ਅਤੇ ਸਫਾਈ ਕਰਮਚਾਰੀਆਂ ਦੀ ਜਾਨ ਦਾ ਖਤਰਾ ਰਹਿੰਦਾ ਹੈ।
ਨਿਗਮ ਦੀਆਂ ਯੂਨੀਅਨਾਂ ਹਸਪਤਾਲ ਦੇ ਬਾਹਰ ਇਕੱਠੀਆਂ ਹੋ ਕੇ ਵਿਰੋਧ ਜਤਾ ਰਹੀਆਂ ਸਨ ਕਿ ਘਟਨਾ ਦੇ 2 ਘੰਟਿਆਂ ਬਾਅਦ ਪਹੁੰਚੇ ਨਿਗਮ ਕਮਿਸ਼ਨਰ ਨੂੰ ਦੇਖ ਕੇ ਉਹ ਹੋਰ ਭੜਕ ਗਈਆਂ। ਥਾਣਾ ਨਵੀਂ ਬਾਰਾਦਰੀ ਦੇ ਮੁਖੀ ਰਵਿੰਦਰ ਕੁਮਾਰ ਦੇ ਸਾਹਮਣੇ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜ਼ਖ਼ਮੀ ਹੋਏ ਨਰਿੰਦਰ ਕੁਮਾਰ ਦਾ ਇਲਾਜ ਸਹੀ ਹਸਪਤਾਲ ਅਤੇ ਨਿਗਮ ਦੇ ਖਰਚੇ ’ਤੇ ਨਾ ਹੋਇਆ ਤਾਂ ਉਹ ਵੀਰਵਾਰ ਤੋਂ ਨਿਗਮ ਦਾ ਕੰਮ ਨਹੀਂ ਹੋਣ ਦੇਣਗੇ। ਮੌਕੇ ’ਤੇ ਮੌਜੂਦ ਪੁਲਸ ਤੋਂ ਹਾਲਾਤ ਕਾਬੂ ਨਹੀਂ ਆਏ ਤਾਂ ਡੀ. ਸੀ. ਪੀ. ਨਰੇਸ਼ ਡੋਗਰਾ ਮੌਕੇ ’ਤੇ ਪਹੁੰਚੇ।
ਡੀ. ਸੀ. ਪੀ. ਨਰੇਸ਼ ਡੋਗਰਾ, ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਲਾਜ ਦਾ ਖਰਚਾ ਨਿਗਮ ਚੁੱਕੇਗਾ। ਇਸ ਤੋਂ ਇਲਾਵਾ ਡੀ. ਸੀ. ਪੀ. ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਅਤੇ ਗੱਡੀ ਜ਼ਬਤ ਕਰਨ ਦੀ ਪੁਸ਼ਟੀ ਕੀਤੀ। ਡੀ. ਸੀ. ਪੀ. ਨੇ ਕਿਹਾ ਕਿ ਕਾਰ ਚਾਲਕ ਦੀ ਲਾਪ੍ਰਵਾਹੀ ਸਹਿਣ ਨਹੀਂ ਹੋਵੇਗੀ ਅਤੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ।
ਓਧਰ ਮੇਅਰ ਵਨੀਤ ਧੀਰ ਨੇ ਕਿਹਾ ਕਿ ਨਰਿੰਦਰ ਦੀ ਹਾਲਤ ਖਤਰੇ ਤੋਂ ਬਾਹਰ ਹੈ, ਹਾਲਾਂਕਿ ਉਸ ਦੇ ਲੱਕ ਅਤੇ ਸਿਰ ’ਤੇ ਗੰਭੀਰ ਸੱਟ ਹੈ ਪਰ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਨਰਿੰਦਰ ਦਾ ਪਤਾ ਲੈਣ ਲਈ ਚੰਦਨ ਗਰੇਵਾਲ ਵੀ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਸਖ਼ਤ ਕਾਰਵਾਈ ਨਾ ਹੋਈ ਤਾਂ ਨਿਗਮ ਦਾ ਕੰਮ ਬੰਦ ਕਰਨ ਦਾ ਐਲਾਨ ਕਰਾਂਗੇ : ਯੂਨੀਅਨਾਂ
ਸਫਾਈ ਮਜ਼ਦੂਰ ਫੈੱਡਰੇਸ਼ਨ, ਸੈਨੇਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਡਰਾਈਵਰ ਐਂਡ ਟੈਕਨੀਕਲ ਯੂਨੀਅਨ, ਰਾਸ਼ਟਰੀ ਸਫਾਈ ਕਰਮਚਾਰੀ, ਸੀਵਰਮੈਨ ਇੰਪਲਾਈਜ਼ ਯੂਨੀਅਨ ਤੋਂ ਬੰਟੂ ਸੱਭਰਵਾਲ, ਸ਼ੰਮੀ ਲੂਥਰ, ਰਿੰਪੀ ਕਲਿਆਣ ਸਮੇਤ ਸਾਰੇ ਨੇਤਾਵਾਂ ਨੇ ਕਿਹਾ ਿਕ ਮੁਲਜ਼ਮ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਿਗਮ ਵੱਲੋਂ ਸਾਈਨ ਬੋਰਡ ਸਮੇਤ ਹੋਰ ਸਾਮਾਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਜੇਕਰ ਕਿਤੇ ਵੀ ਲਾਪ੍ਰਵਾਹੀ ਹੋਈ ਤਾਂ ਉਹ ਨਿਗਮ ਦਾ ਕੰਮ ਬੰਦ ਕਰਨ ਦਾ ਐਲਾਨ ਕਰਨਗੇ।
ਮਾਤਾ ਵੈਸ਼ਨੋ ਦੇਵੀ ਹਾਦਸਾ: ਪਿੰਡ ਪਤਾਲਪੁਰੀ ਦੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
NEXT STORY