ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ’ਚ ਫੈਲੇ ਡਾਇਰੀਆ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਵੱਖ-ਵੱਖ ਇਲਾਕਿਆਂ ਵਿਚੋਂ ਲਏ ਗਏ ਪਾਣੀ ਦੇ ਸੈਂਪਲਾਂ ਵਿਚੋਂ 35 ਫੇਲ ਹੋ ਗਏ ਹਨ। ਸਿਵਲ ਸਰਜਨ ਦਫ਼ਤਰ ਦੇ ਐਪੀਡੀਮਾਇਲੋਜਿਸਟ ਡਾ. ਸੈਲੇਸ਼ ਕੁਮਾਰ ਨੇ ਅੱਜ ਸ਼ਾਮੀਂ ਦੱਸਿਆ ਕਿ ਡਾਇਰੀਆ ਦੇ ਮਰੀਜ਼ਾਂ ਦੀ ਕੁੱਲ ਗਿਣਤੀ 878 ਤੱਕ ਪਹੁੰਚ ਗਈ ਹੈ। ਹਸਪਤਾਲ ’ਚ ਇਲਾਜ ਲਈ 426 ਮਰੀਜ਼ ਭਰਤੀ ਹੋਏ ਸਨ, ਜਿਨ੍ਹਾਂ ਵਿਚੋਂ 59 ਦਾਖ਼ਲ ਹਨ ਅਤੇ ਬਾਕੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਟੂਲ ਦੇ 83 ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 29 ਡਾਇਰੀਆ ਪਾਜ਼ੀਟਿਵ ਆਏ ਹਨ। ਸਿਹਤ ਵਿਭਾਗ ਵੱਲੋਂ ਹੁਣ ਤੱਕ ਕਲੋਰੀਨ ਦੀਆਂ 95 ਹਜ਼ਾਰ ਗੋਲੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ 7450 ਓ. ਆਰ. ਐੱਸ. ਦੇ ਪੈਕੇਟ ਵੀ ਵੰਡੇ ਗਏ ਹਨ।
ਨਗਰ ਨਿਗਮ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਾਣੀ ਦੇ ਅਜਿਹੇ 40 ਸ਼ੱਕੀ ਕੁਨੈਕਸ਼ਨ ਕੱਟੇ ਗਏ ਹਨ, ਜਿਥੋਂ ਸੀਵਰੇਜ ਦਾ ਪਾਣੀ ਮਿਕਸ ਹੋਣ ਦੀ ਸੰਭਾਵਨਾ ਸੀ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਪਾਣੀ ਦੀਆਂ ਪੁਰਾਣੀਆਂ ਪਾਈਪ ਲਾਈਨਾਂ ਦੀ ਸਫ਼ਾਈ ਵੀ ਸ਼ੁਰੂ ਕਰਵਾਈ ਗਈ ਹੈ। ਜਿਨ੍ਹਾਂ ਟਿਊਬਵੈੱਲਾਂ ’ਤੇ ਪੁਰਾਣੇ ਕਲੋਰੀਨੇਟਰ ਲੱਗੇ ਸਨ, ਉਨ੍ਹਾਂ ਨੂੰ ਵੀ ਬਦਲਿਆ ਜਾ ਰਿਹਾ ਹੈ।
ਅੰਮ੍ਰਿਤਸਰ 'ਚ ਮਿੰਟਾਂ 'ਚ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਘਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY