ਫਿਰੋਜ਼ਪੁਰ, (ਕੁਮਾਰ)— ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਪਰਮਜੀਤ ਸਿੰਘ, ਸਬ-ਇੰਸਪੈਕਟਰ ਤਰਲੋਚਨ ਸਿੰਘ ਅਤੇ ਏ. ਐੱਸ. ਆਈ. ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ 2 ਸਮੱਗਲਰਾਂ ਨੂੰ ਇਕ ਲੱਖ ਦੀ ਡਰੱਗ ਮਨੀ ਅਤੇ 800 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਆਈ-20 ਕਾਰ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏ. ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ (ਰੂਬੀ) ਨੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 4 ਕਰੋੜ ਰੁਪਏ ਹੈ।
ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸੂਬਾ ਸਿੰਘ ਵਾਸੀ ਖੁੱਡਾ ਜ਼ਿਲਾ ਪਟਿਆਲਾ ਅਤੇ ਸਰਬਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਅੰਬਾਲਾ ਕੈਂਟ (ਹਰਿਆਣਾ) ਫਿਰੋਜ਼ਪੁਰ ਦੇ ਏਰੀਆ ਵਿਚ ਹੈਰੋਇਨ ਦੀ ਡਲਿਵਰੀ ਦੇ ਲਈ ਆਈ-20 ਕਾਰ ਵਿਚ ਘੁੰਮ ਰਹੇ ਹਨ ਅਤੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪਰਮਜੀਤ ਸਿੰਘ, ਤਰਲੋਚਨ ਸਿੰਘ ਅਤੇ ਜਤਿੰਦਰਜੀਤ ਸਿੰਘ ਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਬੀ. ਐੱਸ. ਐਫ. ਨੂੰ ਨਾਲ ਲੈ ਕੇ ਬੀ. ਓ. ਪੀ. ਨਿਊ ਗਜਨੀਵਾਲਾ ਦੇ ਗੇਟ ਨੰਬਰ 214/2 ਦੇ ਏਰੀਆ 'ਚ ਉਕਤ ਹੈਰੋਇਨ ਬਰਾਮਦ ਕੀਤੀ ਗਈ। ਨਰਿੰਦਰਪਾਲ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਵਤਾਰ ਸਿੰਘ ਤਾਰੀ ਇਕ ਨਾਮੀ ਸਮੱਗਲਰ ਹੈ, ਜੋ ਅੱਤਵਾਦੀ ਗਤੀਵਿਧੀਆਂ ਵਿਚ ਵੀ ਭਾਗ ਲੈਂਦਾ ਰਿਹਾ ਹੈ ਅਤੇ ਸਮੱਗਲਿੰਗ ਦੇ ਕੰਮਾਂ ਵਿਚ 10 ਸਾਲ ਦੀ ਸਜ਼ਾ ਵੀ ਕੱਟ ਚੁੱਕਾ ਹੈ। ਸਮੱਗਲਰ ਸਰਬਜੀਤ ਸਿੰਘ ਦਾ ਪਿਤਾ ਗੁਰਨਾਮ ਸਿੰਘ ਵੀ ਨਾਮੀ ਸਮੱਗਲਰ ਹੈ, ਜੋ 3 ਕਿਲੋ ਹੈਰੋਇਨ ਬਰਾਮਦਗੀ ਦੇ ਕੇਸ ਵਿਚ ਲੁਧਿਆਣਾ ਜੇਲ ਵਿਚ ਬੰਦ ਹੈ।
ਡੇਂਗੂ ਦੇ ਮਰੀਜ਼ਾਂ ਦੀ ਭਰਮਾਰ, 8 ਵਿਅਕਤੀਆਂ ਦੀ ਹੋ ਚੁੱਕੀ ਐ ਮੌਤ
NEXT STORY